13 ਸਾਲਾਂ ਤੱਕ ਸਰਜਰੀ ਦੀ ਉਡੀਕ ਕਰਨ ਵਾਲੀ ਤਨਵੀ ਦੀ ਦਿੱਲੀ ਦੇ ਏਮਜ਼ ਵਿੱਚ ਮੌਤ, ਪਰਿਵਾਰ ਨੇ ਕੀ ਇਲਜ਼ਾਮ ਲਾਏ

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਬੀਬੀਸੀ ਲਈ
    • ...ਤੋਂ, ਕੋਟਾ, ਰਾਜਸਥਾਨ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

"ਦਿਨ, ਮਹੀਨੇ, ਸਾਲ ਬੀਤਦੇ ਗਏ ਪਰ ਮੇਰੀ ਬੱਚੀ ਦਾ ਆਪ੍ਰੇਸ਼ਨ ਨਹੀਂ ਹੋ ਸਕਿਆ। 31 ਅਗਸਤ ਦੀ ਦੇਰ ਰਾਤ ਸਾਢੇ ਤਿੰਨ ਵਜੇ ਮੇਰੀ ਧੀ ਨੇ ਮੇਰੇ ਸਾਹਮਣੇ ਦਮ ਤੋੜ ਦਿੱਤਾ।"

15 ਸਾਲ ਦੀ ਤਨਵੀ ਦੀ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਮੌਤ ਹੋ ਗਈ। ਉਸ ਦੇ ਦਿਲ ਵਿੱਚ ਛੇਦ ਸੀ। ਉਸ ਦੇ ਮੰਮੀ-ਪਾਪਾ ਦਾ ਇਲਜ਼ਾਮ ਹੈ ਕਿ ਏਮਜ਼ ਨੇ 13 ਸਾਲਾਂ ਵਿੱਚ ਵੀ ਉਨ੍ਹਾਂ ਦੀ ਧੀ ਦੀ ਸਰਜਰੀ ਨਹੀਂ ਕੀਤੀ, ਉਨ੍ਹਾਂ ਨੂੰ ਤਾਰੀਖ਼ 'ਤੇ ਤਾਰੀਖ਼ ਦਿੱਤੀ ਜਾਂਦੀ ਰਹੀ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਏਮਜ਼ ਵਿੱਚ ਸਾਲ 2012 ਤੋਂ ਧੀ ਦਾ ਇਲਾਜ ਚੱਲ ਰਿਹਾ ਸੀ। ਕਈ ਵਾਰ ਉਨ੍ਹਾਂ ਨੂੰ ਹਸਪਤਾਲ ਵੱਲੋਂ ਸਰਜਰੀ ਕਰਵਾਉਣ ਦਾ ਭਰੋਸਾ ਦਿੱਤਾ ਗਿਆ, ਇੱਕ ਵਾਰ ਪੈਸੇ ਵੀ ਜਮ੍ਹਾਂ ਕਰਵਾਏ ਗਏ ਅਤੇ ਫਿਰ ਸਰਜਰੀ ਟਾਲ ਦਿੱਤੀ ਗਈ।

ਏਮਜ਼, ਦਿੱਲੀ ਨੇ ਦੋ ਸਤੰਬਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਜਾਂਚ ਕਮੇਟੀ ਬਣਾਈ ਗਈ ਹੈ।

ਇਸ ਦੇ ਨਾਲ ਹੀ ਏਮਜ਼ ਨੇ ਕਿਹਾ, "ਮਰੀਜ਼ ਤਨਵੀ ਦੀ ਕਈ ਵਾਰ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਅਤੇ ਇਹ ਸਿੱਟਾ ਕੱਢਿਆ ਗਿਆ ਸੀ ਕਿ ਆਪ੍ਰੇਸ਼ਨ ਸੰਭਵ ਹੀ ਨਹੀਂ ਹੈ। ਇਸ ਲਈ ਮੈਡੀਕਲ ਮੈਨੇਜਮੈਂਟ ਅਤੇ ਨਿਯਮਤ ਫਾਲੋਅਪ ਦੀ ਸਲਾਹ ਦਿੱਤੀ ਗਈ ਸੀ।"

ਤਨਵੀ ਦੇ ਪਿਤਾ ਮੁਕੇਸ਼ ਕੁਮਾਰ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦਾਅਵਾ ਕੀਤਾ, "ਏਮਜ਼ ਵਾਲੇ ਆਪ੍ਰੇਸ਼ਨ ਲਈ ਹਾਂ ਵੀ ਕਰ ਰਹੇ ਸਨ, ਇਸ ਲਈ ਅਸੀਂ ਉਨ੍ਹਾਂ ਦੇ ਭਰੋਸੇ ਰਹੇ।"

ਇਹ ਪੁੱਛੇ ਜਾਣ 'ਤੇ ਕਿ ਕੀ ਏਮਜ਼ ਤੋਂ ਇਲਾਵਾ ਕਿਤੇ ਹੋਰ ਵੀ ਧੀ ਦੇ ਇਲਾਜ ਲਈ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਨੇ ਕਿਹਾ, "ਸਾਲ 2013 ਵਿੱਚ ਅਸੀਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਤਨਵੀ ਦੀਆਂ ਜਾਂਚਾਂ ਕਰਵਾਈਆਂ ਸਨ। ਪਰ ਉਨ੍ਹਾਂ ਨੇ ਤਿੰਨ ਆਪ੍ਰੇਸ਼ਨ ਅਤੇ ਬਹੁਤ ਜ਼ਿਆਦਾ ਖਰਚਾ ਦੱਸਿਆ ਸੀ। ਇਸ ਲਈ ਅਸੀਂ ਏਮਜ਼ ਦੇ ਭਰੋਸੇ ਰਹੇ।"

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਭ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ 2016 ਵਿੱਚ ਆਪ੍ਰੇਸ਼ਨ ਦੀ ਗੁਹਾਰ ਲਗਾਉਂਦਿਆਂ ਪਹਿਲੀ ਸ਼ਿਕਾਇਤ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਸੀ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਵੀ ਈਮੇਲ ਕੀਤੀ, ਪਰ ਹਰ ਥਾਂ ਤੋਂ ਨਿਰਾਸ਼ਾ ਹੀ ਹੱਥ ਲੱਗੀ।

ਮੁਕੇਸ਼ ਨੇ ਕਿਹਾ ਹੈ ਕਿ ਉਹ ਜਲਦ ਹੀ ਏਮਜ਼ ਦੇ ਖ਼ਿਲਾਫ਼ ਕੇਸ ਦਰਜ ਕਰਵਾਉਣਗੇ।

ਤਨਵੀ ਜਦੋਂ ਦੋ ਸਾਲ ਦੀ ਸੀ, ਉਦੋਂ ਤੋਂ ਏਮਜ਼ ਵਿੱਚ ਚੱਲ ਰਿਹਾ ਸੀ ਇਲਾਜ

ਤਨਵੀ ਦਾ ਪਰਿਵਾਰ ਰਾਜਸਥਾਨ ਵਿੱਚ ਕੋਟਾ ਦੇ ਗੁਮਾਨਪੁਰਾ ਇਲਾਕੇ ਦਾ ਰਹਿਣ ਵਾਲਾ ਹੈ। ਪਿਤਾ ਮੁਕੇਸ਼ ਕੁਮਾਰ ਪਰੀਆਣੀ ਅਤੇ ਮਾਂ ਭਾਵਿਕਾ ਪਰੀਆਣੀ ਆਪਣੀ ਬੱਚੀ ਦਾ ਇਲਾਜ ਦਿੱਲੀ ਦੇ ਏਮਜ਼ ਵਿੱਚ ਕਰਵਾ ਰਹੇ ਸਨ।

ਮੁਕੇਸ਼ ਇੱਕ ਕੱਪੜਿਆਂ ਦੀ ਦੁਕਾਨ 'ਤੇ ਸੇਲਜ਼ਮੈਨ ਹਨ, ਜਦਕਿ ਉਨ੍ਹਾਂ ਦੀ ਪਤਨੀ ਭਾਵਿਕਾ ਗ੍ਰਹਿਣੀ ਹੈ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ ਤਨਵੀ ਛੋਟੀ ਸੀ। ਉਨ੍ਹਾਂ ਦਾ ਵੱਡਾ ਪੁੱਤਰ ਜੈਪੁਰ ਦੇ ਇੱਕ ਕਾਲਜ ਤੋਂ ਬੀਟੈੱਕ ਕਰ ਰਿਹਾ ਹੈ।

ਭਾਵਿਕਾ ਆਪਣੀ ਧੀ ਤਨਵੀ ਨੂੰ ਯਾਦ ਕਰਦਿਆਂ ਲਗਾਤਾਰ ਰੋ ਰਹੀ ਹੈ।

ਤਨਵੀ ਦੀ ਮਾਂ ਆਪਣੇ ਘਰ ਦੇ ਜਿਸ ਕਮਰੇ ਵਿੱਚ ਸਾਡੇ ਨਾਲ ਗੱਲ ਕਰ ਰਹੀ ਸੀ, ਉਸ ਦੇ ਬਿਲਕੁਲ ਪਿੱਛੇ ਤਨਵੀ ਦਾ ਸਟਡੀ ਟੇਬਲ ਹੈ। ਇਸ ਦੇ ਸਾਹਮਣੇ ਵਾਲੀ ਕੰਧ 'ਤੇ ਲਿਖਿਆ ਹੋਇਆ ਸੀ, "ਆਈ ਕੈਨ ਐਂਡ ਆਈ ਵਿਲ" (ਮੈਂ ਕਰ ਸਕਦੀ ਹਾਂ ਅਤੇ ਮੈਂ ਕਰਕੇ ਰਹਾਂਗੀ)।

ਮੁਕੇਸ਼ ਦੱਸਦੇ ਹਨ ਕਿ ਜਦੋਂ ਤਨਵੀ ਕਰੀਬ ਦੋ ਸਾਲ ਦੀ ਸੀ ਤਾਂ ਉਸ ਦੀ ਤਬੀਅਤ ਖ਼ਰਾਬ ਹੋਈ। ਇਸੇ ਦੌਰਾਨ 15 ਅਗਸਤ, 2012 ਨੂੰ ਕੋਟਾ ਵਿੱਚ ਹੋਈ ਇੱਕ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੀ ਦੇ ਦਿਲ ਵਿੱਚ ਛੇਦ ਹੈ।

ਉਹ ਕਹਿੰਦੇ ਹਨ ਕਿ ਧੀ ਦੇ ਬਿਹਤਰ ਇਲਾਜ ਲਈ ਸਥਾਨਕ ਡਾਕਟਰ ਨੇ ਏਮਜ਼ ਜਾਣ ਦੀ ਸਲਾਹ ਦਿੱਤੀ ਸੀ।

ਉਨ੍ਹਾਂ ਨੇ ਕਿਹਾ, "ਮੈਂ ਪਹਿਲੀ ਵਾਰ ਸਾਲ 2012 ਵਿੱਚ ਧੀ ਨੂੰ ਦਿੱਲੀ ਏਮਜ਼ ਲੈ ਕੇ ਗਿਆ। ਫਿਰ ਇਲਾਜ ਚੱਲਦਾ ਰਿਹਾ। 2013 ਵਿੱਚ ਜਾਂਚਾਂ ਹੋਈਆਂ ਅਤੇ ਫਿਰ ਸਾਲ 2014 ਵਿੱਚ ਆਪ੍ਰੇਸ਼ਨ ਦੀ ਗੱਲ ਕਹੀ ਗਈ ਅਤੇ ਇਸ ਲਈ ਅਸੀਂ ਪੈਸੇ ਵੀ ਜਮ੍ਹਾਂ ਕਰਵਾਏ, ਬਾਕੀ ਜਾਂਚ ਦੀ ਪ੍ਰਕਿਰਿਆ ਵੀ ਹੋਈ। ਪਰ ਫਿਰ ਇਸ ਨੂੰ ਟਾਲ ਦਿੱਤਾ ਗਿਆ।"

ਮੁਕੇਸ਼ ਨੇ ਏਮਜ਼ ਵਿੱਚ ਸਵਾ ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਰਸੀਦ ਵੀ ਦਿਖਾਈ।

ਮੁਕੇਸ਼ ਦਾਅਵਾ ਕਰਦੇ ਹਨ, "ਫਿਰ ਸਾਲ 2015 ਵਿੱਚ ਦੋ ਸਤੰਬਰ ਨੂੰ ਆਪ੍ਰੇਸ਼ਨ ਕਰਨ ਲਈ ਤਾਰੀਖ ਦਿੱਤੀ ਗਈ। ਮੈਂ ਧੀ ਨੂੰ ਆਪ੍ਰੇਸ਼ਨ ਲਈ ਲੈ ਕੇ ਗਿਆ ਤਾਂ ਉਨ੍ਹਾਂ ਨੇ ਆਪ੍ਰੇਸ਼ਨ ਟਾਲ ਦਿੱਤਾ। ਫਿਰ 16 ਦਸੰਬਰ ਨੂੰ ਤਨਵੀ ਨੂੰ ਦਾਖ਼ਲ ਕੀਤਾ ਅਤੇ ਫਿਰ ਆਪ੍ਰੇਸ਼ਨ ਟਾਲ ਦਿੱਤਾ।"

ਉਹ ਏਮਜ਼ ਦਿੱਲੀ ਵਿੱਚ ਸਾਲ 2012 ਤੋਂ ਲੈ ਕੇ ਹੁਣ ਤੱਕ ਦੇ ਇਲਾਜ ਦੇ ਕਾਗਜ਼, ਆਪ੍ਰੇਸ਼ਨ ਦੇ ਨਾਂ 'ਤੇ ਸਾਲ 2013 ਵਿੱਚ ਜਮ੍ਹਾਂ ਕਰਵਾਏ ਸਵਾ ਲੱਖ ਰੁਪਏ ਦੀ ਰਸੀਦ ਸਮੇਤ ਕਈ ਦਸਤਾਵੇਜ਼ ਦਿਖਾਉਂਦਿਆਂ ਕਹਿੰਦੇ ਹਨ ਕਿ "ਖੂਬ ਸ਼ਿਕਾਇਤਾਂ ਵੀ ਕੀਤੀਆਂ ਪਰ ਕਿਤੇ ਸੁਣਵਾਈ ਨਹੀਂ ਹੋਈ।"

ਉਨ੍ਹਾਂ ਨੇ ਕੋਟਾ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਵੀ ਮੁਲਾਕਾਤ ਕਰ ਕੇ ਬੇਨਤੀ ਕੀਤੀ ਸੀ ਅਤੇ ਧੀ ਦੇ ਦਿਲ ਦਾ ਆਪ੍ਰੇਸ਼ਨ ਏਮਜ਼ ਦਿੱਲੀ ਵਿੱਚ ਜਲਦ ਤੋਂ ਜਲਦ ਕਰਵਾਉਣ ਦੀ ਗੁਹਾਰ ਲਾਈ ਸੀ।

ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਓਮ ਬਿਰਲਾ ਦੇ ਪੀਏ ਨੇ ਏਮਜ਼ ਵਿੱਚ ਫੋਨ ਕਰ ਕੇ ਆਪ੍ਰੇਸ਼ਨ ਲਈ ਕਿਹਾ ਵੀ ਸੀ। ਪਰ ਫਿਰ ਵੀ ਆਪ੍ਰੇਸ਼ਨ ਨਹੀਂ ਹੋਇਆ।

ਅਸੀਂ ਇਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਈਮੇਲ ਰਾਹੀਂ ਏਮਜ਼ ਦੇ ਡਾਕਟਰ ਸਚਿਨ ਤਲਵਾਰ ਤੋਂ ਉਨ੍ਹਾਂ ਦਾ ਪੱਖ ਪੁੱਛਿਆ, ਜਿਸ ਦਾ ਕੋਈ ਜਵਾਬ ਨਹੀਂ ਮਿਲਿਆ ਹੈ।

ਮੁਕੇਸ਼ ਕਹਿੰਦੇ ਹਨ ਕਿ ਇਸ ਤੋਂ ਬਾਅਦ ਵੀ ਲਗਾਤਾਰ ਇਸ ਸਾਲ (2026) ਤੱਕ ਉਨ੍ਹਾਂ ਨੂੰ ਤਾਰੀਖਾਂ ਦਿੱਤੀਆਂ ਗਈਆਂ, ਪਰ ਧੀ ਦਾ ਆਪ੍ਰੇਸ਼ਨ ਨਹੀਂ ਕੀਤਾ ਗਿਆ।

ਤਨਵੀ ਦੀ ਮਾਂ ਕਹਿੰਦੀ ਹੈ ਕਿ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਧੀ ਦੀ ਹਾਲਤ ਠੀਕ ਸੀ, ਪਰ ਫਿਰ ਅਚਾਨਕ ਇਹ (ਤਨਵੀ ਦੀ ਮੌਤ) ਹੋ ਗਿਆ।

ਹਾਲਾਂਕਿ ਏਮਜ਼ ਨੇ ਜਾਰੀ ਬਿਆਨ ਵਿੱਚ ਤਨਵੀ ਦੀ ਮੌਤ ਦਾ ਕਾਰਨ ਹਾਈਪੌਕਸਿਕ ਸਪੈਲ ਤੋਂ ਬਾਅਦ ਕਾਰਡੀਅਕ ਅਰੇਸਟ ਹੋਣਾ ਦੱਸਿਆ ਹੈ। ਭਾਵ ਸਰੀਰ ਵਿੱਚ ਆਕਸੀਜਨ ਦੀ ਗੰਭੀਰ ਕਮੀ ਤੋਂ ਬਾਅਦ ਦਿਲ ਦੀ ਧੜਕਣ ਰੁਕ ਗਈ।

ਉਹ ਕਹਿੰਦੀ ਹੈ, "ਮੈਂ ਇੱਕ ਉਮੀਦ ਨਾਲ ਗਈ ਸੀ ਕਿ ਉੱਥੇ ਚੰਗੇ ਡਾਕਟਰ ਹਨ, ਪਰ ਦੇਖੋ ਸਾਡੇ ਨਾਲ ਕੀ ਹੋਇਆ। ਸਾਨੂੰ ਨਿਰਾਸ਼ਾ ਹੀ ਮਿਲੀ।"

ਮੁਕੇਸ਼ ਕਹਿੰਦੇ ਹਨ ਕਿ ਧੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ 112 ਨੰਬਰ 'ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।

ਉਹ ਕਹਿੰਦੇ ਹਨ, "ਉਸ ਦੌਰਾਨ ਮੈਂ ਅਤੇ ਮੇਰੀ ਪਤਨੀ ਹੀ ਹਸਪਤਾਲ ਵਿੱਚ ਸੀ। ਅਸੀਂ ਘਬਰਾ ਗਏ ਸੀ ਅਤੇ ਆਪਣੀ ਧੀ ਦੀ ਲਾਸ਼ ਲੈਣੀ ਸੀ, ਇਸ ਲਈ ਪੋਸਟਮਾਰਟਮ ਕਰਵਾ ਕੇ ਲਾਸ਼ ਲੈ ਆਏ। ਮੈਨੂੰ ਏਮਜ਼ ਦਿੱਲੀ 'ਤੇ ਕੋਈ ਭਰੋਸਾ ਨਹੀਂ ਹੈ।"

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਐੱਫਆਈਆਰ ਕਰਵਾਉਣ ਦਾ ਸਮਾਂ ਨਹੀਂ ਮਿਲਿਆ, ਪਰ ਹੁਣ ਉਹ ਐੱਫਆਈਆਰ ਕਰਵਾਉਣਗੇ।

ਮੁਕੇਸ਼ ਅਤੇ ਉਨ੍ਹਾਂ ਦੀ ਪਤਨੀ ਕਹਿੰਦੇ ਹਨ, "ਸਾਡੀ ਧੀ ਤਾਂ ਹੁਣ ਵਾਪਸ ਨਹੀਂ ਆ ਸਕਦੀ। ਪਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਡੀ ਧੀ ਦੀ ਮੌਤ ਨਹੀਂ, ਬਲਕਿ ਕਤਲ ਹੋਇਆ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣਾ ਹੀ ਸਾਨੂੰ ਇਨਸਾਫ਼ ਮਿਲਣਾ ਹੋਵੇਗਾ।"

ਏਮਜ਼ ਵੱਲੋਂ ਜਾਂਚ ਲਈ ਕਮੇਟੀ ਦੇ ਗਠਨ ਦੇ ਐਲਾਨ ਨੂੰ ਲੈ ਕੇ ਮੁਕੇਸ਼ ਦਾ ਕਹਿਣਾ ਹੈ ਕਿ ਕਮੇਟੀ ਬਣਾਉਣ ਨਾਲ ਕੁਝ ਨਹੀਂ ਹੁੰਦਾ, ਇਹ ਸਿਰਫ਼ ਲੀਪਾਪੋਤੀ ਦਾ ਜ਼ਰੀਆ ਹੈ।

ਉਹ ਕਹਿੰਦੇ ਹਨ ਕਿ ਜੇ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇਗੀ ਤਾਂ ਬਹੁਤ ਕੁਝ ਸਾਹਮਣੇ ਆਵੇਗਾ।

ਦਿੱਲੀ ਏਮਜ਼ ਨੇ ਕੀ ਕਿਹਾ ਹੈ?

ਏਮਜ਼ ਵੱਲੋਂ ਜਾਰੀ ਬਿਆਨ ਮੁਤਾਬਕ, "ਤਨਵੀ ਨੂੰ 24 ਅਗਸਤ ਨੂੰ ਤਬੀਅਤ ਵਿਗੜਨ 'ਤੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਵਾਰ ਹਾਰਟ-ਲੰਗ ਟਰਾਂਸਪਲਾਂਟ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਰਿਹਾ ਸੀ।"

"31 ਅਗਸਤ ਅਤੇ ਇੱਕ ਸਤੰਬਰ ਦੀ ਅੱਧੀ ਰਾਤ ਕਰੀਬ ਤਿੰਨ ਵਜੇ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਇੱਕ ਸਤੰਬਰ ਦੀ ਸਵੇਰ ਪੰਜ ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"

ਬਿਆਨ ਵਿੱਚ ਦੱਸਿਆ ਗਿਆ ਕਿ ਤਨਵੀ ਨੂੰ ਰਾਤ ਨੂੰ ਅਚਾਨਕ ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਸਾਇਨੋਸਿਸ (ਸਰੀਰ ਵਿੱਚ ਆਕਸੀਜਨ ਦੀ ਕਮੀ ਕਾਰਨ ਚਮੜੀ ਦਾ ਨੀਲਾ ਪੈਣਾ) ਹੋ ਗਿਆ ਅਤੇ ਆਕਸੀਜਨ ਸੈਚੁਰੇਸ਼ਨ ਘਟ ਕੇ ਲਗਭਗ 48 ਫੀਸਦੀ ਰਹਿ ਗਿਆ।

ਆਕਸੀਜਨ ਸਪੋਰਟ ਦਿੱਤੇ ਜਾਣ ਤੋਂ ਬਾਅਦ ਵੀ ਗੰਭੀਰ ਹਾਈਪੌਕਸਿਕ ਸਪੈਲ ਬਣਿਆ ਰਿਹਾ, ਜਿਸ ਕਾਰਨ ਦਿਲ ਦੀ ਧੜਕਣ ਰੁਕ ਗਈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਤੁਰੰਤ ਅਤੇ ਲਗਾਤਾਰ ਕੀਤੇ ਗਏ ਪੁਨਰਜੀਵਨ (ਰਿਸਸਿਟੇਸ਼ਨ) ਦੇ ਯਤਨਾਂ ਦੇ ਬਾਵਜੂਦ ਬੱਚੀ ਦੀ ਹਾਲਤ ਬੇਹੱਦ ਗੰਭੀਰ ਬਣੀ ਰਹੀ ਅਤੇ ਸਵੇਰੇ ਪੰਜ ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਏਮਜ਼ ਨੇ ਇਹ ਵੀ ਦੱਸਿਆ ਹੈ, "ਤਨਵੀ ਨੂੰ ਪਹਿਲੀ ਵਾਰ 10 ਅਕਤੂਬਰ, 2012 ਨੂੰ ਏਮਜ਼ ਦੀ ਕਾਰਡੀਓਲੋਜੀ ਓਪੀਡੀ ਵਿੱਚ ਇਲਾਜ ਲਈ ਲਿਆਂਦਾ ਗਿਆ ਸੀ।"

ਜਾਂਚ ਵਿੱਚ ਵੀਐੱਸਡੀ (ਦਿਲ ਵਿੱਚ ਛੇਦ) ਦੇ ਨਾਲ ਪਲਮੋਨਰੀ ਐਟ੍ਰੀਸ਼ੀਆ ਪਾਇਆ ਗਿਆ।

ਸਾਲ 2013 ਵਿੱਚ ਤਨਵੀ ਦੇ ਦਿਲ ਦੇ ਆਪ੍ਰੇਸ਼ਨ ਦੀ ਸੰਭਾਵਨਾ ਦਾ ਵਿਸਥਾਰ ਨਾਲ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਸੀਟੀ ਐਂਜੀਓਗ੍ਰਾਫੀ, ਕਾਰਡੀਅਕ ਕੈਥੀਟਰਾਈਜ਼ੇਸ਼ਨ ਵਰਗੀਆਂ ਜਾਂਚਾਂ ਸ਼ਾਮਲ ਸਨ।

ਏਮਜ਼ ਮੁਤਾਬਕ, "ਤਨਵੀ ਦੇ ਦਿਲ ਦੀ ਗੁੰਝਲਦਾਰ ਬਣਤਰ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਬਾਅਦ ਵਿੱਚ ਕੀਤੇ ਗਏ ਮੁਲਾਂਕਣ ਤੋਂ 2017 ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਉਸ ਸਮੇਂ ਸੁਧਾਰਾਤਮਕ ਆਪ੍ਰੇਸ਼ਨ ਸੰਭਵ ਨਹੀਂ ਸੀ।"

"ਉਸ ਨੂੰ ਨਿਯਮਤ ਫਾਲੋਅਪ ਅਤੇ ਦਵਾਈਆਂ ਨਾਲ ਇਲਾਜ ਦੀ ਸਲਾਹ ਦਿੱਤੀ ਗਈ।"

ਬਿਆਨ ਵਿੱਚ ਕਿਹਾ ਗਿਆ ਹੈ, "ਇਸ ਤੋਂ ਬਾਅਦ ਵੀ ਮਰੀਜ਼ ਦਾ ਪਰਿਵਾਰ ਸਾਡੇ ਸੰਪਰਕ ਵਿੱਚ ਰਿਹਾ ਅਤੇ ਉਨ੍ਹਾਂ ਨੇ ਦੁਬਾਰਾ ਆਪ੍ਰੇਸ਼ਨ ਨਾਲ ਜੁੜੀ ਸਲਾਹ ਮੰਗੀ। ਉਦੋਂ ਪਿਛਲੇ ਸਾਲ ਕਾਰਡੀਓਥੋਰੇਸਿਕ ਅਤੇ ਵੈਸਕੁਲਰ ਸਰਜਰੀ ਵਿਭਾਗ ਦੇ ਮੁਖੀ ਤੋਂ ਸਲਾਹ ਲਈ ਗਈ, ਉਨ੍ਹਾਂ ਨੇ ਵੀ ਮੈਡੀਕਲ ਮੈਨੇਜਮੈਂਟ ਦੀ ਸਲਾਹ ਦਿੱਤੀ।"

ਏਮਜ਼ ਨੇ ਹੁਣ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਹਾਈ-ਲੈਵਲ ਕਮੇਟੀ ਬਣਾਈ ਹੈ, ਜੋ ਮੈਡੀਕਲ ਰਿਕਾਰਡ, ਇਲਾਜ ਦੀ ਪੂਰੀ ਟਾਈਮਲਾਈਨ ਅਤੇ ਮੌਤ ਨਾਲ ਜੁੜੀਆਂ ਹਾਲਾਤਾਂ ਦੀ ਸਮੀਖਿਆ ਕਰੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)