'ਲੋਕਾਂ ਦਾ ਕਹਿਣਾ ਹੈ ਜਿਹੜੇ ਲਾਹੌਰ ਭੈੜੇ, ਉਹ ਇੱਥੇ ਵੀ ਭੈੜੇ'- ਪਾਕਿਸਤਾਨ 'ਚ ਨਵੇਂ ਸੂਬਿਆਂ ਬਾਰੇ ਹੋ ਰਹੀ ਚਰਚਾ 'ਤੇ ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਪਾਕਿਸਤਾਨ ਵਿੱਚ ਵੈਸੇ ਤਾਂ ਬੜੇ ਘਾਟੇ ਹਨ। ਇਹ ਜ਼ਰਾਇਤੀ ਮੁਲਕ ਹੈ, ਪਰ ਇੱਥੇ ਸਾਡੀ ਰੋਟੀ ਪੂਰੀ ਨਹੀਂ ਹੁੰਦੀ। ਇਹ ਇਸਲਾਮੀ ਮੁਲਕ ਵੀ ਹੈ, ਪਰ ਹਰ ਰੋਜ਼ ਕਿਤੇ ਨਾ ਕਿਤੇ ਇੱਕ ਜਨਾਨੀ ਨੂੰ ਉਸ ਦੇ ਆਪਣੇ ਘਰ ਵਾਲੇ ਕੋਹ ਛੱਡਦੇ ਹਨ।
ਵੈਸੇ ਤਾਂ ਇਹ ਜਮਹੂਰੀ ਮੁਲਕ ਵੀ ਹੈ, ਲੇਕਿਨ ਅਗਰ ਤੁਸੀਂ ਐਸਟੈਬਲਿਸ਼ਮੈਂਟ ਦੇ ਖ਼ਿਲਾਫ਼ ਸਾਜ਼ਿਸ਼ ਕਰੋ ਤਾਂ ਸਿੱਧੇ ਜੇਲ੍ਹ ਵਿੱਚ। ਅਗਰ ਕਿਸੇ ਜੇਲ੍ਹ ਜਾਣ ਵਾਲੇ ਦੇ ਹੱਕ ਵਿੱਚ ਮੁਜ਼ਾਹਰਾ ਕਰੋ ਜਾਂ ਟਵੀਟ ਵੀ ਕਰ ਛੱਡੋ ਤਾਂ ਫਿਰ ਵੀ ਤੁਸੀਂ ਜੇਲ੍ਹ ਵਿੱਚ।
ਹੁਣ ਸਾਡੇ ਵੱਡਿਆਂ ਨੇ ਫ਼ੈਸਲਾ ਕੀਤਾ ਹੈ ਕਿ ਅਸਲ ਵਿੱਚ ਮੁਲਕ ਨੂੰ ਜ਼ਿਆਦਾ ਸੂਬਿਆਂ ਦੀ ਲੋੜ ਹੈ।
ਨਵੇਂ ਸੂਬੇ ਬਣਾਓ ਅਤੇ ਇੱਥੇ ਸੱਤੇ ਖ਼ੈਰਾਂ ਹੋ ਜਾਣਗੀਆਂ। ਜਿਨ੍ਹਾਂ ਨੂੰ ਨਵੇਂ ਸੂਬਿਆਂ ਦਾ ਆਈਡੀਆ ਪਸੰਦ ਨਹੀਂ, ਉਨ੍ਹਾਂ ਨੂੰ ਇਹ ਕਹਿ ਕੇ ਸਮਝਾਇਆ ਜਾ ਰਿਹਾ ਹੈ ਕਿ ਅਸੀਂ ਦਰਅਸਲ ਪ੍ਰਸ਼ਾਸਕੀ ਇਕਾਈ ਬਣਾਉਣਾ ਚਾਹ ਰਹੇ ਹਾਂ।
ਇਹ ਆਈਡੀਆ ਤਾਂ ਪੁਰਾਣਾ ਹੈ ਅਤੇ ਜੇ ਨੀਤ ਠੀਕ ਹੁੰਦੀ ਤਾਂ ਸ਼ਾਇਦ ਲੋਕ ਮੰਨ ਵੀ ਲੈਂਦੇ।
ਲੌਜਿਕ ਇਹ ਹੈ ਕਿ ਪਾਕਿਸਤਾਨ ਦੀ ਆਬਾਦੀ ਬਹੁਤ ਵੱਧ ਗਈ ਹੈ, ਲੇਕਿਨ ਸਰਕਾਰ ਅਜੇ ਸਿਰਫ਼ ਚਾਰ-ਪੰਜ ਵੱਡੇ ਸ਼ਹਿਰਾਂ ਵਿੱਚ ਹੀ ਹੈ। ਜੇ ਕਿਸੇ ਨੇ ਸਰਕਾਰ ਨੂੰ ਅਪੀਲ ਕਰਨੀ ਹੋਵੇ ਅਤੇ ਰਾਜਨਪੁਰ ਰਹਿੰਦਾ ਹੋਵੇ ਤਾਂ ਉਸਨੂੰ ਲਾਹੌਰ ਜਾਣਾ ਪੈਂਦਾ ਹੈ।
ਇਸੇ ਤਰ੍ਹਾਂ ਬੰਦੇ ਨੂੰ ਕੰਮ ਕਸ਼ਮੋਰ ਪੈਂਦਾ ਹੈ, ਲੇਕਿਨ ਉਸ ਨੂੰ ਲੰਬਾ ਪੈਂਡਾ ਕਰਕੇ ਕਰਾਚੀ ਪਹੁੰਚਣਾ ਪੈਂਦਾ ਹੈ।
ਖ਼ਾਬ ਇਹ ਵਿਖਾਇਆ ਜਾ ਰਿਹਾ ਹੈ ਕਿ ਸਰਕਾਰ ਆਵਾਮ ਦੇ ਕੋਲ ਹੋ ਜਾਏਗੀ। ਇਨਸਾਫ਼ ਲੈਣ ਲਈ ਤੁਹਾਨੂੰ ਜ਼ਿਆਦਾ ਪੈਂਡਾ ਨਹੀਂ ਕਰਨਾ ਪਏਗਾ।
ਪਰ ਆਵਾਮ ਨੂੰ ਸਰਕਾਰ ਦੀ ਨੀਤ 'ਤੇ ਸ਼ੱਕ ਹੈ। ਉਹ ਸਮਝਦੀ ਹੈ ਕਿ ਸਰਕਾਰ ਛੋਟੇ ਸੂਬੇ ਬਣਾ ਕੇ ਸਾਡਾ ਹੱਕ ਸਾਨੂੰ ਦੇਣ ਨਹੀਂ ਆ ਰਹੀ। ਜੋ ਥੋੜ੍ਹਾ-ਬਹੁਤ ਹੱਕ ਸਾਡੇ ਕੋਲ ਬਚਿਆ ਹੋਇਆ ਹੈ, ਉਹ ਵੀ ਆ ਕੇ ਖੋਹਣਾ ਚਾਹੁੰਦੀ ਹੈ।
ਮਸਲੇ ਤਾਰੀਖ਼ੀ ਵੀ ਹਨ, ਜਜ਼ਬਾਤੀ ਵੀ। ਸਿੰਧ ਅਸੈਂਬਲੀ ਨੇ ਕਹਿ ਦਿੱਤਾ ਹੈ ਕਿ ਸਿੰਧ ਧਰਤੀ ਦੀ ਮਾਂ ਹੈ ਅਤੇ ਅਸੀਂ ਇਸ ਦੇ ਟੋਟੇ ਨਹੀਂ ਹੋਣ ਦਿਆਂਗੇ।
ਪੰਜਾਬ ਨੂੰ ਆਪਣੀ ਪਹਿਲੀ ਪਾਰਟੀਸ਼ਨ ਭੁੱਲ-ਭੁਲਾ ਗਈ ਹੈ। ਉਨ੍ਹਾਂ ਨੇ ਇਹ ਕਿਹਾ ਹੈ ਕਿ ਅਗਰ ਬਾਕੀ ਆਪਣੇ ਟੋਟੇ ਕਰਾਉਣ 'ਤੇ ਮੰਨ ਜਾਣ ਤਾਂ ਫਿਰ ਤੁਸੀਂ ਸਾਡੇ ਵੀ ਕਰ ਲੈਣਾ।
ਇਸ ਰੌਲੇ ਵਿੱਚ ਬਾਕੀ ਸੂਬਿਆਂ ਦੀ ਅਜੇ ਤੱਕ ਕਿਸੇ ਨੇ ਸੁਣੀ ਵੀ ਨਹੀਂ।
ਲੋਕਾਂ ਨੂੰ ਅਸਲ ਸ਼ੱਕ ਇਹ ਹੈ ਕਿ ਤੁਸੀਂ ਪਾਕਿਸਤਾਨ ਦੇ ਨਕਸ਼ੇ 'ਤੇ ਜਿੰਨੀਆਂ ਮਰਜ਼ੀ ਲਕੀਰਾਂ ਖਿੱਚ ਦਿਓ, ਜੇ ਹੁਕਮਰਾਨਾਂ ਨੇ ਆਪਣੀ ਕਰਤੂਤ ਠੀਕ ਨਾ ਕੀਤੀ ਤਾਂ ਭਾਵੇਂ ਹਰ ਪਿੰਡ, ਹਰ ਬਸਤੀ ਨੂੰ ਸੂਬਾ ਬਣਾ ਦਿਓ, ਸਾਡਾ ਭਲਾ ਨਹੀਂ ਜੇ ਹੋਣ ਲੱਗਾ।

ਤਸਵੀਰ ਸਰੋਤ, Getty Images
ਜਦੋਂ ਉਨ੍ਹਾਂ ਨੂੰ ਸਰਕਾਰ ਦੱਸਦੀ ਹੈ ਕਿ ਪੰਜ ਦੀ ਬਜਾਏ ਅਸੀਂ ਉੱਨੀ ਜਾਂ ਵੀਹ ਸੂਬੇ ਕਰ ਦੇਣੇ ਹਨ ਅਤੇ ਸਭ ਸੈੱਟ ਹੋ ਜਾਏਗਾ, ਤਾਂ ਲੋਕੀਂ ਇਹ ਪੁੱਛਦੇ ਹਨ ਕਿ ਫਿਰ ਸਾਡੇ ਵੀਹ ਮੁੱਖ ਮੰਤਰੀ ਹੋਣਗੇ। ਫਿਰ ਉਨ੍ਹਾਂ ਦੀਆਂ ਗੱਡੀਆਂ, ਉਨ੍ਹਾਂ ਦੇ ਸੁਰੱਖਿਆ ਗਾਰਡ ਵੀ ਛੋਟੇ ਹੋ ਜਾਣਗੇ।
ਇੱਥੇ ਤਾਂ ਹਰ ਜ਼ਿਲ੍ਹੇ ਦਾ ਡੀਸੀ ਤੇ ਐੱਸਪੀ ਵੀ ਇੰਝ ਰਹਿੰਦਾ ਹੈ ਜਿਵੇਂ ਕੋਈ ਵਿਗੜਿਆ ਨਵਾਬਜ਼ਾਦਾ ਹੋਵੇ। ਉੱਥੇ ਸੂਬੇ ਛੋਟੇ ਕਰ ਦਿਓ ਅਤੇ ਸਰਕਾਰ ਤਾਂ ਵੱਡੀ ਰਹੇਗੀ। ਇਸ ਵੱਡੀ ਸਰਕਾਰ ਦਾ ਖ਼ਰਚਾ ਕੌਣ ਚੁੱਕੇਗਾ?
ਲੋਕਾਂ ਦਾ ਖ਼ਿਆਲ ਹੈ ਕਿ ਨਵੇਂ ਸੂਬਿਆਂ ਦੀ ਨਵੀਂ ਸਰਕਾਰ ਉਨ੍ਹਾਂ ਦੇ ਖੀਸੇ ਵਿੱਚੋਂ ਆਖ਼ਰੀ ਰੁਪਈਆ ਕੱਢਣ ਦੀ ਤਿਆਰੀ ਕਰ ਰਹੀ ਹੈ।
ਸਾਡੇ ਜਿਹੜੇ ਹੁਣ ਚੁਣੇ ਹੋਏ ਹੁਕਮਰਾਨ ਹਨ, ਉਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਛੋਟੇ ਸ਼ਹਿਰਾਂ ਤੋਂ, ਪਿੰਡਾਂ ਤੋਂ ਚੁਣੇ ਹੋ ਕੇ ਆਏ ਸਨ।
ਜੋ ਉਨ੍ਹਾਂ ਨੇ ਇਸਲਾਮਾਬਾਦ ਅਤੇ ਲਾਹੌਰ ਦੀਆਂ ਅਸੈਂਬਲੀਆਂ ਵਿੱਚ ਬਹਿ ਕੇ ਕੀਤਾ ਹੈ, ਉਹੀ ਉਹ ਛੋਟੀਆਂ ਅਸੈਂਬਲੀਆਂ ਵਿੱਚ ਬਹਿ ਕੇ ਕਰ ਲੈਣਗੇ।
ਜਦੋਂ ਕੋਈ ਵੀਂਗਾ ਬੰਦਾ ਕਿਸੇ ਛੋਟੇ ਸ਼ਹਿਰ ਤੋਂ ਜਾ ਕੇ ਲਾਹੌਰ ਵੱਸ ਜਾਂਦਾ ਸੀ ਅਤੇ ਉਸ ਦੇ ਬਾਰੇ ਕਹਿੰਦੇ ਸਨ ਕਿ ਜਿਹੜੇ ਇੱਥੇ ਭੈੜੇ, ਉਹ ਲਾਹੌਰ ਵੀ ਭੈੜੇ ਤੇ ਜਦੋਂ ਸਾਡੇ ਇਹੋ ਹੁਕਮਰਾਨ ਇਸਲਾਮਾਬਾਦ, ਲਾਹੌਰ, ਕਰਾਚੀ, ਪੇਸ਼ਾਵਰ, ਕੋਇਟਾ ਤੋਂ ਆ ਕੇ ਛੋਟੇ ਸੂਬੇ ਚਲਾਉਣਗੇ ਤਾਂ ਲੋਕਾਂ ਨੂੰ ਤਾਂ ਇਹੀ ਸ਼ੱਕ ਰਹਿਣਾ ਹੈ ਕਿ ਜਿਹੜੇ ਲਾਹੌਰ ਭੈੜੇ, ਉਹ ਇੱਥੇ ਵੀ ਭੈੜੇ।
ਰੱਬ ਰਾਖਾ!
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























