ਕਾਮਨਵੈਲਥ ਗੇਮਜ਼ 2026: ਹੁਣ ਤੱਕ ਭਾਰਤ ਦੀ ਝੋਲੀ ਵਿੱਚ 2 ਗੋਲਡ ਸਣੇ ਹੁਣ ਤੱਕ ਕਿੰਨੇ ਮੈਡਲ ਆਏ

ਤਸਵੀਰ ਸਰੋਤ, Paul Harding/Getty Images
ਭਾਰਤ ਨੂੰ ਕਾਮਨ ਵੈਲਥ ਖੇਡਾਂ ਵਿੱਚ ਦੂਜਾ ਗੋਲਡ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਦਵਾਇਆ ਹੈ। ਪੈਰਾ ਮਹਿਲਾ ਸ਼ੌਟ ਪੁੱਟ ਐੱਫ57 ਈਵੈਂਟ ਵਿੱਚ ਸ਼ਰਮਿਲਾ ਨੇ ਸੋਨੇ ਦਾ ਮੈਂਡਲ ਹਾਸਲ ਕੀਤਾ ਹੈ।
ਬੀਬੀਸੀ ਸਪੋਰਟਸ ਮੁਤਾਬਕ 27 ਜੁਲਾਈ ਤੱਕ ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਦੀ ਝੋਲੀ ਵਿੱਚ 10 ਮੈਡਲ ਆ ਚੁੱਕੇ ਹਨ। ਭਾਰਤ ਨੇ ਦੋ ਗੋਲਡ, ਪੰਜ ਸਿਲਵਰ ਅਤੇ ਤਿੰਨ ਕਾਂਸੇ ਦੇ ਮੈਡਲ ਹਾਸਲ ਕੀਤੇ ਹਨ।
ਸੋਮਵਾਰ ਦੇਰ ਰਾਤ ਮਿਲੀ ਇਸ ਜਿੱਤ ਨਾਲ ਉਹ ਕਾਮਨਵੈਲਥ ਖੇਡਾਂ ਵਿੱਚ ਪੈਰਾ ਐਥਲੈਟਿਕਸ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣ ਗਈ ਹੈ।
ਇਸ ਦੇ ਨਾਲ ਹੀ ਪੈਰਾ ਐਥਲੈਟਿਕਸ ਵਿੱਚ ਤਗ਼ਮੇ ਲਈ ਭਾਰਤ ਦਾ 20 ਸਾਲ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਸ਼ਰਮਿਲਾ ਧਨਖੜ ਨੇ ਕਿਹਾ, "ਮੈਂ ਆਪਣੇ ਦੇਸ਼ ਲਈ ਤਮਗਾ ਜਿੱਤ ਕੇ ਬਹੁਤ ਖੁਸ਼ ਹਾਂ। ਇਹ ਮੇਰਾ ਸੁਪਨਾ ਸੀ ਅਤੇ ਮੇਰੀ ਮਾਂ ਦਾ ਵੀ ਸੁਪਨਾ ਸੀ। ਮੇਰੀ ਮਾਂ ਇਹ ਦੇਖ ਕੇ ਬਹੁਤ ਖੁਸ਼ ਹੋਵੇਗੀ। ਹੁਣ ਮੇਰਾ ਅਗਲਾ ਟੀਚਾ ਏਸ਼ਿਆਈ ਖੇਡਾਂ ਅਤੇ ਓਲੰਪਿਕ ਹੈ। ਇਹ ਮੇਰਾ ਪਹਿਲਾ ਮੈਡਲ ਹੈ ਅਤੇ ਮੈਂ ਭਵਿੱਖ ਵਿੱਚ ਵੀ ਕਈ ਹੋਰ ਤਮਗੇ ਜਿੱਤਦੀ ਰਹਾਂਗੀ।"
ਬੀਬੀਸੀ ਸਰਿਯੋਗੀ ਮਨੋਜ ਢਾਕਾ ਦੀ ਰਿਪੋਰਟ ਮੁਤਾਬਕ, ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਛਿਥਰੌਲੀ ਪਿੰਡ ਦੀ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਮਹਿਲਾ ਸ਼ਾਟਪੁੱਟ ਦੀ ਐੱਫ-57 ਸ਼੍ਰੇਣੀ ਵਿੱਚ 9.81 ਮੀਟਰ ਦਾ ਥਰੋ ਕਰਕੇ ਭਾਰਤ ਲਈ ਸੋਨ ਤਮਗਾ ਜਿੱਤਿਆ। ਪਰ ਉਨ੍ਹਾਂ ਦੀ ਇਹ ਜਿੱਤ ਸਿਰਫ਼ ਇੱਕ ਖੇਡ ਉਪਲਬਧੀ ਨਹੀਂ, ਸਗੋਂ ਸੰਘਰਸ਼, ਹੌਸਲੇ ਅਤੇ ਲਗਾਤਾਰ ਮਿਹਨਤ ਦੀ ਕਹਾਣੀ ਹੈ।
ਸਿਰਫ਼ ਦੋ ਸਾਲ ਦੀ ਉਮਰ ਵਿੱਚ ਪੋਲਿਓ ਕਾਰਨ ਉਨ੍ਹਾਂ ਦਾ ਇੱਕ ਪੈਰ ਪ੍ਰਭਾਵਿਤ ਹੋ ਗਿਆ ਸੀ। ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਬਿਹਤਰ ਇਲਾਜ ਨਹੀਂ ਹੋ ਸਕਿਆ। ਪਿਤਾ ਛੋਟੇ ਕਿਸਾਨ ਸਨ ਅਤੇ ਮਾਂ ਜੋਤਹੀਣ ਹਨ।
ਘੱਟ ਉਮਰ ਵਿੱਚ ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਆਈਆਂ। 26 ਸਾਲ ਦੀ ਉਮਰ ਵਿੱਚ ਪਹਿਲੇ ਪਤੀ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਆਪਣੀਆਂ ਦੋ ਧੀਆਂ ਨਾਲ ਪੇਕੇ ਵਾਪਸ ਆ ਗਏ।
ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਉਸ ਸਮੇਂ ਆਇਆ ਜਦੋਂ ਦੂਜੇ ਵਿਆਹ ਤੋਂ ਬਾਅਦ ਪਤੀ ਅਜੀਤ ਨੇ ਉਨ੍ਹਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। 34 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪੈਰਾ ਐਥਲੈਟਿਕਸ ਦੀ ਟ੍ਰੇਨਿੰਗ ਸ਼ੁਰੂ ਕੀਤੀ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਪਰਿਵਾਰ ਨੂੰ ਘਰ ਤੱਕ ਵੇਚਣਾ ਪਿਆ, ਪਰ ਸ਼ਰਮਿਲਾ ਨੇ ਆਪਣੇ ਸੁਪਨਿਆਂ ਨਾਲ ਸਮਝੌਤਾ ਨਹੀਂ ਕੀਤਾ।
2022 ਦੇ ਪੈਰਾ ਕਾਮਨਵੈਲਥ ਖੇਡਾਂ ਵਿੱਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਤਕਨੀਕ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਅਤੇ ਆਖ਼ਰਕਾਰ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਆਪਣੀ ਜਿੱਤ ਆਪਣੀਆਂ ਧੀਆਂ ਅਤੇ ਪਤੀ ਨੂੰ ਸਮਰਪਿਤ ਕੀਤੀ।
ਇਸ ਤੋਂ ਪਹਿਲਾਂ ਵੇਟਲਿਫ਼ਟਰ ਮੀਰਾਬਾਈ ਚਾਨੂ ਭਾਰਤ ਨੂੰ ਪਹਿਲਾ ਗੋਲਡ ਦਵਾ ਚੁੱਕੇ ਹਨ।
ਕਿਹੜੇ ਖਿਡਾਰੀਆਂ ਨੇ ਸਿਲਵਰ ਮੈਡਲ ਹਾਸਲ ਕੀਤੇ ?

ਤਸਵੀਰ ਸਰੋਤ, Getty Images
ਬੀਬੀਸੀ ਸਪੋਰਟਸ ਮੁਤਾਬਕ 27 ਜੁਲਾਈ ਤੱਕ ਪੰਜ ਭਾਰਤੀ ਖਿਡਾਰੀਆਂ ਨੇ ਸਿਲਵਰ ਮੈਡਲ ਹਾਸਲ ਕੀਤੇ ਹਨ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਵੇਟਲਿਫਟਿੰਗ ਵਿੱਚ ਚਾਰ ਸਿਲਵਰ ਮੈਡਲ ਭਾਰਤ ਦੀ ਝੋਲੀ ਆਏ ਹਨ। ਰਿਸ਼ੀਕਾਂਤ ਸਿੰਘ, ਮੁੱਥੂਪੰਡੀ ਰਾਜਾ, ਗਿਆਨੇਸ਼ਵਰੀ ਯਾਦਵ, ਵੱਲੂਰੀ ਅਜੇ ਬਾਬੂ ਨੇ ਵੇਟਲਿਫਟਿੰਗ ਵਿੱਚ ਚਾਂਦੀ ਦੇ ਤਮਗੇ ਹਾਸਲ ਕੀਤੇ ਹਨ।
ਇਸ ਤੋਂ ਇਲਾਵਾ ਐਥਲੀਟ ਸਰਵੇਸ਼ ਕੁਸ਼ਾਰੇ ਨੇ ਪੁਰਸ਼ ਹਾਈ ਜੰਪ ਈਵੈਂਟ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਹੈ।

ਤਸਵੀਰ ਸਰੋਤ, Getty Images
ਗਿਆਨੇਸ਼ਵਰੀ ਯਾਦਵ ਨੇ ਔਰਤਾਂ ਦੇ 53 ਕਿਲੋਗ੍ਰਮ ਭਾਰ ਵਰਗ ਵਿੱਚ ਕੁੱਲ 199 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਵਿੱਚ 88 ਕਿਲੋਗ੍ਰਾਮ ਸਨੈਚ ਅਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਸ਼ਾਮਲ ਹੈ।
ਇਹ ਉਨ੍ਹਾਂ ਦਾ ਕੁੱਲ ਭਾਰ ਅਤੇ ਕਲੀਨ ਐਂਡ ਜਰਕ ਮੁਕਾਬਲੇ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ।
ਛੱਤੀਸਗੜ੍ਹ ਨਾਲ ਸਬੰਧਤ ਗਿਆਨੇਸ਼ਵਰੀ ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਰਾਸ਼ਟਰੀ ਕੋਚਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਕਰਦੀ ਰਹੀ ਹੈ।
ਗਿਆਨੇਸ਼ਵਰੀ ਨੇ ਕਾਮਨਵੈਲਥ ਚੈਂਪੀਅਨਸ਼ਿਪ, ਏਸ਼ੀਆਈ ਚੈਂਪੀਅਨਸ਼ਿਪ ਅਤੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਸਣੇ ਕਈ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਬ੍ਰਾਂਜ਼ ਮੈਡਲ ਜਿੱਤਣ ਵਾਲੇ ਖਿਡਾਰੀ

ਤਸਵੀਰ ਸਰੋਤ, Getty Images
ਨਿਊਜ਼ ਏਜੰਸੀ ਏਐਨਆਈ ਮੁਤਾਬਕ ਸਭ ਤੋਂ ਪਹਿਲਾ ਬ੍ਰਾਂਜ਼ ਮੈਡਲ ਪੈਰਾ ਪਾਵਰਲਿਫ਼ਟਰ ਝੰਡੂ ਕੁਮਾਰ ਨੇ ਦਵਾਇਆ।
ਪੈਰਾ ਐਥਲੀਟ ਸ਼ਿਲਪਾ ਕੇ ਸ਼ਾਇਲਾ ਨੇ ਮਹਿਲਾ ਸ਼ੌਟ ਪੁੱਟ ਐੱਫ57 ਈਵੈਂਟ ਵਿੱਚ ਬ੍ਰਾਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਵੇਟਲਿਫ਼ਟਰ ਬਿੰਦਿਆਰਾਨੀ ਦੇਵੀ ਵੀ ਕਾਂਸੇ ਦਾ ਤਮਗਾ ਹਾਸਲ ਕਰਨ ਵਿੱਚ ਕਾਮਯਾਬ ਰਹੇ।
ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਗੋਲਡ

ਤਸਵੀਰ ਸਰੋਤ, Mattia Ozbot/Getty Images
ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤ ਲਿਆ ਹੈ।
ਮੀਰਾਬਾਈ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਮੀਰਾਬਾਈ ਨੇ ਕਈ ਰਿਕਾਰਡ ਤੋੜੇ।
ਉਨ੍ਹਾਂ ਨੇ ਸਨੈਚ ਵਿੱਚ 85 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿੱਚ 105 ਕਿਲੋਗ੍ਰਾਮ ਸਮੇਤ ਕੁੱਲ 190 ਕਿਲੋਗ੍ਰਾਮ ਭਾਰ ਚੁੱਕਿਆ।
ਮੀਰਾਬਾਈ ਚਾਨੂ ਨੇ ਕਾਮਨਵੈਲਥ ਗੇਮਜ਼ ਵਿੱਚ ਸਨੈਚ ਵਿੱਚ 85 ਕਿਲੋਗ੍ਰਾਮ ਭਾਰ ਚੁੱਕਿਆ ਹੈ, ਜੋ ਕਿ ਇੱਕ ਰਿਕਾਰਡ ਹੈ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਮੀਰਾਬਾਈ ਚਾਨੂ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ। ਕਾਮਨਵੈਲਥ ਖੇਡਾਂ ਵਿੱਚ ਇਹ ਮੇਰਾ ਤੀਜਾ ਸੋਨੇ ਦਾ ਤਮਗਾ ਹੈ। ਕੁੱਲ ਮਿਲਾ ਕੇ ਇਹ ਮੇਰਾ ਚੌਥਾ ਤਮਗਾ ਹੈ। ਮੇਰਾ ਸਫ਼ਰ 2014 ਦੀਆਂ ਕਾਮਨਵੈਲਥ ਖੇਡਾਂ ਤੋਂ ਹੀ ਸ਼ੁਰੂ ਹੋਇਆ ਸੀ, ਜਿੱਥੇ ਮੈਂ ਚਾਂਦੀ ਦਾ ਤਮਗਾ ਜਿੱਤਿਆ ਸੀ।"
ਉਨ੍ਹਾਂ ਕਿਹਾ, "ਅੱਜ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਲਗਾਤਾਰ ਸੋਨੇ ਦੇ ਤਮਗੇ ਜਿੱਤਣਾ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਉਪਲਬਧੀ ਹੁੰਦੀ ਹੈ, ਇਸ ਲਈ ਅੱਜ ਮੈਂ ਬਹੁਤ ਖੁਸ਼ ਹਾਂ।"
ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਪਰ ਉਹ ਇਸ ਤੋਂ ਪਹਿਲਾਂ ਚਾਂਦੀ ਦਾ ਤਗ਼ਮਾ ਵੀ ਜਿੱਤ ਚੁੱਕੇ ਹਨ।
ਉਨ੍ਹਾਂ ਨੇ ਸਾਲ 2014 ਵਿੱਚ ਗਲਾਸਗੋ ਵਿੱਚ ਹੀ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2018 ਦੀਆਂ ਗੋਲਡ ਕੋਸਟ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਫਿਰ ਸਾਲ 2022 ਦੀਆਂ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਮੀਰਾਬਾਈ ਨੇ ਟੋਕਿਓ ਓਲੰਪਿਕਸ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਨਾਲ ਉਹ ਅਜਿਹਾ ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਬਣੇ ਸਨ।
ਦੋ ਵਾਰ ਜਿੱਤਿਆ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ
ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਸਾਲ 2022 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਜਿੱਤਿਆ ਸੀ।
ਚਾਨੂ ਨੂੰ ਜਨਤਕ ਵੋਟਿੰਗ ਦੇ ਨਤੀਜੇ ਆਉਣ ਤੋਂ ਬਾਅਦ ਜੇਤੂ ਐਲਾਨਿਆ ਗਿਆ ਸੀ।
ਸਾਲ 2021 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਵੀ ਉਨ੍ਹਾਂ ਨੇ ਹੀ ਜਿੱਤਿਆ ਸੀ।
ਮੀਰਾਬਾਈ ਚਾਨੂ ਨੇ ਕਿਹੜੇ-ਕਿਹੜੇ ਤਗ਼ਮੇ ਜਿੱਤੇ ਹਨ?

ਤਸਵੀਰ ਸਰੋਤ, NurPhoto via Getty Images
ਕਾਮਨਵੈਲਥ ਗੇਮਜ਼ 2014 - ਚਾਂਦੀ ਦਾ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2017 - ਸੋਨ ਤਗ਼ਮਾ
ਕਾਮਨਵੈਲਥ ਗੇਮਜ਼ 2018 - ਸੋਨ ਤਗ਼ਮਾ
ਏਸ਼ੀਆਈ ਚੈਂਪੀਅਨਸ਼ਿਪ 2020 - ਕਾਂਸੀ ਦਾ ਤਗ਼ਮਾ
ਟੋਕਿਓ ਓਲੰਪਿਕ 2020 - ਚਾਂਦੀ ਦਾ ਤਗ਼ਮਾ
ਕਾਮਨਵੈਲਥ ਗੇਮਜ਼ 2022 - ਸੋਨ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2022 - ਚਾਂਦੀ ਦਾ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2025 - ਚਾਂਦੀ ਦਾ ਤਗ਼ਮਾ
ਕਾਮਨਵੈਲਥ ਗੇਮਜ਼ 2026 - ਸੋਨ ਤਗ਼ਮਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















