ਕੀ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਸਟੈਂਟ ਲਗਾਉਣ ਤੋਂ ਬਾਅਦ ਵੀ ਰਹਿੰਦਾ ਹੈ, ਏਂਜਿਓਪਲਾਸਟੀ ਤੋਂ ਬਾਅਦ ਜਿਣਸੀ ਸਬੰਧ, ਕਸਰਤ ਅਤੇ ਨਿਯਮਿਤ ਜਾਂਚ ਬਾਰੇ ਡਾਕਟਰ ਕੀ ਕਹਿੰਦੇ

ਕੰਪੋਜ਼ਿਟ ਤਸਵੀਰ ਵਿੱਚ ਸੀਨੇ 'ਤੇ ਦੋਹੇਂ ਹੱਥ ਰੱਖੇ ਕੇ ਖੜ੍ਹਾ ਨੌਜਵਾਨ। ਬੈਕਗਰਾਊਂਡ ਵਿੱਚ ਖੂਨ ਨਾੜੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੈਂਟ ਦਿਲ ਦੀਆਂ ਬਿਮਾਰੀਆਂ ਦੇ ਮੂਲ ਕਾਰਨ ਨੂੰ ਨਹੀਂ ਰੋਕਦਾ (ਸੰਕੇਤਕ ਤਸਵੀਰ)
    • ਲੇਖਕ, ਓਂਕਾਰ ਕਰੰਬੇਲਕਰ
    • ਰੋਲ, ਬੀਬੀਸੀ ਮਰਾਠੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 13 ਮਿੰਟ

ਜਦੋਂ ਗੱਲ ਦਿਲ ਨਾਲ ਜੁੜੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਡੇ ਕੋਲ ਜਿੰਨੀ ਜ਼ਿਆਦਾ ਜਾਣਕਾਰੀ ਹੁੰਦੀ ਹੈ ਓਨੀਆਂ ਵੀ ਗਲਤ ਫਹਿਮੀਆਂ ਵੀ ਹੁੰਦੀਆਂ ਹਨ।

ਅਕਸਰ, ਏਂਜਿਓਪਲਾਸਟੀ ਅਤੇ ਸਟੈਂਟ ਲਗਵਾਉਣ ਬਾਅਦ ਵਿਅਕਤੀ ਨੂੰ ਅਜਿਹਾ ਲਗਦਾ ਹੈ ਜਿਵੇਂ ਉਸ ਦਾ ਦਿਲ ਦਾ ਰੋਗ ਠੀਕ ਹੋ ਗਿਆ ਹੈ। ਹਾਲਾਂਕਿ ਸਟੈਂਟ ਦਿਲ ਦੀਆਂ ਬਿਮਾਰੀਆਂ ਦੇ ਮੂਲ ਕਾਰਨ ਨੂੰ ਨਹੀਂ ਰੋਕਦਾ। ਸਟੈਂਟ ਸਿਰਫ਼ ਖੂਨ ਦੀਆਂ ਨਾੜੀਆਂ ਵਿੱਚ ਹੋਈ ਬਲੌਕੇਜ ਨੂੰ ਹਟਾਉਂਦਾ ਹੈ।

ਇਸ ਲਈ ਰੋਗੀਆਂ ਅਤੇ ਆਮ ਤੌਰ 'ਤੇ ਸਾਰੇ ਲੋਕਾਂ ਲਈ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੈ। ਚਰਬੀ, ਕੋਲੈਸਟ੍ਰੋਲ ਅਤੇ ਹੋਰ ਪਦਾਰਥਾਂ ਦੇ ਜੰਮਣ ਦੀ ਪ੍ਰਕਿਰਿਆ ਸਰੀਰ ਅੰਦਰਲ ਹੋਰ ਖੂਨ ਦੀਆਂ ਨਾੜੀਆਂ ਵਿੱਚ ਚਲਦੀ ਰਹਿੰਦੀ ਹੈ।

ਇਸ ਲਈ ਏਂਜਿਓਪਲਾਸਟੀ ਤੋਂ ਬਾਅਦ ਵੀ, ਮਰੀਜ਼ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਹੈ। ਸਟੈਂਟ ਵਰਤਣ ਦਾ ਮਤਲਬ ਇਹ ਨਹੀਂ ਹੈ ਕਿ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਅਤੇ ਹੁਣ ਅਜਿਹਾ ਨਹੀਂ ਹੈ ਕਿ ਤੁਸੀਂ ਕੁਝ ਵੀ ਕਰ ਲਓ, ਇਹ ਕੰਮ ਕਰੇਗਾ ਹੀ।

ਇਸ ਦੇ ਉਲਟ ਜਿਨ੍ਹਾਂ ਮਰੀਜ਼ਾਂ ਦੇ ਸਰੀਰ ਵਿੱਟ ਸਟੰਟ ਲਗਾਏ ਗਏ ਹਨ ਉਨ੍ਹਾਂ ਨੂੰ ਭਵਿੱਖ ਵਿੱਚ ਦਿਲ ਦੇ ਰੋਗ ਦੇ ਜੋਖਮ ਘੱਟ ਕਰਨ ਲਈ ਜ਼ਿਆਦਾ ਸਤਰਕ ਰਹਿਣ ਦੀ ਲੋੜ ਹੈ।

ਜਿਨ੍ਹਾਂ ਮਰੀਜ਼ਾਂ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ ਜਾਂ ਜਿਨ੍ਹਾਂ ਦੇ ਸਰੀਰ ਵਿੱਚ ਸਟੈਂਟ ਲਗਾਇਆ ਗਿਆ ਹੈ, ਉਨ੍ਹਾਂ ਨੂੰ ਆਮ ਅਬਾਦੀ ਦੀ ਤੁਲਨਾ ਵਿੱਚ ਦੁਬਾਰਾ ਦਿਲ ਦਾ ਦੌਰਾ ਪੈਣ, ਸਟ੍ਰੋਕ ਹੋਣ ਜਾਂ ਦਿਲ ਸਬੰਧੀ ਹੋਰ ਜਟਿਲਤਾਵਾਂ ਦਾ ਖਤਰਾ ਵੱਧ ਹੁੰਦਾ ਹੈ।

ਇਸ ਰਿਸਕ ਨੂੰ ਘੱਟ ਕਰਨ ਲਈ ਐਲਡੀਐਲ ਕੋਲੈਸਟ੍ਰੋਲ, ਖੂਨ ਦਾ ਦਬਾਅ, ਬਲੱਡ ਸ਼ੂਗਰ, ਭਾਰ ਅਤੇ ਗੁਰਦਿਆਂ ਦੀ ਕਾਰਜ ਪ੍ਰਣਾਲੀ ਦੀ ਨਿਯਮਿਤ ਰੂਪ ਨਾਲ ਨਿਗਰਾਨੀ ਕਰਨਾ ਜ਼ਰੂਰੀ ਹੈ।

ਇਸ ਦੇ ਨਾਲ ਹੀ ਨਿਯਮਿਤ ਰੂਪ ਵਿੱਚ ਦਵਾਈ ਲੈਣਾ, ਸ਼ਰਾਬ ਅਤੇ ਤੰਬਾਕੂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ, ਨਿਯਮਿਤ ਕਸਰਤ ਕਰਨਾ, ਸੰਤੁਲਿਤ ਅਹਾਰ ਖਾਣਾ ਅਤੇ ਮਾਨਸਿਕ ਸਿਹਤ 'ਤੇ ਧਿਆਨ ਦੇਣਾ ਵੀ ਓਨਾਂ ਹੀ ਮਹੱਤਵਪੂਰਨ ਹੈ।

ਇਸ ਲਈ ਅਸੀਂ ਇਸ ਗੱਲ 'ਤੇ ਗੌਰ ਕਰਾਂਗੇ ਕਿ ਏਂਜਿਓਪਲਾਸਟੀ ਤੋਂ ਬਾਅਦ ਮਰੀਜ਼ਾਂ ਨੂੰ ਅਸਲ ਵਿੱਚ ਕੀ ਕਰਨਾ ਚਾਹੀਦਾ ਹੈ, ਨਿਯਮਿਤ ਰੂਪ ਵਿੱਚ ਕਿਹੜੇ ਟੈਸਟ ਕੀਤੇ ਜਾਣੇ ਚਾਹੀਦੇ ਹਨ ਅਤੇ ਕਿਹੜੇ ਲੱਛਣ ਖਤਰੇ ਦਾ ਸੰਕੇਤ ਦੇ ਸਕਦੇ ਹਨ।

ਸਟੈਂਟ ਅਸਲ ਵਿੱਚ ਕੀ ਹੁੰਦਾ ਹੈ ?

ਮਨੁੱਖੀ ਦਿਲ ਦਾ ਮਾਡਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੈਂਟ ਦਾ ਕੰਮ ਖੂਨ ਵਾਹਕ ਨਾੜੀ ਦੇ ਮੁੜ ਸੰਘੜਨ ਨੂੰ ਰੋਕਣਾ ਅਤੇ ਦਿਲ ਤੱਕ ਖੂਨ ਦਾ ਸੁਚਾਰੂ ਪ੍ਰਵਾਹ ਸੁਨਿਸ਼ਚਿਤ ਕਰਨਾ ਹੈ।

ਏਂਜਿਓਪਲਾਸਟੀ ਦੌਰਾਨ ਲਗਾਇਆ ਜਾਣ ਵਾਲਾ ਸਟੰਟ ਇੱਕ ਬਹੁਤ ਪਤਲੀ, ਜਾਲੀਦਾਰ ਧਾਤੂ ਦੀ ਨਲੀ ਹੁੰਦੀ ਹੈ। ਕੋਰੋਨਰੀ ਧਮਣੀ ਵਿੱਚ ਰੁਕਾਵਟ ਕਾਰਨ ਸੁੰਗੜੇ ਹੋਏ ਹਿੱਸੇ ਨੂੰ ਗੁਬਾਰੇ ਦੀ ਮਦਦ ਨਾਲ ਚੌੜਾ ਕਰਨ ਤੋਂ ਬਾਅਦ ਉਸ ਵਿੱਚ ਇੱਕ ਸਟੈਂਟ ਪਾਇਆ ਜਾਂਦਾ ਹੈ।

ਇਸ ਦਾ ਕੰਮ ਖੂਨ ਵਾਹਕ ਨਾੜੀ ਦੇ ਮੁੜ ਸੰਘੜਨ ਨੂੰ ਰੋਕਣਾ ਅਤੇ ਦਿਲ ਤੱਕ ਖੂਨ ਦਾ ਸੁਚਾਰੂ ਪ੍ਰਵਾਹ ਸੁਨਿਸ਼ਚਿਤ ਕਰਨਾ ਹੈ।

ਅੱਜ ਕੱਲ੍ਹ ਜ਼ਿਆਦਾਤਰ ਥਾਂਵਾਂ 'ਤੇ ਡਰੱਗ ਏਲਿਉਟਿੰਗ ਸਟੰਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਸਟੈਂਟਾਂ 'ਤੇ ਖਾਸ ਦਵਾਈਆਂ ਦੀ ਪਰਤ ਚੜ੍ਹੀ ਹੁੰਦੀ ਹੈ। ਇਹ ਪਰਤ ਖੂਨ ਦੀ ਨਾੜੀ ਦੇ ਅੰਦਰੂਨੀ ਹਿੱਸੇ ਵਿੱਚ ਵਾਧੂ ਟਿਸ਼ੂ ਦੇ ਵਾਧੇ ਨੂੰ ਘੱਟ ਕਰਨ ਵਿਚ ਮਦਦ ਕਰਦੀਆਂ ਹਨ ਅਤੇ ਨਾੜੀ ਦੇ ਦੁਬਾਰਾ ਸੁੰਗੜਨ ਦੇ ਖ਼ਤਰੇ ਨੂੰ ਘਟਾਉਂਦੀਆਂ ਹਨ।

ਹਾਲਾਂਕਿ ਸਟੈਂਟ, ਦਿਲ ਦੇ ਰੋਗਾਂ ਦਾ ਸਥਾਈ ਇਲਾਜ ਨਹੀਂ ਹੈ। ਇਹ ਸਿਰਫ਼ ਬਲੌਕੇਜ ਦਾ ਇਲਾਜ ਕਰਦਾ ਹੈ। ਇਸ ਲਈ ਸਟੈਂਟ ਰਿਪਲੇਸਮੈਂਟ ਤੋਂ ਬਾਅਦ ਵੀ ਕੋਲੈਸਟ੍ਰੋਲ ਕੰਟਰੋਲ ਕਰਨ, ਬਲੱਡ ਪ੍ਰੈਸ਼ਰ, ਸ਼ੂਗਰ, ਕਸਰਤ, ਖੁਰਾਕ ਅਤੇ ਦਵਾਈਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ।

ਮਾਹਿਰਾਂ ਮੁਤਾਬਕ, ਸਟੈਂਟ ਦੀ ਸਫਲਤਾ ਸਿਰਫ਼ ਇਸ ਦੀ ਪਲੇਸਮੈਂਟ 'ਤੇ ਹੀ ਨਹੀਂ ਬਲਕਿ ਉਸ ਤੋਂ ਬਾਅਦ ਲੰਬੇ ਸਮੇਂ ਦੀ ਨਿਯਮਿਤ ਜਾਂਚ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ 'ਤੇ ਵੀ ਨਿਰਭਰ ਕਰਦੀ ਹੈ।

ਕੀ ਸਟੈਂਟ ਪੈਣ ਦਾ ਮਤਲਬ ਹੈ ਕਿ ਦਿਲ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਗਈ ਹੈ?

ਖੂਨ ਨਾੜੀ ਵਿੱਚ ਪਾਏ ਸਟੈਂਟ ਦੀ ਤਸਵੀਰ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੈਂਟ ਬਦਲਣ ਤੋਂ ਬਾਅਦ ਵੀ, ਭਵਿੱਖ ਵਿੱਚ ਨਵੀਂ ਬਲੌਕੇਜ ਹੋ ਸਕਦੀ ਹੈ

ਏਂਜਿਓਪਲਾਸਟੀ ਬਾਰੇ ਸਭ ਤੋਂ ਵੱਡਾ ਭੁਲੇਖਾ ਇਹ ਹੈ ਕਿ ਸਟੈਂਟ ਬਦਲਣ ਬਾਅਦ ਦਿਲ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਅਸਲ ਵਿੱਚ, ਸਟੈਂਟ ਸਿਰਫ਼ ਖਾਸ ਜਗ੍ਹਾ ਦੀ ਬਲੌਕੇਜ ਹਟਾਉਂਦਾ ਹੈ। ਜਦਕਿ ਖੂਨ ਦੀਆਂ ਨਾੜੀਆਂ ਵਿੱਚ ਚਰਬੀ ਜਮ੍ਹਾ ਹੋਣ ਦੀ ਪ੍ਰਕਿਰਿਆ ਨਹੀਂ ਰੋਕਦਾ।

ਇਸ ਲਈ ਸਟੈਂਟ ਬਦਲਣ ਤੋਂ ਬਾਅਦ ਵੀ, ਭਵਿੱਖ ਵਿੱਚ ਨਵੀਂ ਬਲੌਕੇਜ ਹੋ ਸਕਦੀ ਹੈ ਅਤੇ ਖੂਨ ਦੀਆਂ ਹੋਰਾਂ ਨਾੜੀਆਂ ਵਿਚ ਸਮੱਸਿਆ ਆ ਸਕਦੀ ਹੈ।

ਇਸ ਲਈ ਦਿਲ ਦੇ ਮਾਹਿਰ ਡਾਕਟਰ ਦੂਜੇ ਪੜਾਅ ਦੇ ਬਚਾਅ 'ਤੇ ਜ਼ੋਰ ਦਿੰਦੇ ਹਨ- ਯਾਨੀ ਕਿ ਦੂਜੇ ਹਾਰਟ ਅਟੈਕ ਜਾਂ ਹੋਰ ਗੰਭੀਰ ਪੇਚੀਦਗੀਆਂ ਨੂੰ ਰੋਕਣ ਲਈ ਖ਼ਤਰੇ ਦੇ ਕਾਰਨਾਂ ਨੂੰ ਨਿਯੰਤਰਿਤ ਕਰਨਾ।

ਇਸ ਵਿਚ ਐਲਡੀਐਲ ਕੋਲੈਸਟ੍ਰੋਲ ਨੂੰ ਇੱਕ ਨਿਸ਼ਚਿਤ ਟੀਚੇ ਦੇ ਪੱਧਰ ਤੱਕ ਲਿਆਉਣਾ, ਬਲੱਡ ਪ੍ਰੈੱਸ਼ਰ ਕਾਬੂ ਵਿੱਚ ਰੱਖਣਾ, ਜੇ ਸ਼ੂਗਰ ਹੈ ਤਾਂ ਉਸ ਦਾ ਇਲਾਜ ਕਰਨਾ ਅਤੇ ਡਾਕਟਰ ਵੱਲੋਂ ਦੱਸੀ ਗਈ ਖੂਨ ਪਤਲਾ ਕਰਨ ਵਾਲੀਆਂ ਅਤੇ ਕੋਲੈਸਟ੍ਰੋਲ ਘੱਟ ਕਰਨ ਵਾਲੀਆਂ ਦਵਾਈਆਂ ਨੂੰ ਨਿਯਮਿਤ ਰੂਪ ਵਿੱਚ ਲੈਣਾ ਸ਼ਾਮਲ ਹੈ।

ਏਂਜੀਓਗ੍ਰਾਫ਼ੀ, ਏਂਜੀਓਪਲਾਸਟੀ, ਏਂਜਾਈਨਾ ਅਤੇ ਓਪਨ ਹਾਰਟ ਸਰਜਰੀ ਅਸਲ ਵਿੱਚ ਕੀ ਹੈ ?

ਮਨੁੱਖ ਦੇ ਚਿਤਰ ਵਿੱਚ ਦਿਲ ਨੂੰ ਜਾਂਦੀਆਂ ਵੱਖ ਵੱਖ ਨਾੜੀਆਂ ਦਿਖਾਈਆਂ ਗਈਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਂਜਾਈਨਾ ਇੱਕ ਲੱਛਣ ਹੈ, ਏਂਜੀਓਗ੍ਰਾਫੀ ਇੱਕ ਡਾਇਗਨੋਸਟਿਕ ਟੈਸਟ ਹੈ, ਏਂਜੀਓਪਲਾਸਟੀ ਇੱਕ ਇਲਾਜ ਹੈ ਅਤੇ ਬਾਈ ਪਾਸ ਸਰਜਰੀ ਜ਼ਿਆਦਾ ਗੰਭੀਰ ਬਲੌਕੇਜ ਲਈ ਇੱਕ ਮੈਡੀਕਲ ਸਰਜਰੀ ਵਿਕਲਪ ਹੈ।

ਦਿਲ ਦੇ ਰੋਗਾਂ ਦੀ ਗੱਲ ਕਰਦੇ ਵੇਲੇ ਏਂਜਿਓਗ੍ਰਾਫੀ, ਏਂਜੀਓਪਲਾਸਟੀ, ਏਂਜਾਈਨਾ ਅਤੇ ਓਪਨ ਹਰਟ ਸਰਜਰੀ ਜਿਹੇ ਸ਼ਬਦ ਅਕਸਰ ਸੁਣਨ ਨੂੰ ਮਿਲਦੇ ਹਨ। ਹਾਲਾਂਕਿ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਇਨ੍ਹਾਂ ਸ਼ਬਦਾਂ ਨੂੰ ਲੈ ਕੇ ਅਕਸਰ ਭਰਮ ਰਹਿੰਦਾ ਹੈ। ਇਹ ਚਾਰੋ ਵੱਖ ਵੱਖ ਹਨ ਅਤੇ ਇਨ੍ਹਾਂ ਦੇ ਮਕਸਦ ਵੀ ਵੱਖ ਹਨ। ਇਨ੍ਹਾਂ ਵਿਚਕਾਰ ਫਰਕ ਜਾਣਨਾ ਜ਼ਰੂਰੀ ਹੈ।

ਏਂਜਾਈਨਾ

ਏਂਜਾਈਨਾ ਛਾਤੀ ਵਿੱਚ ਦਬਾਅ, ਭਾਰੀਪਨ, ਦਰਦ ਜਾਂ ਬੇਚੈਨੀ ਦਾ ਅਹਿਸਾਸ ਹੈ ਜੋ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਖੂਨ ਦੀ ਸਪਲਾਈ ਘੱਟ ਹੋਣ ਕਾਰਨ ਹੁੰਦਾ ਹੈ। ਇਹ ਆਪਣੇ ਆਪ ਵਿਚ ਕੋਈ ਬਿਮਾਰੀ ਨਹੀਂ ਹੈ, ਪਰ ਦਿਲ ਨੂੰ ਖੂਨ ਦੀ ਸਪਲਾਈ ਕਰਨ ਵਾਲੀ ਕੋਰੋਨਰੀ ਧਮਣੀਆਂ ਵਿਚ ਸੁੰਘੜਨ ਜਾਂ ਰੁਕਾਵਟ ਦਾ ਸੰਕੇਤ ਹੋ ਸਕਦਾ ਹੈ। ਚੱਲਣ, ਪੌੜੀਆਂ ਚੜ੍ਹਣ ਜਾਂ ਕਸਰਤ ਕਰਨ 'ਤੇ ਇਹ ਲੱਛਣ ਹੋਰ ਵੀ ਵਿਗੜ ਸਕਦੇ ਹਨ।

ਕੋਰੋਨਰੀ ਏਂਜੀਓਗ੍ਰਾਫ਼ੀ

ਇਹ ਇੱਕ ਡਾਇਗਨੋਸਟਿਕ ਟੈਸਟ ਹੈ। ਇੱਕ ਪਤਲੀ ਟਿਊਬ ਨੂੰ ਬਾਂਹ ਜਾਂ ਪੱਟ ਦੀ ਨਾੜੀ ਰਾਹੀਂ ਕੋਰੋਨਰੀ ਧਮਣੀਆਂ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਵਿਚ ਇੱਕ ਖਾਸ ਰੰਗਦਾਰ ਤਰਲ ਇੰਜੈਕਟ ਕੀਤਾ ਜਾਂਦਾ ਹੈ ਅਤੇ ਧਮਣੀਆਂ ਵਿੱਚ ਬਲੌਕੇਜ ਦੀ ਜਾਂਚ ਕਰਨ ਲਈ ਐਕਸ-ਰੇ ਲਿਆ ਜਾਂਦਾ ਹੈ। ਏਂਜੀਓਗ੍ਰਾਫ਼ੀ ਤੋਂ ਰੁਕਾਵਟ ਦੀ ਸਥਿਤੀ ਅਤੇ ਗੰਭੀਰਤਾ ਦਾ ਪਤਾ ਲਗਾਇਆ ਜਾ ਸਕਦਾ ਹੈ।

ਏਂਜੀਓਪਲਾਸਟੀ

ਏਂਜੀਓਗ੍ਰਾਫੀ ਦੌਰਾਨ ਜੇ ਕੋਈ ਰੁਕਾਵਟ ਪਾਈ ਜਾਂਦੀ ਹੈ ਤਾਂ ਕੁਝ ਰੋਗੀਆਂ ਨੂੰ ਏਂਜੀਓਪਲਾਸਟੀ ਕਰਾਉਣੀ ਪੈ ਸਕਦੀ ਹੈ। ਇਸ ਵਿੱਚ ਖੂਨ ਦੀ ਨਾੜੀ ਨੂੰ ਚੌੜਾ ਕਰਨ ਲਈ ਬਲੌਕੇਜ 'ਤੇ ਛੋਟਾ ਗੁਬਾਰਾ ਫਲਾਇਆ ਜਾਂਦਾ ਹੈ ਅਤੇ ਅਕਸਰ ਉਸ ਨੂੰ ਖੁੱਲ੍ਹਾ ਰੱਖਣ ਲਈ ਇੱਕ ਸਟੈਂਟ ਲਗਾਇਆ ਜਾਂਦਾ ਹੈ। ਇਸ ਇਲਾਜ ਦਾ ਇਸਤੇਮਾਲ ਖੂਨ ਦੇ ਵਹਾਅ ਨੂੰ ਬਿਹਤਰ ਬਣਾਉਣ ਲਈ ਕੀਤਾ ਜਾਂਦਾ ਹੈ।

ਓਪਨ ਹਾਰਟ ਸਰਜਰੀ/ ਬਾਈ ਪਾਸ ਸਰਜਰੀ

ਜਦੋਂ ਕਈ ਖੂਨ ਨਾੜੀਆਂ ਬਲੌਕ ਹੋਣ, ਸਥਿਤੀ ਗੰਭੀਰ ਹੋਵੇ ਜਾਂ ਏਂਜੀਓਪਲਾਸਟੀ ਸੰਭਵ ਨਾ ਹੋਵੇ ਤਾਂ ਬਾਈਪਾਸ ਸਰਜਰੀ ਬਾਰੇ ਵਿਚਾਰ ਕੀਤਾ ਜਾਂਦਾ ਹੈ। ਇਸ ਸਰਜਰੀ ਵਿੱਚ ਸਰੀਰ ਦੀਆਂ ਹੋਰ ਖੂਨ ਨਾੜੀਆਂ ਦਾ ਉਪਯੋਗ ਕਰਕੇ ਇੱਕ ਨਵਾਂ ਖੂਨ ਪ੍ਰਵਾਹ ਮਾਰਗ ਬਣਾਇਆ ਜਾਂਦਾ ਹੈ ਜੋ ਬਲੌਕੇਜ ਨੂੰ ਬਾਈਪਾਸ ਕਰਦਾ ਹੈ। ਇਸ ਨੂੰ ਆਮ ਤੌਰ 'ਤੇ ਓਪਨ ਹਾਰਟ ਸਰਜਰੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ।

ਸੰਖੇਪ ਵਿੱਚ, ਏਂਜਾਈਨਾ ਇੱਕ ਲੱਛਣ ਹੈ, ਏਂਜੀਓਗ੍ਰਾਫੀ ਇੱਕ ਡਾਇਗਨੋਸਟਿਕ ਟੈਸਟ ਹੈ, ਏਂਜੀਓਪਲਾਸਟੀ ਇੱਕ ਇਲਾਜ ਹੈ ਅਤੇ ਬਾਈ ਪਾਸ ਸਰਜਰੀ ਜ਼ਿਆਦਾ ਗੰਭੀਰ ਬਲੌਕੇਜ ਲਈ ਇੱਕ ਮੈਡੀਕਲ ਸਰਜਰੀ ਵਿਕਲਪ ਹੈ।

ਏਂਜੀਓਪਲਾਸਟੀ ਕਰਵਾ ਚੁੱਕੇ ਮਰੀਜ਼ਾਂ ਨੂੰ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ?

ਗਰਾਫਿਕਸ ਤਸਵੀਰ ਵਿੱਚ ਹਸਪਤਾਲ ਦਾ ਕਮਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਸਟ, ਹਰ ਮਰੀਜ਼ ਦੀ ਸਿਹਤ ਸਥਿਤੀ ਅਤੇ ਖ਼ਤਰੇ ਦੇ ਅਧਾਰ 'ਤੇ ਵੱਖੋ ਵੱਖ ਹੁੰਦੇ ਹਨ। ਹਾਲਾਂਕਿ, ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਦੀ ਨਿਯਮਤ ਰੂਪ ਤੋਂ ਨਿਗਰਾਨੀ ਕਰਨਾ ਜ਼ਰੂਰੀ ਹੈ।

ਅਸੀਂ ਡਾ. ਪਾਰਿਨ ਸਾਂਗੋਈ ਤੋਂ ਏਂਜੀਓਪਲਾਸਟੀ ਕਰਾ ਚੁੱਕੇ ਮਰੀਜ਼ਾਂ ਲਈ ਭਵਿੱਖ ਵਿੱਚ ਪਾਲਣ ਕੀਤੇ ਜਾਣ ਵਾਲੇ ਨਿਯਮਾਂ ਅਤੇ ਮਰੀਜ਼ ਅਤੇ ਉਸ ਦੇ ਪਰਿਵਾਰ ਨੂੰ ਕਿਹੜੇ ਖ਼ਦਸ਼ਿਆਂ ਦਾ ਹੱਲ ਕਰਨਾ ਚਾਹੀਦਾ ਹੈ, ਇਸ ਬਾਰੇ ਗੱਲ ਕੀਤੀ। ਡਾ. ਸਾਂਗੋਈ, ਮੁੰਬਈ ਸੈਂਟਰਲ ਸਥਿਤ ਵੋਕਹਾਰਟ ਹਸਪਤਾਲ ਵਿੱਚ ਕੰਸਲਟੈਂਟ ਇੰਟਰਵੈਨਸ਼ਲ ਕਾਰਡੀਓਲੌਜਿਸਟ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਬੀਬੀਸੀ ਮਰਾਠੀ ਦੇ ਸਵਾਲਾਂ ਦੇ ਵਿਸਥਾਰਿਤ ਜਵਾਬ ਦਿੱਤੇ ਹਨ।

ਜਦੋਂ ਡਾ. ਪਾਰਿਨ ਸਾਂਗੋਈ ਤੋਂ ਪੁੱਛਿਆ ਗਿਆ ਕਿ ਏਂਜੀਓਪਲਾਸਟੀ ਕਰਾਉਣ ਵਾਲੇ ਮਰੀਜ਼ਾਂ ਨੂੰ ਕਿਹੜੇ ਕਿਹੜੇ ਟੈਸਟ ਕਰਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਸਿਹਤ ਦੀ ਨਿਗਰਾਨੀ ਕਿਵੇਂ ਕਰਨੀ ਚਾਹੀਦੀ ਹੈ ਤਾਂ ਉਨ੍ਹਾਂ ਨੇ ਕਿਹਾ, "ਪਰੀਖਣ, ਹਰ ਮਰੀਜ਼ ਦੀ ਸਿਹਤ ਸਥਿਤੀ ਅਤੇ ਖ਼ਤਰੇ ਦੇ ਅਧਾਰ 'ਤੇ ਵੱਖੋ ਵੱਖ ਹੁੰਦੇ ਹਨ। ਹਾਲਾਂਕਿ, ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਦੀ ਨਿਯਮਤ ਰੂਪ ਤੋਂ ਨਿਗਰਾਨੀ ਕਰਨਾ ਜ਼ਰੂਰੀ ਹੈ।"

ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਾਉਣੀ ਚਾਹੀਦੀ ਹੈ। ਕੌਲੈਸਟ੍ਰੋਲ ਘੱਟ ਕਰਨ ਵਾਲੀਆਂ ਦਵਾਈਆਂ ਨੂੰ ਸ਼ੁਰੂ ਕਰਨ ਜਾਂ ਬਦਲਣ ਦੇ ਕੁਝ ਮਹੀਨਿਆਂ ਬਾਅਦ ਲਿਪਿਡ ਪ੍ਰੋਫਾਈਲ ਦੀ ਜਾਂਚ ਕਰਾਉਣੀ ਚਾਹੀਦੀ ਅਤੇ ਹਾਲਤ ਸਥਿਰ ਹੋਣ ਤੋਂ ਬਾਅਦ ਨਿਯਮਿਤ ਵਕਫ਼ੇ 'ਤੇ ਜਾਂਚ ਜਾਰੀ ਰੱਖਣੀ ਚਾਹੀਦੀ ਹੈ। ਸ਼ੂਗਰ ਦੇ ਰੋਗੀਆਂ ਨੂੰ ਆਪਣੇ ਡਾਕਟਰ ਦੀ ਸਲਾਹ ਮੁਤਾਬਕ ਨਿਯਮਿਤ ਰੂਪ ਵਿੱਚ ਬਲੱਡ ਸ਼ੂਗਰ ਅਤੇ HbA1c ਦੀ ਜਾਂਚ ਕਰਾਉਣੀ ਚਾਹੀਦੀ ਹੈ।

ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਜਾਂ ਪਹਿਲਾਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਰੋਗੀਆਂ ਲਈ ਗੁਰਦੇ ਦੀ ਕਾਰਜ ਸਮਰੱਥਾ ਦੀ ਜਾਂਚ ਖਾਸ ਤੌਰ 'ਤੇ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਹਰ ਨਿਯਮਤ ਜਾਂਚ ਦੌਰਾਨ ਭਾਰ, ਕਮਰ ਦਾ ਮਾਪ ਅਤੇ ਜੀਵਨ ਸ਼ੈਲੀ ਦੀਆਂ ਆਦਤਾਂ ਦਾ ਮੁਲਾਂਕਣ ਕਰਨਾ ਵੀ ਜ਼ਰੂਰੀ ਹੈ। ਅਕਸਰ, ਇਹ ਚੀਜ਼ਾਂ ਲੰਬੇ ਸਮੇਂ ਦੇ ਨਤੀਜਿਆਂ ਨੂੰ ਲੈਬਾਰਟਰੀ ਟੈਸਟਾਂ ਜਿਨ੍ਹਾਂ ਹੀ ਪ੍ਰਭਾਵਿਤ ਕਰਦੀਆਂ ਹਨ।

ਸਟੈਂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਂਜੀਓਪਲਾਸਟੀ ਤੋਂ ਬਾਅਦ ਵੀ ਰੋਗੀ ਲਈ ਕਿਸੇ ਅਸਮਾਨ ਲੱਛਣ ਲਈ ਲਗਾਤਾਰ ਖੁਦ ਨਿਗਰਾਨੀ ਕਰਨਾ ਮਹੱਤਵਪੂਰਨ ਹੈ।

ਇੱਕ ਸਵਾਲ ਜੋ ਅਕਸਰ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਜਿਹੜੇ ਮਰੀਜ਼ਾਂ ਨੂੰ ਪਹਿਲਾਂ ਹੀ ਦਿਲ ਦਾ ਦੌਰਾ ਪੈ ਚੁੱਕਿਆ ਹੈ ਜਾਂ ਜਿਨ੍ਹਾਂ ਦੀ ਏਂਜੀਓਪਲਾਸਟੀ ਹੋ ਚੁੱਕੀ ਹੈ, ਉਨ੍ਹਾਂ ਲਈ ਐਲਡੀਐਲ ਕੌਲੈਸਟ੍ਰੋਲ ਦੇ ਪੱਧਰ ਦਾ ਟੀਚਾ ਕੀ ਹੋਣਾ ਚਾਹੀਦਾ ਹੈ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਡਾ. ਪਾਰਿਨ ਸਾਂਗੋਈ ਨੇ ਕਿਹਾ, " ਜਿਹੜੇ ਮਰੀਜ਼ਾਂ ਨੂੰ ਦਿਲ ਦਾ ਦੌਰਾ ਪਿਆ ਹੋਵੇ ਜਾਂ ਜਿਨ੍ਹਾਂ ਦੀ ਏਂਜੀਓਪਲਾਸਟੀ ਹੋਈ ਹੋਵੇ ਤਾਂ ਉਨ੍ਹਾਂ ਨੂੰ ਦਿਲ ਦੇ ਰੋਹ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ਮਰੀਜ਼ਾਂ ਲਈ ਇਹ ਟੀਚਾ ਹੋਣਾ ਚਾਹੀਦੀ ਹੈ ਕਿ ਐਲਡੀਓਲ ਕੌਲੈਸਟ੍ਰੋਲ ਦਾ ਪੱਧਰ 55 ਮਿਲੀਗ੍ਰਾਮ/ਡੀਐਲ ਤੋਂ ਨੀਚੇ ਰੱਖਿਆ ਜਾਵੇ। ਨਾਲ ਹੀ, ਸ਼ੁਰੂਆਤੀ ਪੱਧਰ ਦੀ ਤੁਲਨਾ ਵਿੱਚ ਘੱਟੋ ਘੱਟ ਪੰਜਾਹ ਫ਼ੀਸਦੀ ਦੀ ਕਮੀ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

ਇਸ ਟੀਚੇ ਨੂੰ ਹਾਸਿਲ ਕਰਨ ਲਈ ਦਿਲ ਲਈ ਸਿਹਤਮੰਦ ਖੁਰਾਕ, ਨਿਯਮਤ ਕਸਰਤ ਅਤੇ ਕੌਲੈਸਟ੍ਰੋਲ ਘੱਟ ਕਰਨ ਵਾਲੀਆਂ ਪ੍ਰਭਾਵਸ਼ਾਲੀ ਦਵਾਈਆਂ ਦਾ ਸੁਮੇਲ ਜ਼ਰੂਰੀ ਹੈ। ਤੁਹਾਡਾ ਐਲਡੀਐਲ ਕੌਲੈਸਟ੍ਰੋਲ ਜਿਨ੍ਹਾਂ ਘੱਟ ਹੋਵੇਗਾ, ਭਵਿੱਖ ਵਿੱਚ ਦਿਲ ਦਾ ਦੌਰਾ ਪੈਣ ਜਾਂ ਦਿਲ ਸਬੰਧੀ ਜਟਿਲਤਾਵਾਂ ਦਾ ਖਤਰਾ ਓਨਾ ਹੀ ਘੱਟ ਹੋਵੇਗਾ।

ਕੀ ਏਓਜੀਓਪਲਾਸਟੀ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਨਿਯਮਤ ਰੂਪ ਵਿਚ ਈਸੀਜੀ, 2ਡੀ ਈਕੋ, ਟੀਐਮਟੀ, ਸੀਟੀ ਏਂਜੀਓਗ੍ਰਾਫ਼ੀ ਜਾਂ ਰੀ-ਏਂਜੀਓਗ੍ਰਾਫੀ ਕਰਵਾਉਣਾ ਜ਼ਰੂਰੀ ਹੈ ? ਇਹ ਕਿਵੇਂ ਤੈਅ ਕੀਤਾ ਜਾਂਦਾ ਹੈ ਕਿ ਕਿਹੜੇ ਟੈਸਟ ਜ਼ਰੂਰੀ ਹਨ ? ਪੁੱਛੇ ਜਾਣ 'ਤੇ ਡਾ.ਪਾਰਿਨ ਸਾਂਗੋਈ ਨੇ ਕਿਹਾ, "ਫਾਲੋ-ਅਪ ਦੌਰਾਨ ਕੀਤੇ ਜਾਣ ਵਾਲੇ ਟੈਸਟ ਮਰੀਜ਼ ਦੇ ਲੱਛਣਾਂ, ਮੈਡੀਕਲ ਜਾਂਚ ਅਤੇ ਸਮੁੱਚੇ ਖਤਰੇ ਦੇ ਅਧਾਰ 'ਤੇ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਕਰਵਾਉਣਾ ਜ਼ਰੂਰੀ ਨਹੀਂ ਹੈ।"

ਰੋਗੀ ਦੀ ਸਥਿਤੀ ਦੇ ਅਧਾਰ 'ਤੇ ਈਸੀਜੀ ਅਤੇ 2ਡੀ ਈਕੋਕਾਰਡੀਓਗ੍ਰਾਫੀ ਦੀ ਸਲਾਹ ਦਿੱਤੀ ਜਾ ਸਕਦੀ ਹੈ। ਜੇ ਦਿਲ ਵਿੱਚ ਖੂਨ ਵਹਾਅ ਘੱਟ ਹੋਣ ਦੇ ਲੱਛਣ ਦਿਖਾਈ ਦਿੱਤੇ ਹਨ ਤਾਂ ਸਟ੍ਰੈਸ ਟੈਸਟ 'ਤੇ ਵਿਚਾਰ ਕੀਤਾ ਜਾਂਦਾ ਹੈ।

ਨਿਯਮਿਤ ਰੂਟੀਨ ਸ਼ੁਰੂ ਕਰਨ ਦਾ ਉਚਿਤ ਸਮਾਂ ਕਦੋਂ ਹੁੰਦਾ ਹੈ?

ਮਨੁੱਖੀ ਦਿਲ ਦਾ ਮਾਡਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਕਿਸੇ ਮਰੀਜ਼ ਨੂੰ ਏਂਜੀਓਪਲਾਸਟੀ ਤੋਂ ਪਹਿਲਾਂ ਹੋਣ ਵਾਲੇ ਦਰਦ ਦੇ ਬਰਾਬਰ ਸੀਨੇ ਵਿਚ ਦਰਦ ਮਹਿਸੂਸ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਸਫਲ ਏਂਜੀਓਪਲਾਸਟੀ ਤੋਂ ਬਾਅਦ ਸੀਟੀ ਏਂਜੀਓਗ੍ਰਾਫ਼ੀ ਜਾਂ ਦੁਬਾਰਾ ਕੋਰੋਨਰੀ ਏਂਜੀਓਗ੍ਰਾਫੀ ਦੀ ਸਲਾਹ ਆਮ ਤੌਰ 'ਤੇ ਨਹੀਂ ਦਿੱਤੀ ਜਾਂਦੀ ਹੈ। ਇਹ ਟੈਸਟ ਉਦੋਂ ਹੀ ਕੀਤੇ ਜਾਂਦੇ ਹਨ ਜਦੋਂ ਸੀਨੇ ਵਿੱਚ ਦਰਜ ਦੋਬਾਰਾ ਹੋਵੇ, ਲੱਛਣ ਵਿਗੜਣ ਜਾਂ ਜਾਂਚ ਦੌਰਾਨ ਕੋਈ ਸ਼ੱਕੀ ਨਿਚੋੜ ਨਿਕਲੇ।

ਏਂਜੀਓਪਲਾਸਟੀ ਤੋਂ ਬਾਅਦ ਵੀ ਰੋਗੀ ਲਈ ਕਿਸੇ ਅਸਮਾਨ ਲੱਛਣ ਲਈ ਲਗਾਤਾਰ ਖੁਦ ਨਿਗਰਾਨੀ ਕਰਨਾ ਮਹੱਤਵਪੂਰਨ ਹੈ।

ਡਾ.ਆਨੰਦ ਰਾਵ ਕਹਿੰਦੇ ਹਨ ਕਿ ਜੇ ਤੁਹਾਨੂੰ ਸੀਨੇ ਵਿੱਚ ਦਰਦ ਹੋ ਰਿਹਾ ਹੈ ਤਾਂ ਇਸ 'ਤੇ ਵੱਧ ਧਿਆਨ ਦੇਣਾ ਮਹੱਤਵਪੂਰਨ ਹੈ। ਡਾ.ਆਨੰਦ ਰਾਵ, ਮੁੰਬਈ ਦੇ ਪੀਡੀ. ਹਿੰਦੂਜਾ ਅਤੇ ਐਮਆਰਸੀ ਹਸਪਤਾਲਾਂ ਵਿੱਚ ਸੀਨੀਅਰ ਸਲਾਹਕਾਰ ਇੰਟਰਵੈਂਸ਼ਨਲ ਕਾਰਡੀਓਲਾਜਿਸਟ ਵਜੋਂ ਕੰਮ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸੇ ਮਰੀਜ਼ ਨੂੰ ਏਂਜੀਓਪਲਾਸਟੀ ਤੋਂ ਪਹਿਲਾਂ ਹੋਣ ਵਾਲੇ ਦਰਦ ਦੇ ਬਰਾਬਰ ਸੀਨੇ ਵਿਚ ਦਰਦ ਮਹਿਸੂਸ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਲੱਛਣ ਕਿਸੇ ਅੰਦਰੂਨੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਅਤੇ ਇਸ ਲਈ ਤਤਕਾਲ ਮੈਡੀਕਲ ਜਾਂਚ ਦੀ ਲੋੜ ਹੋ ਸਕਦੀ ਹੈ।

ਉਨ੍ਹਾਂ ਨੇ ਬੀਬੀਸੀ ਮਰਾਠੀ ਨਾਲ ਵਿਸਥਾਰ ਗੱਲ ਕੀਤੀ ਅਤੇ ਏਂਜੀਓਪਲਾਸਟੀ ਤੋਂ ਬਾਅਦ ਦੇ ਸਮੇਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ।

ਸਵਾਲ- ਏਂਜੀਓਪਲਾਸਟੀ ਤੋਂ ਬਾਅਦ ਮਰੀਜ਼ ਨੂੰ ਨਿਯਮਿਤ ਰੂਟੀਨ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ ?

ਡਾ.ਆਨੰਦ ਰਾਵ- ਏਂਜੀਓਪਲਾਸਟੀ ਤੋਂ ਬਾਅਦ ਮਰੀਜ਼ ਕਦੋਂ ਕੰਮ 'ਤੇ ਵਾਪਸ ਜਾ ਸਕਦੇ ਹਨ, ਯਾਤਰਾ ਕਰ ਸਕਦੇ ਹਨ, ਕਸਰਤ ਕਰ ਸਕਦੇ ਹਨ ਅਤੇ ਹੋਰ ਰੋਜ਼ਾਨਾ ਗਤੀਵਿਧਿਆਂ ਫਿਰ ਤੋਂ ਸ਼ੁਰੂ ਕਰ ਸਕਦੇ ਹਨ, ਇਸ ਦਾ ਉੱਤਰ ਮੁੱਖ ਰੂਪ ਵਿੱਚ ਦਿਲ ਦੀ ਪੰਪ ਕਰਨ ਦੀ ਸਮਰੱਥਾ 'ਤੇ ਨਿਰਭਰ ਕਰਦਾ ਹੈ, ਵਿਸ਼ੇਸ਼ ਰੂਪ ਵਿਚ ਖੱਬੇ ਨਿਲ੍ਹੇ ਦੇ ਕੰਮ 'ਤੇ।

ਜੇ ਦਿਲ ਦੀ ਕਾਰਜਪ੍ਰਣਾਲੀ ਆਮ ਹੈ ਤਾਂ ਵਧੇਰੇ ਮਰੀਜ਼ ਇੱਕ ਹਫ਼ਤੇ ਤੋਂ ਦਸ ਦਿਨਾਂ ਦੇ ਅੰਦਰ ਕੰਮ 'ਤੇ ਪਰਤ ਸਕਦੇ ਹਨ। ਉਨ੍ਹਾਂ ਨੂੰ ਆਮ ਤੌਰ 'ਤੇ ਨਿਯਮਤ ਰੂਪ ਵਿਛ ਪੈਦਲ ਚੱਲਣ ਤੋਂ ਸ਼ੁਰੂਆਤ ਕਰਨ ਅਤੇ ਹੌਲੀ-ਹੌਲੀ ਜਾਂਦਾ ਨਿਯਮਤ ਕਸਰਤ ਵੱਲ ਵਧਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਦੌਰਾਨ ਯਾਤਰਾ ਨੂੰ ਆਮ ਤੌਰ 'ਤੇ ਸਫਲ ਮੰਨਿਆ ਜਾਂਦਾ ਹੈ। ਹਾਲਾਂਕਿ, ਜੇ ਰੋਗੀ ਦੇ ਦਿਲ ਦੀ ਪੰਪਿਗ ਸਮਰਥਾ ਕਾਫ਼ੀ ਘੱਟ ਹੋ ਗਈ ਹੈ ਜਾਂ ਖੱਬੇ ਵੇਂਟ੍ਰੇਕੁਲਰ ਇਜੈਕਸ਼ਨ ਫ੍ਰੈਕਸ਼ਨ ਘੱਟ ਹੈ, ਤਾਂ ਉਨ੍ਹਾਂ ਦੇ ਮੁੜ ਵਸੇਬੇ ਲਈ ਜ਼ਿਆਦਾ ਡਾਕਟਰੀ ਨਿਗਰਾਨੀ ਦੀ ਲੋੜ ਹੁੰਦੀ ਹੈ।

ਅਜਿਹੇ ਮਰੀਜ਼ਾਂ ਨੂੰ ਇੱਕ ਯੋਜਨਾਬੱਧ ਕਾਰਡੀਅਕ ਰੀਹੈਬਲੀਟੇਸ਼ਨ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਕਸਰਤ, ਯਾਤਰਾ ਜਾਂ ਹੋਰ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਦੁਬਾਰਾ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕਾਰਡੀਓਲੋਜਿਸਟ ਨਾਲ ਸਲਾਹ ਕਰਨੀ ਚਾਹੀਦੀ ਹੈ।

ਹਸਪਤਾਲ ਦੇ ਬੈੱਡ 'ਤੇ ਮਰੀਜ਼ ਅਤੇ ਕੋਲ ਖੜ੍ਹੇ ਡਾਕਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਂਜੀਓਪਲਾਸਟੀ ਕਰਵਾ ਚੁੱਕੇ ਹਰ ਮਰੀਜ਼ ਲਈ ਸਭ ਤੋਂ ਮਹੱਤਵਪੂਰਨ ਸਲਾਹ ਇਹ ਹੈ ਕਿ ਉਹ ਆਪਣੇ ਦਿਲ ਦੀ ਲੰਬੇ ਸਮੇਂ ਦੀ ਸਿਹਤ ਪ੍ਰਤੀ ਵਚਨਬੱਧ ਰਹਿਣ।

ਸਵਾਲ-ਏਂਜੀਓਪਲਾਸਟੀ ਤੋਂ ਬਾਅਦ ਜਿਣਸੀ ਸਬੰਧਾਂ ਬਾਰੇ ਕੀ ? ਇਹ ਸਵਾਲ ਮਰੀਜ਼ਾਂ ਦੇ ਮਨ ਵਿੱਚ ਆਉਂਦਾ ਹੈ, ਤੁਸੀਂ ਇਸ ਬਾਰੇ ਕੀ ਕਹੋਗੇ ?

ਡਾ. ਆਨੰਦ ਰਾਵ- ਏਂਜੀਓਪਲਾਸਟੀ ਤੋਂ ਬਾਅਦ ਜਿਣਸੀ ਸਬੰਧ ਦੁਬਾਰਾ ਸ਼ੁਰੂ ਕਰਨ ਦਾ ਸਮਾਂ ਮੁੱਖ ਰੂਪ ਵਿੱਚ ਦਿਲ ਦੀ ਪੰਪਿੰਗ ਸਮਰੱਥਾ 'ਤੇ ਨਿਰਭਰ ਕਰਦਾ ਹੈ।

ਜੇ ਦਿਲ ਦੀ ਕਾਰਜਪ੍ਰਣਾਲੀ ਠੀਕ ਹੈ ਤਾਂ ਜ਼ਿਆਦਾਤਰ ਮਰੀਜ਼ ਪ੍ਰਕਿਰਿਆ ਦੇ ਲਗਭਗ 10-15 ਦਿਨ ਬਾਅਦ ਸੁਰੱਖਿਅਤ ਰੂਪ ਜਿਣਸੀ ਗਤੀਵਿਧੀ ਦੁਬਾਰਾ ਤੋਂ ਸ਼ੁਰੂ ਕਰ ਸਕਦੇ ਹਨ।

ਹਾਲਾਂਕਿ ਜੇ ਦਿਲ ਦੀ ਪੰਪਿੰਗ ਸਮਰਥਾ ਘੱਟ ਗੋ ਗਈ ਹੈ ਤਾਂ ਮਰੀਜ਼ਾਂ ਨੂੰ ਪਹਿਲਾਂ ਕਾਰਡੀਅਕ ਰੀਹੈਬਲੀਟੇਸ਼ਨ ਜਾਂ ਕਿਸੇ ਮਾਹਿਰ ਦੀ ਦੇਖਰੇਖ ਵਿੱਚ ਫੀਜ਼ੀਓਥੈਰੇਪੀ ਕਰਵਾ ਕੇ ਆਪਣੀ ਦਿਲ ਸਬੰਧੀ ਫਿਟਨੈਸ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਜਿਣਸੀ ਗਤੀਵਿਧੀ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਿਲ ਰੋਗਾਂ ਦੇ ਮਾਹਿਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਜੇ ਦਿਲ ਦੀ ਪੰਪ ਕਰਨ ਦੀ ਸਮਰੱਥਾ ਵਿਚ ਕਾਫ਼ੀ ਕਮੀ ਬਣੀ ਹੋਈ ਹੈ ਤਾਂ ਸਥਿਤੀ ਵਿੱਚ ਸੁਧਾਰ ਹੋਣ ਤੱਕ ਜ਼ਿਆਦਾ ਸਰੀਰਕ ਮਿਹਨਤ ਵਾਲੀ ਜਿਣਸੀ ਗਤੀਵਿਧੀ ਤੋਂ ਬਚਣਾ ਚਾਹੀਦਾ ਹੈ।

ਸਵਾਲ-ਤਣਾਅ, ਚਿੰਤਾ, ਡਿਪਰੈਸ਼ਨ ਅਤੇ ਦੁਬਾਰਾ ਦਿਲ ਦਾ ਦੌਰਾ ਪੈਣ ਦਾ ਡਰ ਪੁਨਰਵਾਸ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਅਤੇ ਮਰੀਜ਼ਾਂ ਨੂੰ ਕਿਸ ਪ੍ਰਕਾਰ ਦੀ ਸਹਾਇਤਾ ਲੈਣੀ ਚਾਹੀਦੀ ਹੈ ?

ਡਾ.ਆਨੰਦ ਰਾਵ- ਦਿਲ ਦਾ ਦੌਰਾ ਪੈਣ ਬਾਅਦ ਅਤੇ ਪੁਨਰਵਾਸ ਦੌਰਾਨ ਤਣਾਅ, ਚਿੰਤਾ ਅਤੇ ਡਿਪਰੈਸ਼ਨ ਦਾ ਅਨੁਭਵ ਹੋਣਾ ਆਮ ਗੱਲ ਹੈ।

ਇੱਕ ਯੋਜਨਾਬੱਧ ਮੁੜ ਵਸੇਬਾ ਪ੍ਰੋਗਰਾਮ ਜਿਸ ਵਿੱਚ ਮਨੋਚਿਕਿਤਸਕ, ਦਿਲ ਰੋਗਾਂ ਦੇ ਸਹਿਰ ਅਤੇ ਪੁਨਰਵਾਸ ਮਾਹਿਰ ਦਾ ਮਾਰਗ ਦਰਸ਼ਨ ਸ਼ਾਮਲ ਹੋਵੇ, ਰੋਗੀਆਂ ਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਰੂਪਾਂ ਵਿੱਚ ਠੀਕ ਹੋਣ 'ਚ ਮਦਦ ਕਰ ਸਕਦਾ ਹੈ।

ਇਸ ਤੋਂ ਇਲਾਵਾ, ਇਲਾਜ ਕਰਨ ਵਾਲੇ ਦਿਲ ਰੋਗ ਮਾਹਿਰ ਨਾਲ ਨਿਯਮਤ ਸਲਾਹ ਮਸ਼ਵਰਾ, ਸਵਾਲ ਪੁੱਛਣਾ, ਖ਼ਦਸ਼ਿਆਂ ਨੂੰ ਦੂਰ ਕਰਨਾ ਅਤੇ ਮਾਰਗ ਦਰਸ਼ਨ ਪ੍ਰਾਪਤ ਕਰਨਾ ਰੋਗੀਆਂ ਨੂੰ ਆਪਣੀ ਸਥਿਤੀ ਨੂੰ ਬਿਹਤਰ ਢੰਗ ਨਾਲ ਸਮਝਣ, ਆਤਮ ਵਿਸ਼ਵਾਸ ਵਧਾਉਣ ਅਤੇ ਪੁਨਰਵਾਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

ਸਵਾਲ- ਜੇ ਤੁਸੀਂ ਏਂਜੀਓਪਲਾਸਟੀ ਕਰਵਾ ਚੁੱਕੇ ਹਰ ਮਰੀਜ਼ ਨੂੰ ਜੀਵਨ ਭਰ ਯਾਦ ਰੱਖਣ ਯੋਗ ਸੰਖ ਸਲਾਹ ਦੇਣੀ ਹੋਵੇ, ਤਾਂ ਉਹ ਕੀ ਹੋਵੇਗੀ ?

ਡਾ.ਆਨੰਦ ਰਾਜ- ਏਂਜੀਓਪਲਾਸਟੀ ਕਰਵਾ ਚੁੱਕੇ ਹਰ ਮਰੀਜ਼ ਲਈ ਸਭ ਤੋਂ ਮਹੱਤਵਪੂਰਨ ਸਲਾਹ ਇਹ ਹੈ ਕਿ ਉਹ ਆਪਣੇ ਦਿਲ ਦੀ ਲੰਬੇ ਸਮੇਂ ਦੀ ਸਿਹਤ ਪ੍ਰਤੀ ਵਚਨਬੱਧ ਰਹਿਣ। ਇਸ ਵਿੱਚ ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਦਾ ਨਿਯਮਤ ਸੇਵਨ, ਨਿਯਮਤ ਕਸਰਤ, ਕੌਲੈਸਟ੍ਰੋਲ ਦੇ ਪੱਧਰ ਨੂੰ ਕਾਬੂ ਰੱਖਣਾ, ਦਿਲ ਦੀ ਸਿਹਤ ਲਈ ਖੁਰਾਕ ਦੀ ਪਾਲਨਾ ਕਰਨਾ, ਸਿਗਰਟਨੋਸ਼ੀ ਅਤੇ ਜ਼ਿਆਦਾ ਸ਼ਰਾਬ ਦੇ ਸੇਵਨ ਜਿਹੀਆਂ ਹਾਨੀਕਾਰਕ ਆਦਤਾਂ ਤੋਂ ਬਚਣਾ ਅਤੇ ਨਿਯਮਤ ਜਾਂਚ ਲਈ ਦਿਲ ਦੇ ਰੋਗਾਂ ਦੇ ਮਾਹਿਰ ਨੂੰ ਮਿਲਣਾ ਸ਼ਾਮਲ ਹੈ।

ਸਿਹਤਮੰਦ ਦਿਲ ਲਈ ਜੀਵਨ ਸ਼ੈਲੀ ਕਿਸ ਤਰ੍ਹਾਂ ਰੱਖਣੀ ਚਾਹੀਦੀ ਹੈ ?

ਮੇਜ਼ 'ਤੇ ਕੁਝ ਦਵਾਈਆਂ ਅਤੇ ਡਾਕਟਰ ਦੇ ਹੱਥਾਂ 'ਤੇ ਦਿਲ ਦਾ ਮਾਡਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਨਾਲ ਸਲਾਹ ਕੀਤੇ ਬਿਨ੍ਹਾਂ ਖੁਦ ਉਪਚਾਰ ਕਰਨਾ ਖਤਰਨਾਕ ਹੋ ਸਕਦਾ ਹੈ।

ਨਿਯਮਤ ਖੂਨ ਟੈਸਟ ਅਤੇ ਸਮੇਂ ਸਮੇਂ ਸਿਰ ਸਿਹਤ ਜਾਂਚ ਵੀ ਜ਼ਰੂਰੀ ਹੈ। ਇਨ੍ਹਾਂ ਨੂੰ ਜੀਵਨ ਭਰ ਦੀਆਂ ਆਦਤਾਂ ਦੇ ਰੂਪ ਵਿੱਚ ਅਪਣਾਉਣ ਨਾਲ ਭਵਿੱਖ ਵਿੱਚ ਦਿਲ ਦੇ ਰੋਗਾਂ ਦੀਆਂ ਘਟਨਾਵਾਂ ਦਾ ਖਤਰਾ ਕਾਫ਼ੀ ਘੱਟ ਹੋ ਸਕਦਾ ਹੈ ਅਤੇ ਸਮੁੱਚੇ ਦਿਲ ਦੀ ਸਿਹਤ ਬਰਕਰਾਰ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

ਏਂਜੀਓਪਲਾਸਟੀ ਤੋਂ ਬਾਅਦ ਪੁਨਰ ਵਾਸ ਵਿੱਚ ਕਸਰਤ ਇੱਕ ਬਹੁਤ ਮਹੱਤਵਪੂਨ ਭੂਮਿਕਾ ਨਿਭਾਉਂਦਾ ਹੈ। ਹਾਲਾਂਕਿ, ਇਸ ਨੂੰ ਹੌਲੀ ਹੌਲੀ ਸ਼ੁਰੂ ਕਰਨਾ ਅਤੇ ਰੋਗੀ ਦੇ ਦਿਲ ਦੀ ਕਾਰਜਪ੍ਰਣਾਲੀ, ਲੱਛਣਾਂ ਅਤੇ ਹੋਰ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾ ਬਣਾਉਣਾ ਜ਼ਰੂਰੀ ਹੈ। ਨਵੀਂ ਮੁੰਬਈ ਦੇ ਫੋਰਟਿਸ ਹੀਰਾਨੰਦਾਨੀ ਹਸਪਾਤਲ ਵਿੱਚ ਕੰਸਲਟੈਂਟ ਇੰਟਰਵੈਨਸ਼ਨਲ ਕਾਰਡੀਓਲਾਜਿਸਟ ਡਾ. ਪ੍ਰਸ਼ਾਂਤ ਪਵਾਰ, ਡਾਕਟਰ ਦੀ ਸਲਾਹ ਮੁਤਾਬਕ ਅੱਗੇ ਵਧਣ ਦੀ ਸਲਾਹ ਦਿੰਦੇ ਹਨ।

ਡਾ.ਪਵਾਰ ਕਹਿੰਦੇ ਹਨ, "ਡਾਕਟਰ ਤੋਂ ਇਜਾਜ਼ਤ ਮਿਲਣ ਬਾਅਦ ਆਮ ਤੌਰ 'ਤੇ ਹਫਤੇ ਵਿੱਚ ਪੰਜ ਦਿਨ ਲਗਭਗ ਤੀਹ ਮਿੰਟ ਤੱਕ ਰੋਜ਼ ਚੱਲਣਾ ਜਾਂ ਇਸੇ ਤਰ੍ਹਾਂ ਦਾ ਮੱਧ ਤੀਬਰਤਾ ਵਾਲੀ ਐਰੋਬਿਕ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਪ੍ਰਤੀ ਹਫਤਾ ਘੱਟੋ ਘੱਟ 150 ਮਿੰਟ ਦੀ ਕਸਰਤ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਹਫਤੇ ਵਿੱਚ ਦੋ ਵਾਰ ਮਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਹਲਕੀ ਕਸਰਤ ਕੀਤੀ ਜਾ ਸਕਦੀ ਹੈ। ਹਾਲਾਂਕਿ, ਜੇ ਤੁਹਾਨੂੰ ਕਸਰਤ ਦੌਰਾਨ ਸੀਨੇ ਵਿੱਚ ਦਰਦ, ਸਾਹ ਲੈਣ ਵਿੱਚ ਅਸਮਾਨ ਤਕਲੀਫ, ਚੱਕਰ ਆਉਣਾ ਜਾਂ ਅਨਿਯਮਿਤ ਦਿਲ ਦੀ ਧੜਕਣ ਜਿਹੇ ਲੱਛਣ ਮਹਿਸੂਸ ਹੋਣ ਤਾਂ ਤੁਹਾਨੂੰ ਤੁਰੰਤ ਕਸਰਤ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।"

ਮੈਡੀਟੇਸ਼ਨ ਦੀ ਮੁਦਰਾ ਵਿੱਚ ਬੈਠੇ ਇੱਕ ਮਰਦ ਅਤੇ ਇੱਕ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਬੇ ਸਮੇਂ ਤੱਕ ਸਫਲਤਾ ਦੀ ਕੁੰਜੀ ਰੋਜ਼ਾਨਾ ਜੀਵਨ ਵਿੱਚ ਅਨੁਸ਼ਾਸਿਤ ਅਤੇ ਨਿਯਮਤ ਆਦਤਾਂ ਅਪਣਾਉਣਾ ਹੈ।

ਏਂਜੀਓਪਲਾਸਟੀ ਤੋਂ ਬਾਅਦ ਕੁਝ ਲੋਕ ਸਾਲਾਂ ਤੱਕ ਸਿਹਤਮੰਦ ਕਿਉਂ ਰਹਿੰਦੇ ਹਨ, ਜਦਕਿ ਹੋਰ ਲੋਕਾਂ ਵਿੱਚ ਦੁਬਾਰਾ ਰੁਕਾਵਟ ਕਿਉਂ ਵਿਕਸਿਤ ਹੋ ਜਾਂਦੀ ਹੈ ? ਇਹ ਮਹੱਤਵਪੂਰਨ ਮੁੱਦਾ ਹੈ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਡਾ.ਪ੍ਰਸ਼ਾਂਤ ਪਵਾਰ ਨੇ ਕਿਹਾ, "ਸਟੈਂਟ ਲਗਵਾਉਣ ਤੋਂ ਬਾਅਦ ਕਈ ਸਾਲਾਂ ਤੱਕ ਸਿਹਤਮੰਦ ਰਹਿਣ ਵਾਲੇ ਅਤੇ ਦੁਬਾਰਾ ਬਲੌਕੇਜ ਦਾ ਸਾਹਮਣਾ ਕਰਨ ਵਾਲੇ ਲੋਕਾਂ ਵਿਚਕਾਰ ਸਭ ਤੋਂ ਵੱਡਾ ਫਰਕ ਨਿਯਮਤਤਾ ਦਾ ਹੈ।”

“ਜੋ ਮਰੀਜ਼ ਕਈ ਸਾਲਾਂ ਤੱਕ ਸਿਹਤਮੰਦ ਰਹਿੰਦੇ ਹਨ ਉਹ ਸਮਝਦੇ ਹਨ ਕਿ ਏਂਜੀਓਪਲਾਸਟੀ ਨਾਲ ਤਤਕਾਲੀ ਬਲੌਕੇਜ ਤਾਂ ਦੂਰ ਹੋ ਜਾਂਦਾ ਹੈ ਪਰ ਕੋਰੋਨਰੀ ਧਮਣੀ ਰੋਗ ਨੂੰ ਜੀਵਨ ਭਰ ਵਿੱਚ ਕਾਬੂ ਰੱਖਣਾ ਪੈਂਦਾ ਹੈ। ਉਹ ਨਿਯਮਤ ਰੂਪ ਵਿੱਚ ਦਵਾਈਆਂ ਲੈੰਦੇ ਹਨ, ਤੰਬਾਕੂ ਤੋਂ ਦੂਰ ਰਹਿੰਦੇ ਹਨ, ਸਰਗਰਮ ਜੀਵਨ ਸ਼ੈਲੀ ਅਪਣਾਉਂਦੇ ਹਨ, ਸੰਤੁਲਿਤ ਅਹਾਰ ਲੈਂਦੇ ਹਨ, ਬਲੱਡ ਪ੍ਰੈਸ਼ਰ, ਕੌਲੈਸਟ੍ਰੋਲ ਅਤੇ ਸ਼ੂਗਰ ਨੂੰ ਕਾਬੂ ਰੱਖਦੇ ਹਨ ਅਤੇ ਲੱਛਣ ਨਾ ਹੋਣ 'ਤੇ ਵੀ ਨਿਯਮਤ ਜਾਂਚ ਲਈ ਆਉਂਦੇ ਹਨ।”

“ਦੂਜੇ ਪਾਸੇ, ਸਮੇਂ ਤੋਂ ਪਹਿਲਾਂ ਦਵਾਈਆਂ ਲੈਣਾ ਬੰਦ ਕਰਨਾ, ਜ਼ੋਖਿਮ ਕਾਰਕਾਂ ਨੂੰ ਨਜ਼ਰਅੰਦਾਜ਼ ਕਰਨਾ, ਭਾਰ ਵਧਣ ਦੇਣਾ ਜਾਂ ਲੱਛਣਾਂ ਨੂੰ ਅਣਦੇਖਿਆ ਕਰਨਾ ਦੁਬਾਰਾ ਬਲੌਕੇਜ ਦਾ ਖਤਰਾ ਵਧਾ ਦਿੰਦਾ ਹੈ। ਲੰਬੇ ਸਮੇਂ ਤੱਕ ਸਫਲਤਾ ਦੀ ਕੁੰਜੀ ਰੋਜ਼ਾਨਾ ਜੀਵਨ ਵਿੱਚ ਅਨੁਸ਼ਾਸਿਤ ਅਤੇ ਨਿਯਮਤ ਆਦਤਾਂ ਅਪਣਾਉਣਾ ਹੈ।"

ਜੇ ਤੁਸੀਂ ਆਪਣੀ ਜੀਵਨ ਸ਼ੈਲੀ ਵਿਚ ਕੋਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੇ ਅਹਾਰ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ, ਦਵਾਈ ਲੈਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਅਤੇ ਇੱਕ ਯੋਗ ਟ੍ਰੇਨਰ ਦੀ ਮਦਦ ਲੈਣਾ ਮਹੱਤਵਪੂਰਨ ਹੈ।

ਬਿਹਤਰ ਇਹੀ ਹੋਏਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਠੀਕ ਤਰ੍ਹਾਂ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ 'ਤੇ ਹੀ ਜੀਵਨ ਸ਼ੈਲੀ ਵਿੱਚ ਬਦਲਾਅ ਕਰੋ। ਡਾਕਟਰ ਨਾਲ ਸਲਾਹ ਕੀਤੇ ਬਿਨ੍ਹਾਂ ਖੁਦ ਉਪਚਾਰ ਕਰਨਾ ਖਤਰਨਾਕ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)