You’re viewing a text-only version of this website that uses less data. View the main version of the website including all images and videos.
ਹਰਪਾਲ ਚੀਮਾ ਦੇ ਸਮਾਗਮ ਵਿੱਚ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲੇ ਵਿਅਕਤੀ ਦੀ ‘ਖ਼ੁਦਕੁਸ਼ੀ ਦੀ ਕੋਸ਼ਿਸ਼’ ਮਗਰੋਂ ਮੌਤ, ਪੂਰਾ ਮਾਮਲਾ ਜਾਣੋ
ਚੇਤਾਵਨੀ: ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।
ਸੰਗਰੂਰ ਦੇ ਹਲਕਾ ਦਿੜ੍ਹਬਾ ਵਿੱਚ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਸਵਾਲ ਪੁੱਛਣ ਵਾਲੇ ਮਜ਼ਦੂਰ ਵੱਲੋਂ ਕਥਿਤ ਤੌਰ ਉੱਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਮਗਰੋਂ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਹੈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਮਾਮਲੇ ਵਿੱਚ ਪੁਲਿਸ ਨੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਜੀਤ ਸਿੰਘ ਸਮੇਤ ਪੰਜ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਛੇਤੀ ਹੋ ਜਾਵੇਗੀ।
ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਹੱਤਵਪੂਰਨ ਸੂਚਨਾ
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।
ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।
ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)
ਮਾਮਲਾ ਦਿੜ੍ਹਬਾ ਹਲਕੇ ਵਿੱਚ ਪੈਂਦੇ ਪਿੰਡ ਤੂਰ ਬਣਜਾਰਾ ਦਾ ਹੈ। ਇੱਥੋਂ ਦੇ ਰਹਿਣ ਵਾਲੇ ਦਿਹਾੜੀ ਮਜ਼ਦੂਰ ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਚਿੱਟੇ ਦੀ ਵਿਕਰੀ ਬਾਰੇ ਸਵਾਲ ਕੀਤੇ। ਚੀਮਾ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਿੱਚ ਕੁਝ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਪਹੁੰਚੇ ਸਨ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਸੋਮਵਾਰ ਨੂੰ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ ਉੱਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਨ ਬਾਅਦ ਉਸ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਵੈਂਟੀਲੇਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਸੰਗਰੂਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਪਰ ਹਾਲਤ ਨਾਜ਼ੁਕ ਹੋਣ ਕਰਕੇ ਇੱਥੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਰਾਤ ਤਕਰੀਬਨ ਸਾਢੇ ਦਸ ਵਜੇ ਉਸ ਦੀ ਮੌਤ ਹੋ ਗਈ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਗੁਲਜ਼ਾਰ ਸਿੰਘ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਮੌਤ ਸੋਮਵਾਰ ਰਾਤ 10.30 ਵਜੇ ਹੋਈ ਹੈ।
ਮੌਤ ਤੋਂ ਪਹਿਲਾਂ ਮੀਡੀਆ ਸਾਹਮਣੇ ਆਪਣੇ ਬਿਆਨ ਵਿੱਚ ਗੁਲਜ਼ਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੀਮਾ ਨੂੰ ਚਿੱਟੇ ਦੀ ਵਿਕਰੀ ਰੋਕਣ ਬਾਰੇ ਸਵਾਲ ਪੁੱਛਿਆ ਸੀ। ਗੁਲਜ਼ਾਰ ਸਿੰਘ ਨੇ ਕਿਹਾ ਸੀ ਕਿ ਬਾਅਦ ਵਿੱਚ ਪਿੰਡ ਦੇ ਕੁਝ ਲੋਕ ਉਸ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਰਹੇ ਸੀ।
ਪੁਲਿਸ ਨੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਬੀਐਨਐਸ ਦੀ ਧਾਰਾ 108(ਖੁਦਕੁਸ਼ੀ ਲਈ ਉਕਸਾਉਣ) ਅਤੇ ਐਸ.ਸੀ,ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਐਫਆਈਆਰ ਵਿੱਚ ਪਿੰਡ ਦੀ ਸਰਪੰਚ ਬਲਜਿੰਦਰ ਕੌਰ, ਉਸ ਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ, ਵਿੱਕੀ ਸਿੰਘ, ਗੰਨਾ ਸਿੰਘ ਨੂੰ ਨਾਮਜ਼ਦ ਕੀਤਾ ਹੈ।
ਬਿਆਨ ਵਿੱਚ ਲਖਵਿੰਦਰ ਸਿੰਘ ਨੇ ਲਿਖਵਾਇਆ, “ਜਦੋਂ ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਦੇ ਸਮਾਗਮ ਵਿੱਚ ਨਸ਼ਿਆ ਦਾ ਮਾਮਲਾ ਚੁੱਕਿਆ ਤਾਂ ਬਾਅਦ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਘਰ ਆ ਕੇ ਗੁਲਜ਼ਾਰ ਸਿੰਘ ਤੋਂ ਪਿੰਡ ਵਿੱਚ ਨਸ਼ੇ ਦੀ ਵਿਕਰੀ ਬਾਰੇ ਪੁੱਛਗਿੱਛ ਕੀਤੀ। ਇਸ ਨੂੰ ਆਪਣੀ ਹੇਠੀ ਸਮਝਦਿਆਂ ਨਾਮਜ਼ਦ ਮੁਲਜ਼ਮਾਂ ਨੇ ਗੁਲਜ਼ਾਰ ਸਿੰਘ ਨੂੰ ਜਾਤੀਸੂਚਕ ਸ਼ਬਦ ਬੋਲਦਿਆਂ ਜ਼ਲੀਲ ਕੀਤਾ ਅਤੇ ਪੰਚਾਇਤ ਸਾਹਮਣੇ ਮਾਫੀ ਮੰਗਣ ਲਈ ਬੁਲਾਇਆ। ਨਾਮੋਸ਼ੀ ਨਾ ਝੱਲਦਿਆਂ ਗੁਲਜ਼ਾਰ ਸਿੰਘ ਨੇ ਇਹ ਕਦਮ ਚੁੱਕਿਆ।”
ਮ੍ਰਿਤਕ ਗੁਲਜ਼ਾਰ ਸਿੰਘ ਦੇ ਭਰਾ ਬਿੱਕਰ ਸਿੰਘ ਨੇ ਦੱਸਿਆ, “ਗੁਲਜ਼ਾਰ ਸਿੰਘ ਦਾ ਵੱਡਾ ਬੇਟਾ ਨਸ਼ਿਆਂ ਦਾ ਆਦੀ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਹੋਰ ਬਦਤਰ ਹੋ ਗਈ ਸੀ। ਇਸੇ ਤੋਂ ਪਰੇਸ਼ਾਨ ਗੁਲਜ਼ਾਰ ਸਿੰਘ ਨੇ ਸਮਾਗਮ ਦੌਰਾਨ ਸਵਾਲ ਪੁੱਛਿਆ ਸੀ।”
ਬਿੱਕਰ ਸਿੰਘ ਨੇ ਕਿਹਾ ਕਿ ਉਹ ਗੁਲਜ਼ਾਰ ਸਿੰਘ ਦੇ ਮੌਤ ਤੋਂ ਪਹਿਲਾਂ ਦਿੱਤੇ ਬਿਆਨ ਮੁਤਾਬਕ ਕਾਰਵਾਈ ਦੀ ਮੰਗ ਕਰਦੇ ਹਨ ਅਤੇ ਅਪੀਲ ਕਰਦੇ ਹਨ ਕਿ ਪਿੰਡ ਵਿੱਚ ਨਸ਼ੇ ਦੀ ਵਿਕਰੀ 'ਤੇ ਠੱਲ੍ਹ ਪਾਈ ਜਾਵੇ।
ਮੁਲਜ਼ਮ ਬਲਜੀਤ ਸਿੰਘ ਨੇ ਕੀ ਕਿਹਾ
ਜਦੋਂ ਗੁਲਜ਼ਾਰ ਸਿੰਘ ਇਲਾਜ ਅਧੀਨ ਸਨ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਮੁਲਜ਼ਮ ਬਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਗੁਲਜ਼ਾਰ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਜਾਂ ਧਮਕਾਉਣ ਦੇ ਇਲਜ਼ਾਮ ਨਕਾਰੇ ਸਨ।
ਬਲਜੀਤ ਸਿੰਘ ਨੇ ਕਿਹਾ ਸੀ, “ਸਮਾਗਮ ਦੌਰਾਨ ਜਦੋਂ ਗੁਲਜ਼ਾਰ ਸਿੰਘ ਨੇ ਸਵਾਲ ਉਠਾਇਆ ਤਾਂ ਵਿੱਤ ਮੰਤਰੀ ਚੀਮਾ ਨੇ ਗੁਲਜ਼ਾਰ ਸਿੰਘ ਨੂੰ ਕੋਲ ਬੁਲਾ ਕੇ ਨਸ਼ਿਆਂ ਦੀ ਵਿਕਰੀ ਰੋਕਣ ਦੀਆਂ ਕੋਸ਼ਿਸ਼ਾਂ ਬਾਰੇ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਮੰਤਰੀ ਚਲੇ ਗਏ ਅਤੇ ਅਸੀਂ ਵੀ ਆਪਣੇ ਘਰ ਚਲੇ ਗਏ। ਸਾਨੂੰ ਤਾਂ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਨੇ ਇਹ ਕਦਮ ਚੁੱਕਿਆ ਹੈ।”
ਸਿਆਸੀ ਪ੍ਰਤੀਕਿਰਿਆਵਾਂ
ਪਿੰਡ ਤੂਰ ਬਣਜਾਰਾ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਇਹ ਬੜੀ ਦੁਖਦੀ ਗੱਲ ਹੈ। ਇੱਕ ਗਰੀਬ ਇਨਸਾਨ ਨੇ ਆਪਣੀ ਦਿਲ ਦੀ ਗੱਲ ਇੱਕ ਮੰਤਰੀ ਨੂੰ ਕਹੀ ਤੇ ਨਾਲ ਦੀ ਨਾਲ ਮੰਤਰੀ ਦੇ ਚਹੇਤਿਆਂ ਨੇ ਉਸ ਬੰਦੇ ਨੂੰ ਤੰਗ ਕੀਤਾ ਤੇ ਮਜਬੂਰਨ ਖੁਦਕੁਸ਼ੀ ਕਰਨੀ ਪਈ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ?"
ਬਾਦਲ ਨੇ ਮ੍ਰਿਤਕ ਦੇ ਡਾਈਂਗ ਡਿਕਲੇਰੇਸ਼ਨ ਦਾ ਹਵਾਲਾ ਦਿੰਦਿਆਂ ਹਰਪਾਲ ਸਿੰਘ ਚੀਮਾ ਸਮੇਤ ਕਥਿਤ ਤੌਰ 'ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, "ਡਾਈਂਗ ਡਿਕਲੇਰੇਸ਼ਨ ਜਿਹੜੀ ਹੁੰਦੀ ਹੈ, ਉਹ ਸੁਪਰੀਮ ਕੋਰਟ ਦੀ ਗਾਈਡਲਾਈਨਜ਼ ਹੈ।"
ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਇਲਜ਼ਾਮ ਲਾਇਆ ਕਿ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਪੁਲਿਸ ਦੀ ਵਰਤੋਂ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਲਜ਼ਾਰ ਸਿੰਘ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਵੜਿੰਗ ਨੇ ਕਿਹਾ, "ਸਾਡੀ ਮੰਗ ਹੈ ਕਿ ਐੱਫਆਈਆਰ ਦਰਜ ਕਰੋ, ਅਸਤੀਫ਼ਾ ਲਓ।"
ਉਧਰ ਪੰਜਾਬ ਦੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਸ਼ਿਆਂ ਖ਼ਿਲਾਫ਼ ਕੀਤੇ ਦਾਅਵਿਆਂ 'ਤੇ ਸਵਾਲ ਚੁੱਕਿਆ। ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਵਾਅਦੇ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਿੱਥੇ ਗਿਆ।
ਉਨ੍ਹਾਂ ਕਿਹਾ, "ਮੈਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਤੁਸੀਂ ਤਿੰਨ ਮਹੀਨਿਆਂ ਦਾ ਕਿਹਾ ਸੀ ਕਿ ਨਸ਼ਾ ਖ਼ਤਮ ਕਰਾਂਗੇ, ਅੱਜ ਉਹ ਤਿੰਨ ਮਹੀਨੇ ਕਿੱਥੇ ਗਏ? ਹੁਣ ਤਾਂ ਸਾਢੇ ਚਾਰ ਸਾਲ, ਪੌਣੇ ਪੰਜ ਸਾਲ ਹੋ ਗਏ ਨੇ।"
ਆਮ ਆਦਮੀ ਪਾਰਟੀ ਨੇ ਕੀ ਕਿਹਾ
ਆਮ ਆਦਮੀ ਪਾਰਟੀ ਦੇ ਆਗੂ ਅਨੁਰਾਗ ਢਾਂਡਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੂੰ ਲੈ ਕੇ ਸਵਾਲ ਚੁੱਕਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਸੇ ਵਿਅਕਤੀ ਦੀ ਮੌਤ 'ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਸਮੱਸਿਆ ਲੈ ਕੇ ਮੰਤਰੀ ਕੋਲ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਸਰਕਾਰ 'ਤੇ ਭਰੋਸਾ ਹੈ।
ਢਾਂਡਾ ਨੇ ਕਿਹਾ ਕਿ ਪਰਿਵਾਰ ਵੱਲੋਂ ਜਿਨ੍ਹਾਂ ਵਿਅਕਤੀਆਂ ਦੇ ਨਾਂ ਲਏ ਗਏ ਹਨ, ਉਹ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਸ਼ਾ ਤਸਕਰੀ ਨਾਲ ਜੁੜੇ ਕਿਸੇ ਵਿਅਕਤੀ ਬਾਰੇ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਗੂ ਅੰਗਦਦੀਪ ਸਿੰਘ ਸੋਹਲ ਨੇ ਬਿਆਨ ਜਾਰੀ ਕਰਕੇ ਕਿਹਾ ਸੀ, "ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਮੁੱਦੇ ਦੇ ਉੱਪਰ ਗੁਲਜ਼ਾਰ ਸਿੰਘ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਉੱਪਰ ਪੁਲਿਸ ਵੱਲੋਂ ਤੁਰੰਤ ਹੀ ਪਰਚਾ ਦਰਜ ਕਰਕੇ ਜਿਹੜੇ ਲੋੜੀਂਦਾ ਹਨ, ਉਹਨਾਂ ਲਈ ਭਾਲ ਦੇ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।"
"ਪੰਜਾਬ ਦੀ ਮਾਨ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ। ਮਾਨ ਸਰਕਾਰ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਨਸ਼ੇ ਵਾਲਿਆਂ ਨੂੰ ਫੜ ਰਹੀ ਹੈ, ਉੱਥੇ ਹਮੇਸ਼ਾ ਕੋਸ਼ਿਸ਼ ਇਹ ਕਰਦੀ ਹੈ ਕਿ ਕੋਈ ਵੀ ਪੰਜਾਬ ਦੇ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ।"
"ਜਿਹੜੇ ਇਸ ਕੇਸ ਵਿੱਚ ਸ਼ਾਮਿਲ ਹਨ, ਉਹਨਾਂ ਨੂੰ ਜਲਦ ਹੀ ਫੜਿਆ ਜਾਵੇਗਾ ਤੇ ਬਣਦੇ ਕਾਨੂੰਨ ਦੇ ਹਿਸਾਬ ਦੇ ਨਾਲ ਸਜ਼ਾ ਦਿੱਤੀ ਜਾਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ