ਹੱਡੀਆਂ ਕਮਜ਼ੋਰ ਨਾ ਹੋਣ ਇਸ ਲਈ ਅੰਜੀਰ,ਚੀਆ ਸੀਡਜ਼ ਸਣੇ ਇਹ ਚੀਜ਼ਾਂ ਖਾਣੀਆਂ ਫਾਇਦੇਮੰਦ ਹੋ ਸਕਦੀਆਂ ਹਨ

ਦੁੱਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਤੌਰ 'ਤੇ ਇਹ ਸੁਣਨ ਨੂੰ ਮਿਲਦਾ ਹੈ ਕਿ ਦੁੱਧ ਪੀਣ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ (ਸੰਕੇਤਕ ਤਸਵੀਰ)
    • ਲੇਖਕ, ਮੈਲੀਸਾ ਹੋਗੇਨਬੂਮ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਤੁਹਾਡੀ ਹੱਡੀਆਂ ਦੀ ਮਜਬੂਤੀ ਯਾਨੀ ਬੋਨ ਡੈਨਸਿਟੀ, ਆਮ ਧਾਰਨਾ ਨਾਲੋਂ ਵੀ ਪਹਿਲਾਂ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਕੁਝ ਖਾਸ ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਖਾਓ ਤਾਂ ਹੱਡੀਆਂ ਨੂੰ ਮਜਬੂਤ ਰੱਖਣ ਵਿੱਚ ਕਾਮਯਾਬ ਹੋ ਸਕਦੇ ਹੋ।

"ਦੁੱਧ ਪੀਣ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ।" ਆਮ ਤੌਰ 'ਤੇ ਸਾਨੂੰ ਇਹ ਸਲਾਹ ਸੁਣਨ ਨੂੰ ਮਿਲਦੀ ਹੈ। ਬਚਪਨ ਵਿੱਚ ਆਮ ਤੌਰ 'ਤੇ ਸਾਨੂੰ ਕਿਹਾ ਜਾਂਦਾ ਸੀ ਕਿ ਦੁੱਧ ਦਾ ਪੂਰਾ ਗਿਲਾਸ ਖ਼ਤਮ ਕਰੋ ਕਿਉਂਕਿ ਇਸ ਵਿੱਚ ਮੌਜੂਦ ਕੈਲਸ਼ੀਅਮ ਸਾਡੀਆਂ ਹੱਡੀਆਂ ਨੂੰ ਮਜਬੂਤ ਅਤੇ ਸਿਹਤਮੰਦ ਬਣਾਉਣ ਵਿੱਚ ਮਦਦ ਕਰੇਗਾ।

ਹਾਲਾਂਕਿ ਦੁੱਧ ਪੀਣ ਵਾਲੀ ਇਹ ਸਲਾਹ ਸਾਡੇ ਮਨ ਵਿੱਚ ਬਚਪਨ ਤੋਂ ਹੀ ਵੱਸ ਗਈ ਹੈ ਪਰ ਇਸ ਬਾਰੇ ਅਕਸਰ ਘੱਟ ਗੱਲ ਹੁੰਦੀ ਹੈ ਕਿ ਕਿਵੇਂ ਉਮਰ ਦੇ ਵੱਧਦੇ ਪੜਾਅ ਵਿੱਚ ਹੱਡੀਆਂ ਦਾ ਕਮਜ਼ੋਰ ਹੋਣਾ ਕਿੰਨੀ ਆਮ ਸਮੱਸਿਆ ਹੈ ਅਤੇ

ਜੇਕਰ ਅਸੀਂ ਛੋਟੀ ਉਮਰ ਵਿੱਚ ਆਪਣੀਆਂ ਹੱਡੀਆਂ ਦੀ ਸੰਭਾਲ ਨਹੀਂ ਕਰਦੇ ਤਾਂ ਬਾਅਦ ਦੀ ਜ਼ਿੰਦਗੀ ਵਿੱਚ ਹੱਡੀਆਂ ਦੇ ਫ੍ਰੈਕਚਰ ਦਾ ਖ਼ਤਰਾ ਵੱਧ ਸਕਦਾ ਹੈ।

ਚੰਗੀ ਗੱਲ ਇਹ ਹੈ ਕਿ ਉਮਰ ਭਾਵੇਂ ਕੋਈ ਵੀ ਹੋਵੇ, ਅਸੀਂ ਇਸ ਬਾਰੇ ਕੁਝ ਕਰ ਸਕਦੇ ਹਾਂ। ਸਹੀ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਅਤੇ ਨਿਯਮਤ ਸਰੀਰਕ ਗਤੀਵਿਧੀ ਨਾਲ ਅਸੀਂ ਆਪਣੀਆਂ ਹੱਡੀਆਂ ਨੂੰ ਹੋਰ ਸਿਹਤਮੰਦ ਬਣਾ ਸਕਦੇ ਹਾਂ ਅਤੇ ਇਹ ਸਿਰਫ਼ ਵੱਧ ਦੁੱਧ ਪੀਣ ਤੱਕ ਸੀਮਿਤ ਨਹੀਂ ਹੈ।

ਹੱਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਮਰ ਦੇ ਨਾਲ-ਨਾਲ ਸਾਡੀ ਹੱਡੀਆਂ ਦੀ ਸੰਘਣਤਾ ਘੱਟਣ ਲੱਗਦੀ ਹੈ: ਕੇਟ ਵਾਰਡ (ਸੰਕੇਤਕ ਤਸਵੀਰ)

ਯੂਕੇ ਦੀ ਯੂਨੀਵਰਸਿਟੀ ਆਫ ਸਾਊਥਹੈਂਪਟਨ ਵਿੱਚ ਗਲੋਬਲ ਮਸਕਿਊਲੋਸਕੇਲੇਟਲ ਹੈਲਥ ਦੇ ਪ੍ਰੋਫੈਸਰ ਕੇਟ ਵਾਰਡ ਦੱਸਦੇ ਹਨ ਕਿ ਬਾਅਦ ਦੀ ਉਮਰ ਵਿੱਚ ਸਾਡਾ ਹੱਡੀਆਂ ਦਾ ਢਾਂਚਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਬਚਪਨ ਅਤੇ ਜਵਾਨੀ ਦੇ ਸ਼ੁਰੂਆਤੀ ਸਾਲਾਂ ਵਿੱਚ ਕਿੰਨਾ ਹੱਡੀਆਂ ਦਾ ਭੰਡਾਰ ਤਿਆਰ ਕੀਤਾ ਸੀ।

ਫਿਰ ਉਮਰ ਦੇ ਨਾਲ-ਨਾਲ ਸਾਡੀ ਹੱਡੀਆਂ ਦੀ ਸੰਘਣਤਾ ਘੱਟਣ ਲੱਗਦੀ ਹੈ।

ਦੁਨੀਆ ਭਰ ਵਿੱਚ ਲਗਭਗ 50 ਕਰੋੜ ਲੋਕ ਓਸਟੀਓਪੋਰੋਸਿਸ ਨਾਲ ਪੀੜਤ ਹਨ। ਇਹ ਇੱਕ ਅਜਿਹੀ ਬਿਮਾਰੀ ਹੈ ਜੋ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਉਹ ਪਤਲੀਆਂ ਅਤੇ ਵੱਧ ਨਾਜ਼ੁਕ ਹੋ ਜਾਂਦੀਆਂ ਹਨ।

ਯੂਕੇ ਦੀ ਰੌਇਲ ਓਸਟੀਓਪੋਰੋਸਿਸ ਸੁਸਾਇਟੀ ਦੇ ਜੂਲੀ ਥੌਮਸਨ ਦੱਸਦੇ ਹਨ ਕਿ ਓਸਟੀਓਪੇਨੀਆ ਅਤੇ ਓਸਟੀਓਪੋਰੋਸਿਸ ਅਕਸਰ ਅਜਿਹੀਆਂ "ਖਾਮੋਸ਼" ਬਿਮਾਰੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਸਪੱਸ਼ਟ ਲੱਛਣ ਉਦੋਂ ਤੱਕ ਦਿਖਾਈ ਨਹੀਂ ਦਿੰਦੇ, ਜਦੋਂ ਤੱਕ ਕਿਸੇ ਸ਼ਖਸ ਨੂੰ ਕੋਈ ਫ੍ਰੈਕਚਰ ਨਾ ਹੋਵੇ।

ਇਹ ਖ਼ਾਸ ਤੌਰ 'ਤੇ ਕੁੱਲ੍ਹੇ ਦੀ ਹੱਡੀ ਦੇ ਫ੍ਰੈਕਚਰ ਦੇ ਮਾਮਲਿਆਂ ਵਿੱਚ ਸੱਚ ਹੈ। ਦੁਨੀਆ ਭਰ ਵਿੱਚ ਹਰ ਸਾਲ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇੱਕ ਕਰੋੜ ਤੋਂ ਵੱਧ ਹਿਪ ਫ੍ਰੈਕਚਰ ਦੇ ਮਾਮਲੇ ਸਾਹਮਣੇ ਆਉਂਦੇ ਹਨ।

ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਹੱਡੀ ਟੁੱਟਣ ਤੋਂ ਬਾਅਦ ਨਿਮੋਨੀਆ ਜਾਂ ਦਿਲ ਦੇ ਦੌਰੇ ਵਰਗੀਆਂ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਕੁੱਲ ਮਿਲਾ ਕੇ, 60 ਸਾਲ ਤੋਂ ਵੱਧ ਉਮਰ ਦੇ ਲਗਭਗ 30 ਫ਼ੀਸਦੀ ਮਰੀਜ਼ ਹਿਪ ਫ੍ਰੈਕਚਰ ਤੋਂ ਇੱਕ ਸਾਲ ਦੇ ਅੰਦਰ ਮਰ ਜਾਂਦੇ ਹਨ। ਹਾਲਾਂਕਿ, ਇਸ ਵਿੱਚ ਉਮਰ ਅਤੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵਰਗੇ ਹੋਰ ਕਾਰਕ ਵੀ ਭੂਮਿਕਾ ਨਿਭਾ ਸਕਦੇ ਹਨ।

ਔਰਤਾਂ ਵਿੱਚ ਖ਼ਤਰਾ ਜ਼ਿਆਦਾ ਪਰ ਮਰਦ ਵੀ ਪ੍ਰਭਾਵਿਤ ਹੁੰਦੇ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੋਨ ਡੈਨਸਿਟੀ ਦੀ ਸਮੱਸਿਆ ਨਾਲ ਸਿਰਫ਼ ਔਰਤਾਂ ਹੀ ਨਹੀਂ ਮਰਦ ਵੀ ਜੂਝਦੇ ਹਨ (ਸੰਕੇਤਕ ਤਸਵੀਰ)

ਉਮਰ ਵਧਣ ਦੇ ਨਾਲ ਔਰਤਾਂ ਵਿੱਚ ਹੱਡੀਆਂ ਦੀ ਘਣਤਾ ਘੱਟਣ ਦਾ ਖ਼ਤਰਾ ਵੱਧ ਜਾਂਦਾ ਹੈ, ਖ਼ਾਸ ਕਰਕੇ ਮੀਨੋਪੌਜ਼ ਦੇ ਸਮੇਂ। ਇਸ ਕਾਰਨ ਉਨ੍ਹਾਂ ਵਿੱਚ ਓਸਟੀਓਪੋਰੋਸਿਸ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ। ਮਰਦ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ।

ਅਮਰੀਕਾ ਦੀ ਟਫਟਸ ਯੂਨੀਵਰਸਿਟੀ ਵਿੱਚ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕੰਮਕਾਜ ਦੇ ਮਾਹਿਰ ਪ੍ਰੋਫੈਸਰ ਬੇੱਸ ਡੌਅਸਨ-ਹਿਊਗਜ਼ ਕਹਿੰਦੇ ਹਨ,

"ਇਤਿਹਾਸਕ ਤੌਰ 'ਤੇ ਓਸਟੀਓਪੋਰੋਸਿਸ ਨੂੰ ਔਰਤਾਂ ਦੀ ਬਿਮਾਰੀ ਮੰਨਿਆ ਜਾਂਦਾ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਪਹਿਲਾਂ ਕਈ ਮਰਦ 60 ਸਾਲ ਦੀ ਉਮਰ ਦੇ ਆਸ-ਪਾਸ ਹੀ ਦਿਲ ਦੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਸਨ। ਹੁਣ ਉਹ ਵੱਧ ਉਮਰ ਤੱਕ ਜੀ ਰਹੇ ਹਨ, ਇਸ ਲਈ ਉਨ੍ਹਾਂ ਵਿੱਚ ਵੀ ਓਸਟੀਓਪੋਰੋਸਿਸ ਦੇ ਮਾਮਲੇ ਸਾਹਮਣੇ ਆ ਰਹੇ ਹਨ।"

ਤਾਂ ਹੱਡੀਆਂ ਨੂੰ ਮਜਬੂਤ ਰੱਖਣ ਲਈ ਸਾਨੂੰ ਕੀ ਖਾਣਾ ਚਾਹੀਦਾ ਹੈ ?

ਦੁੱਧ, ਪਨੀਰ ਅਤੇ ਦਹੀਂ

ਹੱਡੀਆਂ ਦੀ ਸਿਹਤ ਲਈ ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਟੀਨ ਸਭ ਤੋਂ ਮਹੱਤਵਪੂਰਨ ਪੋਸ਼ਕ ਤੱਤ ਹਨ। ਇਸ ਤੋਂ ਇਲਾਵਾ ਵਿਟਾਮਿਨ ਕੇ, ਮੈਗਨੀਸ਼ੀਅਮ, ਜ਼ਿੰਕ ਅਤੇ ਫਾਸਫੋਰਸ ਵੀ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਹ ਆਮ ਜਾਣਕਾਰੀ ਹੈ ਕਿ ਦੁੱਧ ਤੋਂ ਬਣੀਆਂ ਚੀਜ਼ਾਂ ਕੈਲਸ਼ੀਅਮ ਦਾ ਵਧੀਆ ਸਰੋਤ ਹੁੰਦੀਆਂ ਹਨ। 200 ਮਿਲੀਲੀਟਰ ਦੁੱਧ ਦੇ ਇੱਕ ਗਲਾਸ ਵਿੱਚ ਲਗਭਗ 260 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।

ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਖੋਜਕਰਤਾਵਾਂ ਨੇ ਕੇਅਰ ਹੋਮਜ਼ ਵਿੱਚ ਰਹਿ ਰਹੇ 7,195 ਬਜ਼ੁਰਗਾਂ ਵਿੱਚ ਦੁੱਧ ਤੋਂ ਬਣੀਆਂ ਚੀਜ਼ਾਂ ਅਤੇ ਪ੍ਰੋਟੀਨ ਦੀ ਵੱਧ ਖਪਤ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ।

ਦੋ ਸਾਲਾਂ ਬਾਅਦ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੇ ਵੱਧ ਡੇਅਰੀ ਉਤਪਾਦ ਖਾਧੇ, ਉਨ੍ਹਾਂ ਵਿੱਚ ਡਿੱਗਣ ਦਾ ਖ਼ਤਰਾ 11 ਫ਼ੀਸਦੀ ਘੱਟ ਸੀ ਅਤੇ ਕੁੱਲ੍ਹੇ ਦੀ ਹੱਡੀ ਟੁੱਟਣ ਦਾ ਖ਼ਤਰਾ 46 ਫ਼ੀਸਦੀ ਘੱਟ ਸੀ।

ਡੇਅਰੀ ਉਤਪਾਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਆਮ ਜਾਣਕਾਰੀ ਹੈ ਕਿ ਦੁੱਧ ਤੋਂ ਬਣੀਆਂ ਚੀਜ਼ਾਂ ਕੈਲਸ਼ੀਅਮ ਦਾ ਵਧੀਆ ਸਰੋਤ ਹੁੰਦੀਆਂ ਹਨ (ਸੰਕੇਤਕ ਤਸਵੀਰ)

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਸੁਰੱਖਿਆ ਪ੍ਰਭਾਵ ਸ਼ਾਇਦ ਕੈਲਸ਼ੀਅਮ ਅਤੇ ਪ੍ਰੋਟੀਨ ਦੇ ਮਿਲੇ-ਜੁਲੇ ਅਸਰ ਕਾਰਨ ਮਿਲਿਆ।

ਹਾਲਾਂਕਿ ਕਿੰਨਾ ਕੈਲਸ਼ੀਅਮ ਲੈਣਾ ਚਾਹੀਦਾ, ਇਸ ਬਾਰੇ ਵੱਖ-ਵੱਖ ਮੁਲਕਾਂ ਵਿੱਚ ਵੱਖ-ਵੱਖ ਸਲਾਹ ਦਿੱਤੀ ਜਾਂਦੀ ਹੈ। ਯੂਕੇ ਵਿੱਚ ਬਾਲਗਾਂ ਲਈ ਰੋਜ਼ਾਨਾ ਲਗਭਗ 700 ਮਿਲੀਗ੍ਰਾਮ ਕੈਲਸ਼ੀਅਮ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜੇਕਰ ਕਿਸੇ ਨੂੰ ਓਸਟੀਓਪੋਰੋਸਿਸ ਦਾ ਖ਼ਤਰਾ ਹੈ ਤਾਂ ਇਹ ਮਾਤਰਾ 1,000 ਮਿਲੀਗ੍ਰਾਮ ਪ੍ਰਤੀ ਦਿਨ ਹੋਣੀ ਚਾਹੀਦੀ ਹੈ। ਮੀਨੋਪੌਜ਼ ਤੋਂ ਬਾਅਦ ਦੀਆਂ ਔਰਤਾਂ ਲਈ 1,200 ਮਿਲੀਗ੍ਰਾਮ ਪ੍ਰਤੀ ਦਿਨ ਕੈਲਸ਼ੀਅਮ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਅਮਰੀਕਾ ਵਿੱਚ ਉਮਰ ਅਤੇ ਲਿੰਗ ਦੇ ਆਧਾਰ 'ਤੇ ਬਾਲਗਾਂ ਲਈ 1,000 ਤੋਂ 1,200 ਮਿਲੀਗ੍ਰਾਮ ਕੈਲਸ਼ੀਅਮ ਪ੍ਰਤੀ ਦਿਨ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਸੋਇਆ ਬਾਰੇ ਮਾਹਰ ਕੀ ਕਹਿੰਦੇ ਹਨ

ਸੋਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 100 ਗ੍ਰਾਮ ਟੋਫੂ ਵਿੱਚ ਲਗਭਗ 200 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ (ਸੰਕੇਤਕ ਤਸਵੀਰ)

ਪ੍ਰੋਫੈਸਰ ਵਾਰਡ ਕਹਿੰਦੇ ਹਨ ਕਿ ਅਜਿਹੇ ਕਈ ਗੈਰ-ਡੇਅਰੀ ਭੋਜਨ ਵੀ ਹਨ ਜੋ ਸਰੀਰ ਨੂੰ ਕੈਲਸ਼ੀਅਮ ਪ੍ਰਦਾਨ ਕਰਦੇ ਹਨ।

ਇਨ੍ਹਾਂ ਵਿੱਚ ਸੋਇਆ ਤੋਂ ਬਣੇ ਉਤਪਾਦ ਜਿਵੇਂ ਟੋਫੂ ਅਤੇ ਐਡਾਮਾਮੇ ਬੀਨਜ਼ ਸ਼ਾਮਿਲ ਹਨ। 100 ਗ੍ਰਾਮ ਟੋਫੂ ਵਿੱਚ ਲਗਭਗ 200 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।

ਖੋਜਾਂ ਤੋਂ ਇਹ ਵੀ ਸੰਕੇਤ ਮਿਲ ਰਹੇ ਹਨ ਕਿ ਸੋਇਆ ਵਾਲੇ ਭੋਜਨ ਹੱਡੀਆਂ ਟੁੱਟਣ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦੇ ਹਨ।

ਸੋਇਆ ਵਿੱਚ ਆਈਸੋਫਲੇਵੋਨ ਨਾਂ ਦਾ ਇੱਕ ਕੁਦਰਤੀ ਪੌਦਿਆਂ ਵਾਲਾ ਤੱਤ ਹੁੰਦਾ ਹੈ, ਜਿਸ ਦੀ ਬਣਤਰ ਓਸਟ੍ਰੋਜਨ ਨਾਲ ਮਿਲਦੀ-ਜੁਲਦੀ ਹੈ।

ਅਧਿਐਨਾਂ ਮੁਤਾਬਕ ਮੀਨੋਪੌਜ਼ ਤੋਂ ਬਾਅਦ ਜਿਹੜੀਆਂ ਔਰਤਾਂ ਵੱਧ ਸੋਇਆ ਉਤਪਾਦ ਲੈਂਦੀਆਂ ਹਨ, ਉਨ੍ਹਾਂ ਦੀ ਹੱਡੀਆਂ ਦੀ ਘਣਤਾ ਬਿਹਤਰ ਹੁੰਦੀ ਹੈ।

ਮੀਨੋਪੌਜ਼ ਨਾਲ ਗ੍ਰਸਤ 9,000 ਤੋਂ ਵੱਧ ਔਰਤਾਂ 'ਤੇ ਕੀਤੇ ਗਏ ਇੱਕ ਵਿਸ਼ਲੇਸ਼ਣ ਵਿੱਚ ਪਤਾ ਲੱਗਿਆ ਕਿ ਸੋਇਆ ਆਈਸੋਫਲੇਵੋਨ ਸਪਲੀਮੈਂਟ ਲੈਣ ਵਾਲੀਆਂ ਔਰਤਾਂ ਦੀ ਰੀੜ੍ਹ ਦੀ ਹੱਡੀ, ਕੁੱਲ੍ਹੇ ਅਤੇ ਬਾਂਹ ਦੀਆਂ ਹੱਡੀਆਂ ਦੀ ਖਣਿਜ ਘਣਤਾ ਵਿੱਚ ਹਲਕਾ ਸੁਧਾਰ ਦੇਖਿਆ ਗਿਆ।

ਸਭ ਤੋਂ ਵੱਧ ਫ਼ਾਇਦਾ ਉਨ੍ਹਾਂ ਲੋਕਾਂ ਵਿੱਚ ਮਿਲਿਆ ਜਿਨ੍ਹਾਂ ਨੇ ਘੱਟੋ-ਘੱਟ ਇੱਕ ਸਾਲ ਤੱਕ ਵੱਧ ਮਾਤਰਾ ਵਿੱਚ ਸਪਲੀਮੈਂਟ ਲਏ। ਹਾਲਾਂਕਿ, ਇਹ ਸਮਝਣ ਲਈ ਹੋਰ ਖੋਜ ਦੀ ਲੋੜ ਹੈ ਕਿ ਸੋਇਆ ਵਾਲਾ ਭੋਜਨ ਖਾਣਾ, ਇਸ ਦੇ ਸਪਲੀਮੈਂਟ ਲੈਣ ਜਿੰਨਾ ਹੀ ਲਾਭਦਾਇਕ ਹੈ ਜਾਂ ਨਹੀਂ।

ਸੋਇਆ ਦਾ ਇੱਕ ਹੋਰ ਸਰੋਤ ਟੈਂਪੇਹ ਹੈ, ਜੋ ਫਰਮੈਂਟੇਸ਼ਨ ਰਾਹੀਂ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਐਂਟੀ-ਨਿਊਟ੍ਰੀਐਂਟਸ ਨਾਂ ਦੇ ਕੁਝ ਤੱਤ ਟੁੱਟ ਜਾਂਦੇ ਹਨ ਜੋ ਹੱਡੀਆਂ ਲਈ ਜ਼ਰੂਰੀ ਖਣਿਜਾਂ ਦੇ ਸੋਖਣ ਵਿੱਚ ਮਦਦ ਕਰਦੇ ਹਨ। ਇਸ ਕਰਕੇ ਟੈਂਪੇਹ ਤੋਂ ਸਾਡਾ ਸਰੀਰ ਵੱਧ ਕੈਲਸ਼ੀਅਮ ਸੋਖ ਸਕਦਾ ਹੈ।

ਚੀਆ ਸੀਡਜ਼

ਚੀਆ ਸੀਡਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਚਮਚ ਚੀਆ ਸੀਡਜ਼ ਵਿੱਚ ਲਗਭਗ 95 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ (ਸੰਕੇਤਕ ਤਸਵੀਰ)

ਚੀਆ ਸੀਡਜ਼ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਦਾ ਵਧੀਆ ਸਰੋਤ ਹਨ। ਇਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਨਾਲ ਹੀ ਕਈ ਮਹੱਤਵਪੂਰਨ ਪੋਸ਼ਕ ਤੱਤ ਮਿਲ ਜਾਂਦੇ ਹਨ।

ਇੱਕ ਚਮਚ ਚੀਆ ਸੀਡਜ਼ ਵਿੱਚ ਲਗਭਗ 95 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।

ਚੀਆ ਸੀਡਜ਼ ਓਮੇਗਾ-3 ਫੈਟੀ ਐਸਿਡ ਨਾਲ ਵੀ ਭਰਪੂਰ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਘਟਾਉਣ ਵਿੱਚ ਮਦਦ ਕਰਦੇ ਹਨ।

ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਲੰਬੇ ਸਮੇਂ ਤੱਕ ਰਹਿਣ ਵਾਲੀ ਸੋਜ ਹੱਡੀਆਂ ਦੇ ਪੁਰਾਣੇ ਟਿਸ਼ੂਆਂ ਨੂੰ ਤੇਜ਼ੀ ਨਾਲ ਤੋੜਦਾ ਹੈ ਜਦੋਂ ਕਿ ਇਸ ਦੇ ਬਣਨ ਵਿੱਚ ਸਮਾਂ ਵੱਧ ਲੱਗਦਾ ਹੈ। ਸਮੇਂ ਦੇ ਨਾਲ ਇਹ ਅਸੰਤੁਲਨ ਓਸਟੀਓਪੋਰੋਸਿਸ ਦਾ ਖ਼ਤਰਾ ਵਧਾ ਸਕਦਾ ਹੈ।

ਜਾਨਵਰਾਂ 'ਤੇ ਕੀਤੀ ਗਈ ਇੱਕ ਖੋਜ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਚੂਹਿਆਂ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੀਆ ਸੀਡਜ਼ ਖੁਆਏ ਗਏ, ਉਨ੍ਹਾਂ ਦੀਆਂ ਹੱਡੀਆਂ ਵਿੱਚ ਖਣਿਜਾਂ ਦੀ ਮਾਤਰਾ ਆਮ ਖੁਰਾਕ ਖਾਣ ਵਾਲੇ ਚੂਹਿਆਂ ਨਾਲੋਂ ਵੱਧ ਸੀ।

ਹਾਲਾਂਕਿ ਇਹ ਨਤੀਜੇ ਸਹੀ ਹਨ ਪਰ ਇਹ ਜਾਣਨ ਲਈ ਹੋਰ ਖੋਜ ਦੀ ਲੋੜ ਹੈ ਕਿ ਕੀ ਇਹੋ ਜਿਹਾ ਪ੍ਰਭਾਵ ਮਨੁੱਖਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਜਾਂ ਨਹੀਂ।

ਸੁੱਕੇ ਅੰਜੀਰ ਅਤੇ ਪਰੂਨਜ਼ ਵਰਗੇ ਡਰਾਈ ਫਰੂਟ

ਸੁੱਕੇ ਅੰਜੀਰ ਅਤੇ ਪਰੂਨਜ਼ ਵਰਗੇ ਡਰਾਈ ਫਰੂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋ ਸੁੱਕੇ ਅੰਜੀਰਾਂ ਵਿੱਚ ਲਗਭਗ 100 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ (ਸੰਕੇਤਕ ਤਸਵੀਰ)

ਹੱਡੀਆਂ ਦੀ ਸਿਹਤ ਦੀ ਗੱਲ ਕਰਦਿਆਂ ਸ਼ਾਇਦ ਤੁਹਾਨੂੰ ਸਭ ਤੋਂ ਪਹਿਲਾਂ ਡਰਾਈ ਫਰੂਟਜ਼ ਦਾ ਖ਼ਿਆਲ ਨਾ ਆਵੇ ਪਰ ਅੰਜੀਰ ਅਤੇ ਖੁਰਮਾਨੀ ਵਰਗੇ ਸੁੱਕੇ ਫਲ ਕੈਲਸ਼ੀਅਮ ਦੇ ਚੰਗੇ ਸਰੋਤ ਹਨ।

ਦੋ ਸੁੱਕੇ ਅੰਜੀਰਾਂ ਵਿੱਚ ਲਗਭਗ 100 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।

ਤਾਜ਼ੇ ਫਲ ਵੀ ਕੁਝ ਹੱਦ ਤੱਕ ਕੈਲਸ਼ੀਅਮ ਦੇ ਸਰੋਤ ਹੁੰਦੇ ਹਨ। ਉਦਾਹਰਨ ਵਜੋਂ, ਇੱਕ ਤਾਜ਼ਾ ਸੰਤਰੇ ਵਿੱਚ ਲਗਭਗ 50 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।

ਅੰਜੀਰ ਅਤੇ ਖੁਰਮਾਨੀ ਵਿੱਚ ਮੈਗਨੀਸ਼ੀਅਮ ਵੀ ਹੁੰਦਾ ਹੈ ਜੋ ਹੱਡੀਆਂ ਦੇ ਬਣਨ ਅਤੇ ਸਰੀਰ ਵਿੱਚ ਖਣਿਜਾਂ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਫਲਾਂ ਵਿੱਚ ਪੌਲੀਫੀਨੋਲਜ਼ ਨਾਮ ਦੇ ਕੁਦਰਤੀ ਪੌਦਿਆਂ ਦੇ ਤੱਤ ਹੁੰਦੇ ਹਨ, ਜਿਨ੍ਹਾਂ ਵਿੱਚ ਐਂਟੀਆਕਸੀਡੈਂਟ ਅਤੇ ਸੋਜ ਘਟਾਉਣ ਵਾਲੇ ਗੁਣ ਹੁੰਦੇ ਹਨ। ਇਹ ਹੱਡੀਆਂ ਦੇ ਟੁੱਟਣ ਜਾਂ ਕਮਜ਼ੋਰ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਵਿੱਚ ਮਦਦ ਕਰ ਸਕਦੇ ਹਨ।

ਇੱਕ ਰੈਂਡਮਾਈਜ਼ਡ ਕੰਟਰੋਲ ਟ੍ਰਾਇਲ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਔਰਤਾਂ ਨੇ ਇੱਕ ਸਾਲ ਤੱਕ ਹਰ ਰੋਜ਼ 50 ਗ੍ਰਾਮ ਪਰੂਨਜ਼ ਖਾਧੇ, ਉਨ੍ਹਾਂ ਵਿੱਚ ਹੱਡੀਆਂ ਦਾ ਨੁਕਸਾਨ ਉਨ੍ਹਾਂ ਔਰਤਾਂ ਨਾਲੋਂ ਘੱਟ ਸੀ ਜਿਨ੍ਹਾਂ ਨੇ ਇਹ ਫਲ ਨਹੀਂ ਖਾਧੇ।

ਇੱਕ ਹੋਰ ਸਮੀਖਿਆ ਅਧਿਐਨ ਵਿੱਚ ਵੀ ਪਾਇਆ ਗਿਆ ਕਿ ਜਿਹੜੇ ਲੋਕ ਵੱਧ ਫਲ ਅਤੇ ਸਬਜ਼ੀਆਂ ਖਾਂਦੇ ਹਨ, ਉਨ੍ਹਾਂ ਵਿੱਚ ਹੱਡੀਆਂ ਦੀ ਖਣਿਜ ਘਣਤਾ ਵੱਧ ਹੁੰਦੀ ਹੈ ਅਤੇ ਫ੍ਰੈਕਚਰ ਦਾ ਖ਼ਤਰਾ ਘੱਟ ਹੁੰਦਾ ਹੈ।

ਮੱਛੀ ਖਾਣਾ ਕੀ ਫਾਇਦੇਮੰਦ ਹੁੰਦਾ ਹੈ

ਮੱਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੱਬਾਬੰਦ ਸੈਲਮਨ ਮੱਛੀ ਵੀ ਕੈਲਸ਼ੀਅਮ ਦਾ ਚੰਗਾ ਸਰੋਤ ਹੈ (ਸੰਕੇਤਕ ਤਸਵੀਰ)

ਸਾਰਡੀਨ ਮੱਛੀ ਦਾ ਇੱਕ ਛੋਟਾ ਡੱਬਾ ਰੋਜ਼ਾਨਾ ਲੋੜੀਂਦੇ ਕੈਲਸ਼ੀਅਮ ਦਾ ਲਗਭਗ 30 ਫ਼ੀਸਦੀ ਮੁਹੱਈਆ ਕਰ ਸਕਦਾ ਹੈ। 60 ਗ੍ਰਾਮ ਦੇ ਇੱਕ ਡੱਬੇ ਵਿੱਚ ਕਰੀਬ 240 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।

ਡੱਬਾਬੰਦ ਸੈਲਮਨ ਮੱਛੀ ਵੀ ਕੈਲਸ਼ੀਅਮ ਦਾ ਚੰਗਾ ਸਰੋਤ ਹੈ। ਇਸ ਵਿੱਚ ਪ੍ਰੋਟੀਨ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਹੱਡੀਆਂ ਨੂੰ ਸਿਹਤਮੰਦ ਰੱਖਣ, ਮਾਸਪੇਸ਼ੀਆਂ ਦੀ ਤਾਕਤ ਕਾਇਮ ਰੱਖਣ ਅਤੇ ਸਰੀਰ ਦੀ ਮੁਰੰਮਤ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਪ੍ਰੋਫੈਸਰ ਡੌਅਸਨ-ਹਿਊਗਜ਼ ਕਹਿੰਦੇ ਹਨ, "ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਇੱਕੋ ਪ੍ਰਣਾਲੀ ਵਜੋਂ ਦੇਖਣਾ ਚਾਹੀਦਾ ਹੈ। ਜੇਕਰ ਤੁਸੀਂ ਮਾਸਪੇਸ਼ੀਆਂ ਦੀ ਤਾਕਤ ਬਰਕਰਾਰ ਰੱਖਦੇ ਹੋ ਤਾਂ ਡਿੱਗਣ ਦਾ ਖ਼ਤਰਾ ਘੱਟਦਾ ਹੈ ਅਤੇ ਇਸ ਨਾਲ ਹੱਡੀਆਂ ਟੁੱਟਣ ਦਾ ਖ਼ਤਰਾ ਵੀ ਕਾਫ਼ੀ ਘੱਟ ਹੋ ਜਾਂਦਾ ਹੈ।"

ਤੇਲ ਵਾਲੀਆਂ ਮੱਛੀਆਂ ਵੀ ਵਿਟਾਮਿਨ ਡੀ ਦਾ ਵੀ ਵਧੀਆ ਸਰੋਤ ਹਨ ਜੋ ਸਰੀਰ ਨੂੰ ਕੈਲਸ਼ੀਅਮ ਸੋਖਣ ਵਿੱਚ ਮਦਦ ਕਰਦਾ ਹੈ। ਇਸ ਵਿਟਾਮਿਨ ਦੀ ਕਮੀ ਨਾਲ ਥਕਾਵਟ ਮਹਿਸੂਸ ਹੋ ਸਕਦੀ ਹੈ, ਮਾਸਪੇਸ਼ੀਆਂ ਦੀ ਕਾਰਗੁਜ਼ਾਰੀ ਘੱਟ ਸਕਦੀ ਹੈ ਅਤੇ ਡਿੱਗਣ ਦਾ ਖ਼ਤਰਾ ਵੱਧ ਸਕਦਾ ਹੈ।

ਕੀ ਹੱਡੀਆਂ ਦੀ ਮਜਬੂਤੀ ਲਈ ਸਪਲੀਮੈਂਟ ਲੈਣੇ ਚਾਹੀਦੇ ਹਨ ?

ਕੈਲਸ਼ੀਅਮ ਸਪਲੀਮੈਂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੱਡੀਆਂ ਦੀ ਸਿਹਤ ਲਈ ਸਪਲੀਮੈਂਟ ਲੈਣ ਦੇ ਫਾਇਦਿਆਂ ਬਾਰੇ ਖੋਜਕਾਰਾਂ ਵਿੱਚ ਅਜੇ ਵੀ ਇੱਕੋ ਜਿਹੀ ਰਾਇ ਨਹੀਂ ਹੈ (ਸੰਕੇਤਕ ਤਸਵੀਰ)

ਲੰਡਨ ਦੇ ਗਾਇਜ਼ ਹਸਪਤਾਲ ਦੇ ਓਸਟੀਓਪੋਰੋਸਿਸ ਯੂਨਿਟ ਦੇ ਖੋਜਕਾਰ ਅਮੇਲੀਆ ਮੂਰੇ ਕਹਿੰਦੇ ਹਨ ਕਿ ਹੱਡੀਆਂ ਦੀ ਸਿਹਤ ਲਈ ਸਪਲੀਮੈਂਟ ਲੈਣ ਦੇ ਫਾਇਦਿਆਂ ਬਾਰੇ ਖੋਜਕਾਰਾਂ ਵਿੱਚ ਅਜੇ ਵੀ ਇੱਕੋ ਜਿਹੀ ਰਾਇ ਨਹੀਂ ਹੈ। ਵੱਖ-ਵੱਖ ਅਧਿਐਨਾਂ ਦੇ ਨਤੀਜੇ ਇੱਕ-ਦੂਜੇ ਨਾਲ ਮੇਲ ਨਹੀਂ ਖਾਂਦੇ।

ਉਨ੍ਹਾਂ ਮੁਤਾਬਕ, ਸਪਲੀਮੈਂਟ ਕਿੰਨੇ ਪ੍ਰਭਾਵਸ਼ਾਲੀ ਹਨ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਹੋ ਜਿਹੀ ਆਬਾਦੀ ਇਸ ਦਾ ਸੇਵਨ ਕਰ ਰਹੀ ਹੈ।

ਖੋਜਾਂ ਤੋਂ ਪਤਾ ਲੱਗਦਾ ਹੈ ਕਿ ਵਿਟਾਮਿਨ ਡੀ ਦੇ ਸਪਲੀਮੈਂਟ ਸਿਹਤਮੰਦ ਲੋਕਾਂ ਵਿੱਚ ਹੱਡੀਆਂ ਟੁੱਟਣ ਦੇ ਖ਼ਤਰੇ ਨੂੰ ਘਟਾਉਣ ਵਿੱਚ ਖ਼ਾਸ ਮਦਦਗਾਰ ਨਹੀਂ ਹੁੰਦੇ। ਹਾਲਾਂਕਿ, ਪਹਿਲਾਂ ਦੀਆਂ ਕੁਝ ਖੋਜਾਂ ਵਿੱਚ ਇਹ ਸਾਹਮਣੇ ਆਇਆ ਸੀ ਕਿ ਇਹ ਬਜ਼ੁਰਗਾਂ ਵਿੱਚ ਡਿੱਗਣ ਦੇ ਖ਼ਤਰੇ ਨੂੰ ਘਟਾ ਸਕਦੇ ਹਨ।

ਪਰ ਜੇ ਵਿਟਾਮਿਨ ਡੀ ਬਹੁਤ ਜ਼ਿਆਦਾ ਮਾਤਰਾ ਵਿੱਚ (100 ਮਾਈਕ੍ਰੋਗ੍ਰਾਮ ਤੋਂ ਵੱਧ, ਜੋ ਕਿ ਰੋਜ਼ਾਨਾ ਸਿਫ਼ਾਰਸ਼ ਕੀਤੀ ਜਾਣ ਵਾਲੀ 10–15 ਮਾਈਕ੍ਰੋਗ੍ਰਾਮ ਮਾਤਰਾ ਨਾਲੋਂ ਕਾਫ਼ੀ ਵੱਧ ਹੈ) ਲਿਆ ਜਾਵੇ ਤਾਂ ਇਸ ਨਾਲ ਡਿੱਗਣ ਦਾ ਖ਼ਤਰਾ ਵਧ ਸਕਦਾ ਹੈ।

ਪ੍ਰੋਫੈਸਰ ਡੌਅਸਨ-ਹਿਊਗਜ਼ ਕਹਿੰਦੇ ਹਨ, "ਇਸ ਦਾ ਮਤਲਬ ਹੈ ਕਿ ਜ਼ਿਆਦਾ ਮਾਤਰਾ ਹਮੇਸ਼ਾ ਚੰਗੀ ਨਹੀਂ ਹੁੰਦੀ।"

ਉਹ ਕਹਿੰਦੇ ਹਨ ਕਿ ਇਸ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੈ ਪਰ ਸੰਭਵ ਹੈ ਕਿ ਬਹੁਤ ਜ਼ਿਆਦਾ ਵਿਟਾਮਿਨ ਡੀ ਇੱਕ ਅਜਿਹੇ ਹਾਰਮੋਨ ਦਾ ਪੱਧਰ ਵਧਾ ਦਿੰਦਾ ਹੈ ਜੋ ਸਰੀਰ ਲਈ ਉਪਲਬਧ ਵਿਟਾਮਿਨ ਡੀ ਦੀ ਮਾਤਰਾ ਘਟਾ ਦਿੰਦਾ ਹੈ।

ਹਾਲਾਂਕਿ ਅਮਰੀਕਾ ਅਤੇ ਯੂਕੇ ਵਿੱਚ ਬਾਲਗਾਂ ਨੂੰ ਵਿਟਾਮਿਨ ਡੀ ਦੇ ਸਪਲੀਮੈਂਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਹਾਲਾਂਕਿ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਸਪਲੀਮੈਂਟ ਮੁੱਖ ਤੌਰ 'ਤੇ ਬਜ਼ੁਰਗਾਂ ਜਾਂ ਉਨ੍ਹਾਂ ਲੋਕਾਂ ਲਈ ਜ਼ਰੂਰੀ ਹਨ ਜੋ ਧੁੱਪ ਵਿੱਚ ਘੱਟ ਰਹਿੰਦੇ ਹਨ।

ਪ੍ਰੋਫੈਸਰ ਬੇੱਸ ਡੌਅਸਨ-ਹਿਊਗਜ਼ ਦਾ ਬਿਆਨ

ਦੁਨੀਆ ਭਰ ਵਿੱਚ ਲਗਭਗ 15 ਫ਼ੀਸਦੀ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀ ਪਾਈ ਜਾਂਦੀ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਵੱਧ ਹੁੰਦੀ ਹੈ।

ਦੂਜੇ ਪਾਸੇ, ਕੈਲਸ਼ੀਅਮ ਦੇ ਸਪਲੀਮੈਂਟ ਸਿਰਫ਼ ਉਨ੍ਹਾਂ ਲੋਕਾਂ ਲਈ ਸਿਫ਼ਾਰਸ਼ ਕੀਤੇ ਜਾਂਦੇ ਹਨ ਜੋ ਆਪਣੀ ਰੋਜ਼ਾਨਾ ਖੁਰਾਕ ਤੋਂ ਲੋੜੀਂਦਾ ਕੈਲਸ਼ੀਅਮ ਨਹੀਂ ਲੈ ਸਕਦੇ।

ਮਾਹਰ ਸੇਗਨ ਜ਼ੈਕ-ਵਰਗੀਜ਼ ਨੇ ਬੀਬੀਸੀ ਦੇ ਵੱਟਸ ਅਪ ਡੌਕਸ ਪੌਡਕਾਸਟ ਵਿੱਚ ਕਿਹਾ, "ਜੇ ਤੁਹਾਡੀ ਖੁਰਾਕ ਵਿੱਚ ਦੁੱਧ ਤੋਂ ਬਣੀਆਂ ਚੀਜ਼ਾਂ, ਪ੍ਰੋਟੀਨ, ਹਰੀਆਂ ਪੱਤੇਦਾਰ ਸਬਜ਼ੀਆਂ, ਮੱਛੀ ਅਤੇ ਮਾਸ ਸ਼ਾਮਿਲ ਹਨ ਤਾਂ ਤੁਹਾਨੂੰ ਲੋੜੀਂਦੇ ਲਗਭਗ ਸਾਰੇ ਵਿਟਾਮਿਨ ਅਤੇ ਖਣਿਜ ਮਿਲ ਜਾਂਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਖੁਰਾਕ ਵਿੱਚ ਇਹ ਸਭ ਨਹੀਂ ਹੁੰਦਾ। ਅਜਿਹੇ ਲੋਕਾਂ ਨੂੰ ਸ਼ਾਇਦ ਸਪਲੀਮੈਂਟ ਦੀ ਲੋੜ ਪੈ ਸਕਦੀ ਹੈ।"

ਕੁਦਰਤੀ ਤੌਰ 'ਤੇ ਕੈਲਸ਼ੀਅਮ ਵਾਲੇ ਕਈ ਵੀਗਨ ਭੋਜਨ ਵੀ ਹਨ, ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ, ਤਿਲ ਅਤੇ ਵੱਖ-ਵੱਖ ਕਿਸਮਾਂ ਦੀਆਂ ਦਾਲਾਂ।

ਕਈ ਲੋਕਾਂ ਨੂੰ ਇਨ੍ਹਾਂ ਭੋਜਨਾਂ ਤੋਂ ਹੀ ਲੋੜੀਂਦਾ ਕੈਲਸ਼ੀਅਮ ਮਿਲ ਸਕਦਾ ਹੈ।

ਪਰ ਇੱਕ ਮੈਟਾ-ਵਿਸ਼ਲੇਸ਼ਣ ਵਿੱਚ ਪਤਾ ਲੱਗਿਆ ਕਿ ਵੀਗਨ ਲੋਕ ਆਮ ਤੌਰ 'ਤੇ ਸਰਵਭੋਜੀਆਂ ਜਾਂ ਸ਼ਾਕਾਹਾਰੀਆਂ ਨਾਲੋਂ ਘੱਟ ਕੈਲਸ਼ੀਅਮ ਲੈਂਦੇ ਹਨ। ਇਸ ਲਈ ਮਾਹਰ ਸਲਾਹ ਦਿੰਦੇ ਹਨ ਕਿ ਵੀਗਨ ਲੋਕ ਕੈਲਸ਼ੀਅਮ ਨਾਲ ਭਰਪੂਰ ਭੋਜਨ ਜਾਂ ਲੋੜ ਪੈਣ 'ਤੇ ਸਪਲੀਮੈਂਟ ਬਾਰੇ ਵਿਚਾਰ ਕਰ ਸਕਦੇ ਹਨ।

ਮੂਰੇ ਕਹਿੰਦੇ ਹਨ, "ਆਮ ਤੌਰ 'ਤੇ ਆਪਣੀਆਂ ਹੱਡੀਆਂ ਨੂੰ ਸਿਹਤਮੰਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਇੱਕ ਸਿਹਤਮੰਦ, ਸੰਤੁਲਿਤ ਅਤੇ ਵਿਭਿੰਨਤਾ ਭਰੀ ਖੁਰਾਕ ਲੈਣਾ।" ਅਤੇ ਨਾਲ ਹੀ ਭਾਰ ਚੁੱਕਣ ਵਾਲੀਆਂ ਕਸਰਤਾਂ ਵੀ ਮਦਦਗਾਰ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)