You’re viewing a text-only version of this website that uses less data. View the main version of the website including all images and videos.
ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾਈ ਗਈ, ਹੁਣ ਤੱਕ ਕੀ ਕਾਰਵਾਈ ਹੋਈ
- ਲੇਖਕ, ਚਰਨਜੀਵ ਕੌਸ਼ਲ ਅਤੇ ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਚੇਤਾਵਨੀ: ਇਸ ਖ਼ਬਰ ਦੇ ਵੇਰਵੇ ਪ੍ਰੇਸ਼ਾਨ ਕਰ ਸਕਦੇ ਹਨ।
ਸੰਗਰੂਰ ਦੇ ਪਿੰਡ ਤੂਰ ਬਣਜਾਰਾ ਵਿੱਚ ਖੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਕੀਤਾ ਗਿਆ। ਪਰਿਵਾਰ ਮੁਤਾਬਕ, ਗੁਲਜ਼ਾਰ ਸਿੰਘ ਦੇ ਇੱਕ ਬੇਟੇ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੇ ਐਲਾਨ ਤੋਂ ਬਾਅਦ ਸਸਕਾਰ ਲਈ ਸਹਿਮਤੀ ਬਣੀ ਸੀ।
ਸੰਗਰੂਰ ਦੇ ਪਿੰਡ ਤੂਰ ਬਣਜਾਰਾ ਵਿੱਚ ਗੁਲਜ਼ਾਰ ਸਿੰਘ ਆਤਮਹੱਤਿਆ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 4 ਜਣੇ ਗਿਰਫ਼ਤਾਰ ਕਰ ਲਏ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
ਦਿੜ੍ਹਬਾ ਦੇ ਡੀਐੱਸਪੀ ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਗੁਲਜ਼ਾਰ ਸਿੰਘ ਮਾਮਲੇ ਵਿੱਚ ਐੱਫਆਈਆਰ ਦਰਜ ਹੋ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ, "ਐੱਫਆਈਆਰ ਵਿੱਚ ਨਾਮਜ਼ਦ ਪੰਜ ਮੁਲਜ਼ਮਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੰਜਵਾਂ ਮੁਲਜ਼ਮ ਹਾਲੇ ਫ਼ਰਾਰ ਹੈ। ਉਸ ਖ਼ਿਲਾਫ਼ ਲੁੱਕਆਊਟ ਸਰਕੁਲਰ (ਐੱਲਓਸੀ) ਜਾਰੀ ਕਰਵਾ ਦਿੱਤਾ ਗਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ।"
ਉਨ੍ਹਾਂ ਕਿਹਾ ਕਿ ਫਿਲਹਾਲ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਪੰਜਵਾਂ ਮੁਲਜ਼ਮ ਦੇਸ਼ ਵਿੱਚ ਹੈ ਜਾਂ ਵਿਦੇਸ਼ ਚਲਾ ਗਿਆ ਹੈ।
ਡੀਐੱਸਪੀ ਨੇ ਅੱਗੇ ਦੱਸਿਆ ਕਿ ਐੱਸਆਈਟੀ, ਏਡੀਜੀਪੀ ਨੌਨਿਹਾਲ ਸਿੰਘ ਦੀ ਨਿਗਰਾਨੀ ਹੇਠ ਜਾਂਚ ਕਰੇਗੀ। ਐੱਸਆਈਟੀ ਵਿੱਚ ਡੀਆਈਜੀ ਪਟਿਆਲਾ ਰੇਂਜ, ਐੱਸਐੱਸਪੀ ਸੰਗਰੂਰ, ਐੱਸਪੀ (ਡੀ) ਪਟਿਆਲਾ ਅਤੇ ਐੱਸਪੀ ਆਪ੍ਰੇਸ਼ਨਜ਼ ਸੰਗਰੂਰ ਨੂੰ ਸ਼ਾਮਲ ਕੀਤਾ ਗਿਆ ਹੈ।
ਗੁਲਜ਼ਾਰ ਸਿੰਘ ਨੇ ਸੰਗਰੂਰ ਦੇ ਹਲਕਾ ਦਿੜ੍ਹਬਾ ਵਿੱਚ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਨਸ਼ਿਆਂ ਬਾਰੇ ਸਵਾਲ ਪੁੱਛਿਆ ਸੀ।
ਆਮ ਆਦਮੀ ਪਾਰਟੀ ਨੇ ਅਧਿਕਾਰਤ ਐਕਸ ਹੈਂਡਲ ਤੋਂ ਗੁਲਜ਼ਾਰ ਸਿੰਘ ਦੇ ਬੇਟੇ ਦਾ ਮੀਡੀਆ ਨੂੰ ਦਿੱਤਾ ਬਿਆਨ ਪੋਸਟ ਕੀਤਾ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਸਸਕਾਰ ਲਈ ਉਨ੍ਹਾਂ 'ਤੇ ਕਿਸੇ ਨੇ ਵੀ ਦਬਾਅ ਨਹੀਂ ਪਾਇਆ ਹੈ। ਬਲਕਿ ਉਹ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ, ਮੁਆਵਜ਼ੇ ਅਤੇ ਮੁਲਜ਼ਮਾਂ ਖ਼ਿਲਾਫ਼ ਹੋਈ ਕਾਰਵਾਈ ਤੋਂ ਸੰਤੁਸ਼ਟ ਹਨ।
ਦੱਸ ਦੇਈਏ ਕਿ ਪੁਲਿਸ ਨੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਬੀਐੱਨਐੱਸ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣ) ਅਤੇ ਐੱਸਸੀ,ਐੱਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਐੱਫਆਈਆਰ ਵਿੱਚ ਪਿੰਡ ਦੀ ਸਰਪੰਚ ਬਲਜਿੰਦਰ ਕੌਰ, ਉਸ ਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ, ਵਿੱਕੀ ਸਿੰਘ, ਗੋਨਾ ਸਿੰਘ ਨਾਮੀ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਪਿੰਡ ਤੂਰ ਬਣਜਾਰਾ ਵਿੱਚ ਵੱਡੀ ਗਿਣਤੀ ਦਲਿਤ ਭਾਈਚਾਰੇ ਨਾਲ ਸਬੰਧਤ ਲੋਕ ਰਹਿੰਦੇ ਹਨ। ਇਨ੍ਹਾਂ ਵਿੱਚੋਂ ਕਈ ਪਰਿਵਾਰ ਪਿੰਡ ਦੇ ਲਹਿੰਦੇ ਪਾਸੇ ਸਥਿਤ ਮਜ਼ਦੂਰ ਮੁਹੱਲੇ ਵਿੱਚ ਰਹਿੰਦੇ ਹਨ।
ਇਸੇ ਮੁਹੱਲੇ ਵਿੱਚ ਗੁਲਜ਼ਾਰ ਸਿੰਘ ਦਾ ਪਰਿਵਾਰ ਵੀ ਰਹਿੰਦਾ ਹੈ।
ਮਹੱਤਵਪੂਰਨ ਸੂਚਨਾ
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।
ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।
ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਕਾਰਵਾਈ
ਕੌਮੀ ਐੱਸਸੀ ਕਮਿਸ਼ਨ ਨੇ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਕਾਰਤ ਪ੍ਰੈੱਸ ਨੋਟ ਮੁਤਾਬਕ, ਭਾਰਤੀ ਸੰਵਿਧਾਨ ਦੇ ਆਰਟੀਕਲ 338 ਮੁਤਾਬਕ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ।
ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਕੇਸ ਦੇ ਤੱਥ ਅਤੇ ਇਲਜ਼ਾਮਾਂ 'ਤੇ ਕੀਤੀ ਕਾਰਵਾਈ ਬਾਰੇ ਰਿਪੋਰਟ ਦੇਣ ਲਈ ਪੰਜ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਕਮਿਸ਼ਨ ਨੇ ਬੀਜੇਪੀ ਐੱਸਸੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਵਲੋਂ ਦਾਇਰ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ।
ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੌਮੀ ਐਸ.ਸੀ ਕਮਿਸ਼ਨ ਦੇ ਚੇਅਰਪਰਸਨ 10 ਸਤੰਬਰ ਯਾਨੀ ਵੀਰਵਾਰ ਨੂੰ ਸੰਗਰੂਰ ਦਾ ਦੌਰਾ ਵੀ ਕਰਨਗੇ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ ਅਤੇ ਪੰਦਰਾਂ ਦਿਨਾਂ ਅੰਦਰ ਰਿਪੋਰਟ ਮੰਗੀ ਹੈ।
ਨਿਊਜ਼ ਏਜੰਸੀ ਪੀਟੀਆਈ ਨੂੰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂਨਗੋ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ,"ਅਸੀਂ ਇਸ ਮਾਮਲੇ ਵਿੱਚ ਨੋਟਿਸ ਲੈ ਰਹੇ ਹਾਂ। ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਭੇਜ ਰਹੇ ਹਾਂ ਅਤੇ ਉਨ੍ਹਾਂ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦੇ ਹਾਂ ਅਤੇ ਪੰਦਰਾਂ ਦਿਨਾਂ ਅੰਦਰ ਰਿਪੋਰਟ ਦੇਣ ਲਈ ਕਹਿ ਰਹੇ ਹਾਂ।”
ਮਾਮਲੇ 'ਤੇ ਸਿਆਸਤ ਭਖੀ, ਰਾਹੁਲ ਗਾਂਧੀ ਨੇ ਦੱਸਿਆ ‘ਖ਼ਤਰਨਾਕ ਪੈਟਰਨ’
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ਵਿੱਚ ਸਵਾਲ ਪੁੱਛਣ ਤੋਂ ਅਗਲੇ ਦਿਨ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ ਉੱਤੇ ਖੁਦਕੁਸ਼ੀ ਕਰਨ ਦੇ ਮਸਲੇ 'ਤੇ ਸੂਬੇ ਦੀ ਸਿਆਸਤ ਭਖ ਗਈ ਹੈ। ਵੱਖੋ ਵੱਖ ਪਾਰਟੀਆਂ ਦੇ ਲੀਡਰ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਤੂਰ ਬਣਜਾਰਾ ਪਹੁੰਚੇ ਅਤੇ ਕਈ ਬਿਆਨ ਦਿੱਤੇ ਹਨ।
ਵਿਰੋਧੀ ਪਾਰਟੀਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਰਹੀਆਂ ਹਨ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਗੁਲਜ਼ਾਰ ਸਿੰਘ ਦੇ ਮਸਲੇ 'ਤੇ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ।
ਉਨ੍ਹਾਂ ਲਿਖਿਆ, "ਪੰਜਾਬ ਦੀ ਆਪ ਸਰਕਾਰ ਵਿੱਚ ਇੱਕ ਖਤਰਨਾਕ ਪੈਟਰਨ ਦਿਸ ਰਿਹਾ ਹੈ - ਸਰਕਾਰੀ ਨਾਕਾਮੀ 'ਤੇ ਸਵਾਲ ਕਰੋਗੇ ਤਾਂ ਜਵਾਬ ਧਮਕੀ ਅਤੇ ਟੌਰਚਰ ਨਾਲ ਮਿਲੇਗਾ।"
ਉਨ੍ਹਾਂ ਇਹ ਵੀ ਲਿਖਿਆ ਕਿ ਸਰਕਾਰ ਦਾ ਕੰਮ ਜਨਤਾ ਨੂੰ ਜਵਾਬ ਦੇਣਾ ਹੈ, ਸਵਾਲ ਪੁੱਛਣ ਵਾਲਿਆਂ ਨੂੰ ਕੁਚਲਣਾ ਨਹੀਂ।
ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਤੁਰੰਤ ਵਿੱਤ ਮੰਤਰੀ ਚੀਮਾ ਦਾ ਅਸਤੀਫਾ ਲੈਣ ਅਤੇ ਸੁਨਿਸ਼ਚਿਤ ਕਰਨ ਕਿ ਅਜ਼ਾਦ ਅਤੇ ਨਿਰਪੱਖ ਜਾਂਚ ਹੋਵੇ ਜਿਸ ਦੀ ਐਫਆਈਆਰ ਵਿਚ ਉਨ੍ਹਾਂ ਦਾ ਨਾਮ ਦਰਜ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਮੰਗਲਵਾਰ ਨੂੰ ਪਿੰਡ ਤੂਰ ਬਣਜਾਰਾ ਪਹੁੰਚੇ। ਉਨ੍ਹਾਂ ਕਿਹਾ, "ਹਰਪਾਲ ਸਿੰਘ ਚੀਮਾ ਦਾ ਐਫਆਈਆਰ ਵਿਚ ਨਾਮ ਹੋਣਾ ਚਾਹੀਦਾ ਹੈ ਅਤੇ ਸਜ਼ਾ ਹੋਣੀ ਚਾਹੀਦੀ ਹੈ।"
ਦੂਜੇ ਪਾਸੇ ਆਮ ਆਦਮੀ ਪਾਰਟੀ ਨੇਮਾਮਲੇ ਵਿਚ ਆਪਣਾ ਪੱਖ ਰੱਖਿਆ ਹੈ। ਪਾਰਟੀ ਵੱਲੋਂ ਬਿਆਨ ਦਿੰਦਿਆਂ ਅਨੁਰਾਗ ਢਾਂਡਾ ਨੇ ਕਿਹਾ ਕਿ ਜੇ ਕੋਈ ਵਿਅਕਤੀ ਮੰਤਰੀ ਦੇ ਸਾਹਮਣੇ ਆ ਕੇ ਆਪਣੀ ਸਮੱਸਿਆ ਰੱਖ ਰਿਹਾ ਹੈ ਤਾਂ ਉਸ ਦਾ ਉਸ ਸਰਕਾਰ ਵਿੱਚ ਵਿਸ਼ਵਾਸ ਹੈ, ਇਸੇ ਲਈ ਸਮੱਸਿਆ ਦੱਸ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵਿਅਕਤੀਆਂ ਦਾ ਵੀ ਪਰਿਵਾਰ ਨੇ ਨਾਮ ਲਿਆ, ਉਹ ਸਾਰੇ ਪੁਲਿਸ ਦੀ ਗ੍ਰਿਫ਼ਤ ਵਿਚ ਹਨ।
ਅਨੁਰਾਗ ਢਾਂਗਾ ਨੇ ਕਿਹਾ, "ਸਾਡੇ ਧਿਆਨ ਵਿੱਚ ਕੋਈ ਵੀ ਨਸ਼ਾ ਤਸਕਰ ਦੀ ਜਾਣਕਾਰੀ ਆਏਗੀ, ਛੱਡਾਂਗੇ ਨਹੀਂ ਇੱਕ ਵੀ ਵਿਅਕਤੀ ਨੂੰ।"
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ 'ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿਚ ਉੱਥੇ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ।
ਇਸ ਵੀਡੀਓ ਪੋਸਟ ਕਰਨ ਦੇ ਨਾਲ ਨਾਲ ਭਗਵੰਤ ਮਾਨ ਨੇ ਲਿਖਿਆ, "ਰਾਹੁਲ ਗਾਂਧੀ ਜੀ ਲਾਸ਼ਾਂ 'ਤੇ ਰਾਜਨੀਤੀ ਨਾ ਕਰੋ, ਪੰਜਾਬੀ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ।"
ਨਾਲ ਹੀ ਭਗਵੰਤ ਮਾਨ ਨੇ ਲਿਖਿਆ ਕੇ ਸਾਰੇ ਮੁਲਜ਼ਮਾਂ ਨੂੰ ਪਰਿਵਾਰ ਦੀ ਨਿਸ਼ਾਨਦੇਹੀ 'ਤੇ ਪਹਿਲਾਂ ਹੀ ਪੁਲਿਸ ਨੇ ਫੜ ਲਿਆ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਪੰਜਾਬ ਵਿੱਚ ਨਸ਼ਾਂ ਫੈਲਾਉਣ ਦੀਆਂ ਜ਼ਿੰਮੇਵਾਰ ਅਕਾਲੀ, ਬੀਜੇਪੀ ਅਤੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹਨ।
ਕੀ ਹੈ ਮਾਮਲਾ ?
ਮਾਮਲਾ ਦਿੜ੍ਹਬਾ ਹਲਕੇ ਵਿੱਚ ਪੈਂਦੇ ਪਿੰਡ ਤੂਰ ਬਣਜਾਰਾ ਦਾ ਹੈ। ਇੱਥੋਂ ਦੇ ਰਹਿਣ ਵਾਲੇ ਦਿਹਾੜੀ ਮਜ਼ਦੂਰ ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਚਿੱਟੇ ਦੀ ਵਿਕਰੀ ਬਾਰੇ ਸਵਾਲ ਕੀਤੇ। ਚੀਮਾ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਿੱਚ ਕੁਝ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਪਹੁੰਚੇ ਸਨ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਸੋਮਵਾਰ ਨੂੰ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ ਉੱਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਨ ਬਾਅਦ ਉਸ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਉੱਥੇ ਵੈਂਟੀਲੇਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਸੰਗਰੂਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਪਰ ਹਾਲਤ ਨਾਜ਼ੁਕ ਹੋਣ ਕਰਕੇ ਇੱਥੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਰਾਤ ਤਕਰੀਬਨ ਸਾਢੇ ਦਸ ਵਜੇ ਉਸ ਦੀ ਮੌਤ ਹੋ ਗਈ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੱਤੀ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਮੌਤ ਸੋਮਵਾਰ ਰਾਤ 10.30 ਵਜੇ ਹੋਈ ਹੈ।
ਮੌਤ ਤੋਂ ਪਹਿਲਾਂ ਮੀਡੀਆ ਸਾਹਮਣੇ ਆਪਣੇ ਬਿਆਨ ਵਿੱਚ ਗੁਲਜ਼ਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੀਮਾ ਨੂੰ ਚਿੱਟੇ ਦੀ ਵਿਕਰੀ ਰੋਕਣ ਬਾਰੇ ਸਵਾਲ ਪੁੱਛਿਆ ਸੀ ਕਿਉਂਕਿ ਉਸ ਦਾ ਇੱਕ ਬੇਟਾ ਨਸ਼ਿਆਂ ਦਾ ਆਦੀ ਹੈ। ਗੁਲਜ਼ਾਰ ਸਿੰਘ ਨੇ ਕਿਹਾ ਸੀ ਕਿ ਬਾਅਦ ਵਿੱਚ ਪਿੰਡ ਦੇ ਕੁਝ ਲੋਕ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਰਹੇ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ