You’re viewing a text-only version of this website that uses less data. View the main version of the website including all images and videos.
9/11 ਦੇ 25 ਸਾਲ: ਕੌਣ ਸੀ ਇਨ੍ਹਾਂ ਹਮਲਿਆਂ ਦਾ ਮਾਸਟਰਮਾਈਂਡ, ਜੋ ਅਜੇ ਵੀ ਅਮਰੀਕੀ ਜੇਲ੍ਹ ’ਚ ਬੰਦ ਹੈ, ਅਮਰੀਕਾ ਦਾ ਉਸ ਬਾਰੇ ਕੀ ਸ਼ਸ਼ੋਪੰਜ ਹੈ
ਅਮਰੀਕਾ ਵਿੱਚ ਵੀਰਵਾਰ ਨੂੰ (ਸਥਾਨਕ ਸਮੇਂ ਅਨੁਸਾਰ) 9/11 ਹਮਲਿਆਂ ਦੀ 24ਵੀਂ ਬਰਸੀ ਮੌਕੇ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਮੰਗਲਵਾਰ, 11 ਸਤੰਬਰ 2001 ਨੂੰ ਆਤਮਘਾਤੀ ਹਮਲਾਵਰਾਂ ਨੇ ਅਮਰੀਕਾ ਦੇ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਨਿਊਯਾਰਕ ਦੀਆਂ ਦੋ ਗਗਨਚੁੰਬੀ ਇਮਾਰਤਾਂ ਨਾਲ ਟਕਰਾ ਦਿੱਤਾ ਸੀ, ਜਿਸ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਸਨ।
ਇਸ ਘਟਨਾ ਦਾ ਦੁਨੀਆ ਭਰ ਵਿੱਚ ਡੂੰਘਾ ਅਸਰ ਪਿਆ।
ਕਿਹੜੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ?
ਪੂਰਬੀ ਅਮਰੀਕਾ ਦੇ ਉੱਪਰ ਉੱਡ ਰਹੇ ਚਾਰ ਜਹਾਜ਼ਾਂ ਨੂੰ ਇੱਕੋ ਸਮੇਂ ਹਾਈਜੈਕਰਾਂ ਦੇ ਛੋਟੇ-ਛੋਟੇ ਸਮੂਹਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਇਸ ਤੋਂ ਬਾਅਦ ਇਨ੍ਹਾਂ ਨੂੰ ਨਿਊਯਾਰਕ ਅਤੇ ਵਾਸ਼ਿੰਗਟਨ ਦੀਆਂ ਮਸ਼ਹੂਰ ਇਮਾਰਤਾਂ ਨਾਲ ਟਕਰਾਉਣ ਲਈ ਵੱਡੀਆਂ, ਗਾਈਡਿਡ ਮਿਜ਼ਾਈਲਾਂ ਵਾਂਗ ਵਰਤਿਆ ਗਿਆ।
ਦੋ ਜਹਾਜ਼ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰਾਂ ਨਾਲ ਟਕਰਾਏ, ਦੂਜਾ ਹਮਲਾ ਪਹਿਲੇ ਹਮਲੇ ਤੋਂ 17 ਮਿੰਟ ਬਾਅਦ ਹੋਇਆ।
ਇਮਾਰਤਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਉੱਪਰਲੀਆਂ ਮੰਜ਼ਿਲਾਂ 'ਤੇ ਲੋਕ ਫਸ ਗਏ ਅਤੇ ਸ਼ਹਿਰ ਧੂੰਏਂ ਨਾਲ ਭਰ ਗਿਆ। ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ, 110 ਮੰਜ਼ਿਲਾਂ ਵਾਲੇ ਦੋਵੇਂ ਟਾਵਰ ਢਹਿ ਗਏ ਅਤੇ ਧੂੜ ਦੇ ਗੁਬਾਰ ਉੱਠੇ।
ਤੀਜੇ ਜਹਾਜ਼ ਨੇ ਪੈਂਟਾਗਨ ਦੇ ਪੱਛਮੀ ਹਿੱਸੇ ਨੂੰ ਤਬਾਹ ਕਰ ਦਿੱਤਾ - ਇਹ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਬਿਲਕੁਲ ਬਾਹਰ ਅਮਰੀਕੀ ਫੌਜ ਦਾ ਬਹੁਤ ਵੱਡਾ ਅਤੇ ਮੁੱਖ ਦਫ਼ਤਰ ਹੈ।
ਚੌਥਾ ਜਹਾਜ਼, ਯਾਤਰੀਆਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਪੈਨਸਿਲਵੇਨੀਆ ਦੇ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਮੰਨਿਆ ਜਾਂਦਾ ਹੈ ਕਿ ਹਾਈਜੈਕਰ ਵਾਸ਼ਿੰਗਟਨ ਦੀ ਕੈਪੀਟਲ ਬਿਲਡਿੰਗ 'ਤੇ ਹਮਲਾ ਕਰਨਾ ਚਾਹੁੰਦੇ ਸਨ।
9/11 ਹਮਲਿਆਂ ਵਿੱਚ ਕਿੰਨੇ ਲੋਕ ਮਾਰੇ ਗਏ?
ਇਸ ਹਮਲੇ ਵਿੱਚ ਕੁੱਲ ਮਿਲਾ ਕੇ, 2,977 ਲੋਕਾਂ ਦੀ ਜਾਨ ਗਈ (19 ਹਾਈਜੈਕਰਾਂ ਨੂੰ ਛੱਡ ਕੇ), ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਿਊਯਾਰਕ ਵਿੱਚ ਮਾਰੇ ਗਏ:
- ਚਾਰਾਂ ਜਹਾਜ਼ਾਂ ਵਿੱਚ ਸਵਾਰ ਸਾਰੇ 246 ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ
- ਟਵਿਨ ਟਾਵਰਾਂ ਵਿੱਚ 2,606 ਲੋਕਾਂ ਦੀ ਮੌਤ ਹੋਈ - ਜਾਂ ਤਾਂ ਹਮਲੇ ਦੇ ਸਮੇਂ ਜਾਂ ਬਾਅਦ ਵਿੱਚ ਹਮਲੇ ਦੌਰਾਨ ਲੱਗੀਆਂ ਸੱਟਾਂ ਕਾਰਨ
- ਪੈਂਟਾਗਨ ਵਿੱਚ 125 ਲੋਕ ਮਾਰੇ ਗਏ
ਜਿਨ੍ਹਾਂ ਨੇ ਇਨ੍ਹਾਂ ਹਮਲਿਆਂ 'ਚ ਜਾਨ ਗੁਆਈ, ਉਨ੍ਹਾਂ ਵਿੱਚ ਸਭ ਤੋਂ ਘੱਟ ਉਮਰ - ਦੋ ਸਾਲ ਦੀ ਬੱਚੀ ਕ੍ਰਿਸਟੀਨ ਲੀ ਹੈਨਸਨ ਅਤੇ ਸਭ ਤੋਂ ਵੱਧ ਉਮਰ ਦੇ ਵਿਅਕਤੀ 82 ਸਾਲ ਦੇ ਰੌਬਰਟ ਨੌਰਟਨ ਸਨ, ਇਹ ਦੋਵੇਂ ਜਹਾਜ਼ਾਂ ਵਿੱਚ ਯਾਤਰੀ ਸਨ।
ਜਦੋਂ ਪਹਿਲਾ ਜਹਾਜ਼ ਟਕਰਾਇਆ, ਤਾਂ ਅੰਦਾਜ਼ੇ ਮੁਤਾਬਕ ਦੋਵੇਂ ਟਾਵਰਾਂ ਵਿੱਚ 17,400 ਲੋਕ ਮੌਜੂਦ ਸਨ। ਨੌਰਥ ਟਾਵਰ ਵਿੱਚ ਟੱਕਰ ਵਾਲੀ ਥਾਂ ਤੋਂ ਉੱਪਰ ਕੋਈ ਵੀ ਨਹੀਂ ਬਚਿਆ, ਪਰ ਸਾਊਥ ਟਾਵਰ ਵਿੱਚ ਟੱਕਰ ਵਾਲੀ ਥਾਂ ਤੋਂ ਉੱਪਰਲੀਆਂ ਮੰਜ਼ਿਲਾਂ ਤੋਂ 18 ਲੋਕ ਬਚ ਨਿਕਲਣ ਵਿੱਚ ਕਾਮਯਾਬ ਰਹੇ। ਮਰਨ ਵਾਲਿਆਂ ਵਿੱਚ 77 ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਸ਼ਾਮਿਲ ਸਨ। ਨਿਊਯਾਰਕ ਸ਼ਹਿਰ ਨੇ ਆਪਣੇ 441 'ਫਰਸਟ ਰਿਸਪਾਂਡਰ' (ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ) ਗੁਆ ਦਿੱਤੇ।
ਹਜ਼ਾਰਾਂ ਲੋਕ ਜ਼ਖਮੀ ਹੋਏ ਜਾਂ ਬਾਅਦ ਵਿੱਚ ਹਮਲਿਆਂ ਕਾਰਨ ਹੋਈਆਂ ਬਿਮਾਰੀਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚ ਉਹ ਫਾਇਰਫਾਈਟਰ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਜ਼ਹਿਰੀਲੇ ਮਲਬੇ ਵਿਚਕਾਰ ਕੰਮ ਕੀਤਾ ਸੀ।
9/11 ਦੇ ਹਮਲਾਵਰ ਕੌਣ ਸਨ?
ਇਸਲਾਮੀ ਕੱਟੜਪੰਥੀ ਨੈੱਟਵਰਕ, ਅਲ-ਕਾਇਦਾ ਨੇ ਅਫ਼ਗਾਨਿਸਤਾਨ ਤੋਂ ਇਨ੍ਹਾਂ ਹਮਲਿਆਂ ਦੀ ਯੋਜਨਾ ਬਣਾਈ ਸੀ।
ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੇ ਅਲ-ਕਾਇਦਾ ਨੇ ਮੁਸਲਿਮ ਦੁਨੀਆ ਵਿੱਚ ਚੱਲ ਰਹੇ ਸੰਘਰਸ਼ਾਂ ਲਈ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਮੰਨਿਆ ਜਾਂਦਾ ਹੈ ਕਿ ਇਸ ਸਮੂਹ ਦੇ ਹੀ ਖਾਲਿਦ ਸ਼ੇਖ ਮੁਹੰਮਦ ਨੇ ਇਸ ਸਾਜ਼ਿਸ਼ ਨੂੰ ਰਚਿਆ ਸੀ ਅਤੇ ਪਾਇਲਟਾਂ ਦੀ ਭਰਤੀ ਕਰਨ ਵਿੱਚ ਮਦਦ ਕੀਤੀ ਸੀ, ਜਿਨ੍ਹਾਂ ਵਿੱਚੋਂ ਕੁਝ ਨੇ ਅਮਰੀਕਾ ਵਿੱਚ ਟ੍ਰੇਨਿੰਗ ਲਈ ਸੀ।
ਉੱਨੀ ਲੋਕਾਂ ਨੇ ਜਹਾਜ਼ਾਂ ਨੂੰ ਹਾਈਜੈਕ ਕੀਤਾ, ਉਹ ਪੰਜ-ਪੰਜ ਵਿਅਕਤੀਆਂ ਦੀਆਂ ਤਿੰਨ ਟੀਮਾਂ ਅਤੇ ਚਾਰ ਵਿਅਕਤੀਆਂ ਦੀ ਇੱਕ ਟੀਮ (ਪੈਨਸਿਲਵੇਨੀਆ ਵਿੱਚ ਹਾਦਸਾਗ੍ਰਸਤ ਹੋਏ ਜਹਾਜ਼ ਲਈ) ਵਿੱਚ ਵੰਡੇ ਹੋਏ ਸਨ।
ਹਾਈਜੈਕਰਾਂ ਵਿੱਚੋਂ ਪੰਦਰਾਂ ਵਿਅਕਤੀ ਓਸਾਮਾ ਬਿਨ ਲਾਦੇਨ ਵਾਂਗ ਸਾਊਦੀ ਅਰਬ ਦੇ ਸਨ। ਦੋ ਸੰਯੁਕਤ ਅਰਬ ਅਮੀਰਾਤ ਤੋਂ, ਇੱਕ ਮਿਸਰ ਤੋਂ ਅਤੇ ਇੱਕ ਲੇਬਨਾਨ ਤੋਂ ਸੀ।
ਅਮਰੀਕਾ ਨੇ 9/11 ਹਮਲੇ ਤੋਂ ਬਾਅਦ ਕੀ ਕੀਤਾ?
ਹਮਲਿਆਂ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ, ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਅਲ-ਕਾਇਦਾ ਨੂੰ ਖਤਮ ਕਰਨ ਅਤੇ ਬਿਨ ਲਾਦੇਨ ਨੂੰ ਫੜਨ ਲਈ ਅਫ਼ਗਾਨਿਸਤਾਨ 'ਤੇ ਹਮਲੇ ਦੀ ਅਗਵਾਈ ਕੀਤੀ - ਜਿਸ ਵਿੱਚ ਇੱਕ ਅੰਤਰਰਾਸ਼ਟਰੀ ਗਠਜੋੜ ਦਾ ਸਮਰਥਨ ਵੀ ਸ਼ਾਮਿਲ ਸੀ।
ਹਾਲਾਂਕਿ, 2011 ਵਿੱਚ ਹੀ ਅਮਰੀਕੀ ਫੌਜੀਆਂ ਨੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਬਿਨ ਲਾਦੇਨ ਦਾ ਪਤਾ ਲਗਾ ਲਿਆ ਅਤੇ ਉਸਨੂੰ ਮਾਰ ਦਿੱਤਾ।
ਖਾਲਿਦ ਸ਼ੇਖ ਮੁਹੰਮਦ ਨੂੰ ਅੱਠ ਸਾਲ ਪਹਿਲਾਂ, 2003 ਵਿੱਚ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਅਲ-ਕਾਇਦਾ ਅੱਜ ਵੀ ਮੌਜੂਦ ਹੈ। ਇਹ ਉਪ-ਸਹਾਰਾ ਅਫ਼ਰੀਕਾ ਵਿੱਚ ਸਭ ਤੋਂ ਮਜ਼ਬੂਤ ਹੈ, ਪਰ ਅਫ਼ਗਾਨਿਸਤਾਨ ਦੇ ਅੰਦਰ ਅਜੇ ਵੀ ਇਸਦੇ ਮੈਂਬਰ ਮੌਜੂਦ ਹਨ।
ਅਮਰੀਕੀ ਫੌਜ ਲਗਭਗ 20 ਸਾਲ ਬਾਅਦ 2022 ਵਿੱਚ ਅਫ਼ਗਾਨਿਸਤਾਨ ਤੋਂ ਚਲੀ ਗਈ, ਜਿਸ ਨਾਲ ਕਈ ਲੋਕਾਂ ਵਿੱਚ ਇਹ ਡਰ ਪੈਦਾ ਹੋਇਆ ਕਿ ਇਹ ਇਸਲਾਮੀ ਨੈੱਟਵਰਕ ਮੁੜ ਵਾਪਸੀ ਕਰ ਸਕਦਾ ਹੈ।
ਖਾਲਿਦ ਸ਼ੇਖ ਮੁਹੰਮਦ ਕੌਣ ਹੈ ਅਤੇ ਉਸ ਨਾਲ ਕੀ ਹੋਇਆ?
ਕੁਵੈਤ ਵਿੱਚ ਜਨਮੇ ਖਾਲਿਦ ਸ਼ੇਖ ਮੁਹੰਮਦ ਨੇ 1980 ਦੇ ਦਹਾਕੇ ਵਿੱਚ ਅਫ਼ਗਾਨਿਸਤਾਨ ਵਿੱਚ ਲੜਨ ਤੋਂ ਪਹਿਲਾਂ ਅਮਰੀਕਾ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ।
9/11 ਤੋਂ ਪਹਿਲਾਂ ਹੀ ਉਹ ਹੋਰ ਬੰਬ ਧਮਾਕਿਆਂ ਅਤੇ ਨਾਕਾਮ ਕੀਤੇ ਗਏ ਹਮਲਿਆਂ ਵਿੱਚ ਸ਼ਾਮਿਲ ਹੋਣ ਕਾਰਨ ਐਫਬੀਆਈ ਦੀ ਵਾਂਟੇਡ ਸੂਚੀ ਵਿੱਚ ਸੀ।
ਸਾਲ 2003 ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ, ਮੁਹੰਮਦ ਨੇ ਸੀਆਈਏ ਦੀਆਂ ਗੁਪਤ ਜੇਲ੍ਹਾਂ ਵਿੱਚ ਤਿੰਨ ਸਾਲ ਬਿਤਾਏ, ਜਿੱਥੇ ਉਸਨੂੰ ਪੁੱਛਗਿੱਛ ਦੀਆਂ ਬੇਰਹਿਮ ਤਕਨੀਕਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਸਨੂੰ ਕਿਊਬਾ ਵਿੱਚ ਗੁਆਂਤਾਨਾਮੋ ਬੇਅ ਸਥਿਤ ਅਮਰੀਕੀ ਜਲ ਸੈਨਾ ਦੇ ਬੇਸ 'ਤੇ ਭੇਜ ਦਿੱਤਾ ਗਿਆ, ਉਦੋਂ ਤੋਂ ਉਹ ਉੱਥੇ ਹੀ ਹੈ।
ਬੇਸ 'ਤੇ ਹੀ ਇੱਕ ਫੌਜੀ ਅਦਾਲਤ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਸ ਗੱਲ 'ਤੇ ਵਿਚਾਰ ਚੱਲ ਰਿਹਾ ਹੈ ਕਿ 9/11 ਵਿੱਚ ਉਸਦੀ ਭੂਮਿਕਾ ਲਈ ਉਸ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਨਹੀਂ ਅਤੇ ਕਿਵੇਂ ਚਲਾਇਆ ਜਾ ਸਕਦਾ ਹੈ, ਕਿਉਂਕਿ ਇਹ ਵੀ ਚਿੰਤਾ ਹੈ ਕਿ ਅਮਰੀਕੀ ਹਿਰਾਸਤ ਵਿੱਚ ਉਸ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ, ਉਸ ਕਾਰਨ ਉਸਦੇ ਖ਼ਿਲਾਫ਼ ਸਬੂਤ ਕਮਜ਼ੋਰ ਪੈ ਸਕਦੇ ਹਨ।
ਜਨਵਰੀ 2025 ਵਿੱਚ ਉਸ ਕੋਲੋਂ ਅਤੇ ਦੋ ਹੋਰ ਮੁਲਜ਼ਮਾਂ - ਵਾਲਿਦ ਮੁਹੰਮਦ ਸਲੀਹ ਮੁਬਾਰਕ ਬਿਨ ਅਤਾਸ਼ ਅਤੇ ਮੁਸਤਫਾ ਅਹਿਮਦ ਆਦਮ ਅਲ-ਹਵਸਾਵੀ ਤੋਂ ਹਮਲਿਆਂ ਵਿੱਚ ਆਪਣੀ ਭੂਮਿਕਾ ਲਈ ਦੋਸ਼ ਕਬੂਲ ਕਰਨ ਦੀ ਉਮੀਦ ਕੀਤੀ ਗਈ ਸੀ। ਇਸ ਦੇ ਬਦਲੇ, ਉਹ ਮੌਤ ਦੀ ਸਜ਼ਾ ਤੋਂ ਬਚ ਜਾਂਦੇ ਅਤੇ ਬਿਨਾਂ ਪੈਰੋਲ ਉਮਰ ਕੈਦ ਦੀ ਸਜ਼ਾ ਕੱਟਦੇ।
ਪਰ ਸੁਣਵਾਈ ਤੋਂ ਇੱਕ ਦਿਨ ਪਹਿਲਾਂ, ਅਮਰੀਕੀ ਫੈਡਰਲ ਅਪੀਲ ਅਦਾਲਤ ਨੇ ਇਹ ਕਾਰਵਾਈ ਰੋਕ ਦਿੱਤੀ ਅਤੇ ਅਮਰੀਕੀ ਸਰਕਾਰ ਦੀ ਉਸ ਬੇਨਤੀ 'ਤੇ ਵਿਚਾਰ ਕਰਨ ਦਾ ਫੈਸਲਾ ਲਿਆ, ਜਿਸ ਵਿੱਚ ਦੋਸ਼ ਕਬੂਲ ਕਰਨ ਦੇ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਸਰਕਾਰ ਨੇ ਦਾਅਵਾ ਕੀਤਾ ਸੀ ਕਿ (ਜੇ ਇਹ ਸਮਝੌਤਾ ਹੋ ਜਾਂਦਾ ਹੈ ਤਾਂ) ਇਸ ਨਾਲ ਅਜਿਹਾ ਨੁਕਸਾਨ ਹੋਵੇਗਾ, ਜਿਸਦੀ ''ਭਰਪਾਈ ਨਹੀਂ ਕੀਤੀ ਜਾ ਸਕੇਗੀ''।
ਜੁਲਾਈ 2025 ਵਿੱਚ, ਅਦਾਲਤ ਨੇ ਰਸਮੀ ਤੌਰ 'ਤੇ ਦੋਸ਼ ਕਬੂਲ ਕਰਨ ਦੇ ਸਮਝੌਤੇ ਨੂੰ ਰੱਦ ਕਰ ਦਿੱਤਾ।
ਮਾਮਲੇ ਵਿੱਚ ਅੱਗੇ ਕੀ ਹੋਵੇਗਾ, ਇਹ ਸਪਸ਼ਟ ਨਹੀਂ ਹੈ।
9/11 ਤੋਂ ਬਾਅਦ ਕੀ ਹੋਇਆ?
9/11 ਹਮਲਿਆਂ ਤੋਂ ਬਾਅਦ ਦੇ ਸਾਲਾਂ ਵਿੱਚ ਦੁਨੀਆ ਭਰ ਵਿੱਚ ਹਵਾਈ ਯਾਤਰਾ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ।
ਅਮਰੀਕਾ ਵਿੱਚ, ਹਵਾਈ ਅੱਡਿਆਂ ਅਤੇ ਜਹਾਜ਼ਾਂ 'ਤੇ ਸੁਰੱਖਿਆ ਵਧਾਉਣ ਲਈ ਟ੍ਰਾਂਸਪੋਰਟੇਸ਼ਨ ਸਿਕਿਓਰਿਟੀ ਐਡਮਿਨਿਸਟ੍ਰੇਸ਼ਨ (ਟੀਐਸਏ) ਬਣਾਈ ਗਈ ਸੀ।
"ਗ੍ਰਾਊਂਡ ਜ਼ੀਰੋ" - ਉਹ ਥਾਂ ਜਿੱਥੇ ਟਵਿਨ ਟਾਵਰਾਂ ਡਿੱਗੇ - ਨੂੰ ਸਾਫ਼ ਕਰਨ ਵਿੱਚ ਅੱਠ ਮਹੀਨਿਆਂ ਤੋਂ ਵੱਧ ਸਮਾਂ ਲੱਗ ਗਿਆ।
ਹੁਣ ਇਸ ਥਾਂ 'ਤੇ ਇੱਕ ਮੈਮੋਰੀਅਲ ਅਤੇ ਇੱਕ ਅਜਾਇਬਘਰ ਮੌਜੂਦ ਹੈ ਅਤੇ ਇਮਾਰਤਾਂ ਨੂੰ ਵੱਖਰੇ ਡਿਜ਼ਾਈਨ ਨਾਲ ਮੁੜ ਬਣਾਇਆ ਗਿਆ ਹੈ।
1,776 ਫੁੱਟ (541 ਮੀਟਰ) ਦੀ ਉਚਾਈ 'ਤੇ, ਇਸ ਕੰਪਲੈਕਸ ਦਾ ਮੁੱਖ ਕੇਂਦਰ - ਵਨ ਵਰਲਡ ਟ੍ਰੇਡ ਸੈਂਟਰ, ਜਾਂ "ਫ੍ਰੀਡਮ ਟਾਵਰ" - ਮੂਲ ਨੌਰਥ ਟਾਵਰ ਤੋਂ ਵੀ ਉੱਚਾ ਹੈ, ਜੋ 1,368 ਫੁੱਟ (417 ਮੀਟਰ) ਉੱਚਾ ਸੀ।
ਪੈਂਟਾਗਨ ਵਿੱਚ ਮੁੜ ਨਿਰਮਾਣ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਲੱਗਿਆ ਅਤੇ ਅਗਸਤ 2002 ਤੱਕ ਕਰਮਚਾਰੀ ਆਪਣੇ ਦਫ਼ਤਰਾਂ ਵਿੱਚ ਵਾਪਸ ਆ ਗਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ