ਮੈਟਾ ਅਜੇ ਵੀ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ: ਰਿਪੋਰਟ

ਤਸਵੀਰ ਸਰੋਤ, Getty Images
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਇੱਕ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਮੈਟਾ ਨੇ ਪੈਸੇ ਲੈ ਕੇ ਸੈਂਕੜੇ ਅਜਿਹੇ ਇਸ਼ਤਿਹਾਰ ਚਲਾਏ ਹਨ, ਜਿਨ੍ਹਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਬਣਾਈਆਂ ਗਈਆਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓ ਹਨ।
ਟੈਕ ਕੰਪਨੀਆਂ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਦੇ ਮੁੱਦੇ 'ਤੇ ਕੰਮ ਕਰਨ ਵਾਲੇ ਅਮਰੀਕੀ ਕਾਰਕੁਨਾਂ ਦੀ ਇਸ ਰਿਪੋਰਟ ਮੁਤਾਬਕ ਪਿਛਲੇ 10 ਮਹੀਨਿਆਂ ਵਿੱਚ ਦਿਖਾਏ ਗਏ ਇਨ੍ਹਾਂ ਇਸ਼ਤਿਹਾਰਾਂ ਵਿੱਚੋਂ ਦਰਜਨਾਂ ਭਾਰਤ ਵਿੱਚ ਚਲਾਏ ਗਏ ਹਨ।
ਇਹ ਰਿਪੋਰਟ ਭਾਰਤ ਸਰਕਾਰ ਦੇ ਉਸ ਹੁਕਮ ਦੇ ਦੋ ਮਹੀਨੇ ਬਾਅਦ ਆਈ ਹੈ, ਜਿਸ ਵਿੱਚ ਮੈਟਾ ਨੂੰ ਇੰਸਟਾਗ੍ਰਾਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ (ਸੀਐੱਸਏਐੱਮ) ਅਤੇ ਇਸ਼ਤਿਹਾਰ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ।
ਇਹ ਕਦਮ ਬੀਬੀਸੀ ਆਈ ਦੀ ਪੜਤਾਲ ਤੋਂ ਬਾਅਦ ਚੁੱਕਿਆ ਗਿਆ ਸੀ। ਇਸ ਪੜਤਾਲ ਵਿੱਚ ਦੇਖਿਆ ਗਿਆ ਸੀ ਕਿ ਇੰਸਟਾਗ੍ਰਾਮ ਪੈਸੇ ਲੈ ਕੇ ਅਜਿਹੀ ਸਮੱਗਰੀ ਦੇ ਪ੍ਰਚਾਰ ਵਾਲੇ ਇਸ਼ਤਿਹਾਰ ਭਾਰਤ ਵਿੱਚ ਚਲਾ ਰਿਹਾ ਸੀ।
ਵਾਸ਼ਿੰਗਟਨ ਸਥਿਤ ਟੈਕ ਟ੍ਰਾਂਸਪੇਰੈਂਸੀ ਪ੍ਰੋਜੈਕਟ (ਟੀਟੀਪੀ) ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸੀਐੱਸਏਐੱਮ ਵਾਲੇ 332 ਇਸ਼ਤਿਹਾਰ ਮਿਲੇ। ਇਨ੍ਹਾਂ ਵਿੱਚੋਂ ਜ਼ਿਆਦਾਤਰ (274) ਇਸੇ ਸਾਲ ਅਗਸਤ ਮਹੀਨੇ ਵਿੱਚ ਚਲਾਏ ਗਏ ਸਨ।
ਜਦੋਂ ਬੀਬੀਸੀ ਨੇ ਇਨ੍ਹਾਂ ਨਤੀਜਿਆਂ ਬਾਰੇ ਮੈਟਾ ਨੂੰ ਲਿਖਿਆ ਤਾਂ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਅਸੀਂ ਨਿਊਡਿਫ਼ਾਈ ਐਪ ਜਾਂ ਬੱਚਿਆਂ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕਰਦੇ। ਭਾਵੇਂ ਉਹ ਅਸਲ ਜ਼ਿੰਦਗੀ ਵਿੱਚ ਹੋਵੇ ਜਾਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਬਣਾਇਆ ਗਿਆ ਹੋਵੇ।"
"ਅਪਰਾਧਿਕ ਤੱਤ ਫੜੇ ਜਾਣ ਤੋਂ ਬਚਣ ਲਈ ਹਰ ਸਮੇਂ ਤਰੀਕੇ ਬਦਲਦੇ ਰਹਿੰਦੇ ਹਨ। ਇਸ ਕਾਰਨ ਅਸੀਂ ਇਨ੍ਹਾਂ ਨੂੰ ਖੋਜਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਦੇ ਹਾਂ।"
ਮੰਗਲਵਾਰ ਨੂੰ ਪ੍ਰਕਾਸ਼ਿਤ ਹੋਈ ਟੀਟੀਪੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਯੂਰਪ ਦੇ ਰਾਜ ਪਰਿਵਾਰ ਦੇ ਇੱਕ ਬੱਚੇ ਸਮੇਤ ਕਈ ਅਸਲ ਬੱਚਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਦੀਆਂ ਤਸਵੀਰਾਂ ਇਸ਼ਤਿਹਾਰਾਂ ਵਿੱਚ ਵਰਤੀਆਂ ਗਈਆਂ ਹਨ ਅਤੇ ਏਆਈ ਦੀ ਵਰਤੋਂ ਕਰਕੇ ਬਦਲੀਆਂ ਗਈਆਂ ਹਨ।
ਟੀਟੀਪੀ ਮੁਤਾਬਕ ਮੈਟਾ ਨੂੰ ਆਪਣੀ ਖੋਜ ਦੇ ਨਤੀਜਿਆਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਵੀ ਕੰਪਨੀ ਦੇ ਪਲੇਟਫਾਰਮ 'ਤੇ ਅਜਿਹੇ ਇਸ਼ਤਿਹਾਰ ਚਲਾਏ ਜਾਂਦੇ ਰਹੇ ਹਨ।
ਲਗਭਗ ਇੱਕ-ਚੌਥਾਈ (84) ਇਸ਼ਤਿਹਾਰ ਭਾਰਤ ਵਿੱਚ ਚਲਾਏ ਗਏ। ਇਨ੍ਹਾਂ ਵਿੱਚੋਂ 78 ਭਾਰਤ ਸਰਕਾਰ ਵੱਲੋਂ ਇੰਸਟਾਗ੍ਰਾਮ ਤੋਂ ਸੀਐੱਸਏਐੱਮ ਹਟਾਉਣ ਦੇ ਹੁਕਮ ਅਤੇ ਮੈਟਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਕਾਸ਼ਿਤ ਹੋਏ।
ਬੀਬੀਸੀ ਦੀ ਪੜਤਾਲ ਤੋਂ ਬਾਅਦ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਕਈ ਭਾਰਤੀ ਏਜੰਸੀਆਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਭਾਰਤ ਵਿੱਚ ਬਾਲ ਜਿਨਸੀ ਸ਼ੋਸ਼ਣ ਅਤੇ ਹਿੰਸਕ ਸਮੱਗਰੀ ਦਾ ਪ੍ਰਚਾਰ ਅਪਰਾਧਿਕ ਜੁਰਮ ਹੈ। ਮੈਟਾ ਦੀ ਪਾਲਿਸੀ ਕਹਿੰਦੀ ਹੈ ਕਿ ਇਸ਼ਤਿਹਾਰ ਵਿੱਚ ਅਜਿਹੀ ਕੋਈ ਸਮੱਗਰੀ ਨਹੀਂ ਦਿਖਾਈ ਜਾ ਸਕਦੀ ਜੋ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰੇ ਜਾਂ ਉਨ੍ਹਾਂ ਨੂੰ ਇਸ ਦੇ ਖ਼ਤਰੇ ਵਿੱਚ ਪਾਏ।
ਜਦੋਂ ਬੀਬੀਸੀ ਨੇ ਮੈਟਾ ਨਾਲ ਆਪਣੀ ਪੜਤਾਲ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਾਂ ਉਹ ਕਾਨੂੰਨ ਮੁਤਾਬਕ ਇਸ ਦੀ ਸੂਚਨਾ ਨੈਸ਼ਨਲ ਸੈਂਟਰ ਫ਼ਾਰ ਮਿਸਿੰਗ ਐਂਡ ਐਕਸਪਲੌਇਟਡ ਚਿਲਡਰਨ (ਐੱਨਸੀਐੱਮਈਸੀ) ਨੂੰ ਦਿੰਦੇ ਹਨ।
ਐੱਨਸੀਐੱਮਈਸੀ ਇੰਟਰਨੈੱਟ 'ਤੇ ਬੱਚੇ-ਬੱਚੀਆਂ ਦੇ ਜਿਨਸੀ ਸ਼ੋਸ਼ਣ ਅਤੇ ਹਿੰਸਾ ਬਾਰੇ ਰਿਪੋਰਟ ਕਰਨ ਦਾ ਵਿਸ਼ਵ ਪੱਧਰੀ ਸਿਸਟਮ ਹੈ।
ਪਰ ਭਾਰਤ ਵਿੱਚ ਬੱਚੇ-ਬੱਚੀਆਂ ਖ਼ਿਲਾਫ਼ ਹਿੰਸਾ ਦੇ ਮੁੱਦੇ 'ਤੇ ਕੰਮ ਕਰ ਰਹੇ 250 ਤੋਂ ਜ਼ਿਆਦਾ ਸੰਗਠਨਾਂ ਦੇ ਨੈੱਟਵਰਕ 'ਜਸਟ ਰਾਈਟਸ ਫ਼ਾਰ ਚਿਲਡਰਨ' ਦੇ ਸੰਸਥਾਪਕ ਭੁਵਨ ਰਿਭੂ ਮੁਤਾਬਕ ਇਹ ਕਾਫ਼ੀ ਨਹੀਂ ਹੈ।
'ਜਸਟ ਰਾਈਟਸ ਫ਼ਾਰ ਚਿਲਡਰਨ' ਨੇ ਬੀਬੀਸੀ ਦੀ ਪੜਤਾਲ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ ਹੈ।
ਇਸ ਤਹਿਤ ਉਨ੍ਹਾਂ ਲਈ ਸੀਐੱਸਏਐੱਮ ਦਾ ਪ੍ਰਸਾਰ ਕਰਨ ਵਾਲਿਆਂ ਦੀ ਪਛਾਣ ਕਰਨਾ ਅਤੇ ਏਜੰਸੀਆਂ ਨੂੰ ਇਸ ਦੀ ਰਿਪੋਰਟ ਕਰਨਾ ਲਾਜ਼ਮੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਭਾਰਤੀ ਕਾਨੂੰਨਾਂ ਦੀ ਉਲੰਘਣਾ

ਤਸਵੀਰ ਸਰੋਤ, Bhuvan Ribhu
ਭੁਵਿਨ ਰਿਭੂ ਨੇ ਬੀਬੀਸੀ ਨੂੰ ਕਿਹਾ, "ਸਾਡੇ ਬਾਲ ਅਧਿਕਾਰ ਸੁਰੱਖਿਆ ਕਾਨੂੰਨਾਂ ਤਹਿਤ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਨੂੰ ਭਾਰਤੀ ਜਾਂਚ ਏਜੰਸੀਆਂ ਨੂੰ ਰਿਪੋਰਟ ਕਰਨਾ ਜ਼ਰੂਰੀ ਹੈ ਪਰ ਅਜਿਹਾ ਨਾ ਕਰਕੇ ਸੋਸ਼ਲ ਮੀਡੀਆ ਕੰਪਨੀਆਂ ਸਾਫ਼ ਤੌਰ 'ਤੇ ਭਾਰਤ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਹੀਆਂ ਹਨ।"
ਵੱਡੀਆਂ ਤਕਨੀਕੀ ਕੰਪਨੀਆਂ ਤੋਂ ਜਵਾਬਦੇਹੀ ਦੀ ਮੰਗ ਕਰਨ ਵਾਲੇ 'ਕੈਂਪੇਨ ਫ਼ਾਰ ਅਕਾਊਂਟੇਬਿਲਿਟੀ' ਨਾਲ ਜੁੜੀ ਟੀਟੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ, ਯੂਨਾਈਟਿਡ ਕਿੰਗਡਮ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ ਅਤੇ ਭਾਰਤ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਚਲਾਏ ਗਏ ਸੀਐੱਸਏਐੱਮ ਵਾਲੇ 332 ਇਸ਼ਤਿਹਾਰ ਮਿਲੇ।
ਉਨ੍ਹਾਂ ਮੁਤਾਬਕ, ਉਨ੍ਹਾਂ ਨੇ ਸਾਰੇ ਇਸ਼ਤਿਹਾਰ ਐੱਨਸੀਐੱਮਈਸੀ ਨੂੰ ਰਿਪੋਰਟ ਕਰ ਦਿੱਤੇ ਹਨ।
ਟੀਟੀਪੀ ਮੁਤਾਬਕ ਲਗਭਗ ਸਾਰੇ ਇਸ਼ਤਿਹਾਰ ਇੱਕ ਬੱਚੇ ਦੀ ਤਸਵੀਰ ਤੋਂ ਸ਼ੁਰੂ ਹੁੰਦੇ ਹਨ ਅਤੇ ਜਿਵੇਂ ਹੀ ਵੀਡੀਓ ਚੱਲਣਾ ਸ਼ੁਰੂ ਹੁੰਦਾ ਹੈ, ਏਆਈ ਫ਼ੋਟੋ ਨੂੰ ਬਦਲ ਕੇ ਬੱਚੇ ਨੂੰ ਜਿਨਸੀ ਕਿਰਿਆ ਵਿੱਚ ਦਿਖਾਉਂਦਾ ਹੈ।
ਟੀਟੀਪੀ ਨੇ ਭਾਰਤ ਵਿੱਚ ਚਲਾਏ ਗਏ ਇੱਕ ਇਸ਼ਤਿਹਾਰ ਦੇ ਵੇਰਵੇ ਵਿੱਚ ਲਿਖਿਆ, "ਤੇਰਾਂ ਸਾਲ ਤੋਂ ਘੱਟ ਉਮਰ ਦੀ ਦਿਖਾਈ ਦੇਣ ਵਾਲੀ ਇੱਕ ਕੁੜੀ ਦੀ ਤਸਵੀਰ, ਜਿਸ ਨੂੰ ਏਆਈ ਜਿਨਸੀ ਕਿਰਿਆ ਵਿੱਚ ਬਦਲ ਦਿੰਦਾ ਹੈ।"
"ਨਾਲ ਹੀ ਅੰਗਰੇਜ਼ੀ ਦੇ ਵੌਇਸਓਵਰ ਵਿੱਚ ਕਿਹਾ ਗਿਆ ਹੈ, 'ਕੋਈ ਰੋਕਟੋਕ ਨਹੀਂ ਹੈ। ਸਾਰੇ ਪਾਤਰ ਅਸਲੀ ਲੋਕ ਹਨ ਅਤੇ ਕਈ ਬਦਲ ਹਨ। ਇਹੀ ਉਹ ਏਆਈ ਹੈ ਜਿਸ ਨੂੰ ਆਦਮੀ ਵਰਤਦੇ ਹਨ'।"
ਬੀਬੀਸੀ ਨੇ ਇਹ ਇਸ਼ਤਿਹਾਰ ਨਹੀਂ ਦੇਖਿਆ ਹੈ।
ਟੀਟੀਪੀ ਮੁਤਾਬਕ, ਇਸ ਸਾਲ ਅਗਸਤ ਦੇ ਦੋ ਹਫ਼ਤਿਆਂ ਦੇ ਅੰਦਰ ਹੀ ਇਸ ਇਸ਼ਤਿਹਾਰ ਨੂੰ 50 ਵੱਖ-ਵੱਖ ਹੈਂਡਲਾਂ ਵੱਲੋਂ ਪੋਸਟ ਕੀਤਾ ਗਿਆ।
ਜੁਲਾਈ ਵਿੱਚ ਬੀਬੀਸੀ ਦੀ ਪੜਤਾਲ ਸਾਹਮਣੇ ਆਉਣ ਤੋਂ ਬਾਅਦ ਮੈਟਾ ਨੇ ਆਪਣੀ ਵੈੱਬਸਾਈਟ 'ਤੇ ਇੱਕ ਵਿਸਤ੍ਰਿਤ ਪੋਸਟ ਵਿੱਚ ਲਿਖਿਆ ਸੀ ਕਿ ਉਹ ਆਪਣੇ ਐਪਸ 'ਤੇ ਬੱਚਿਆਂ ਦੇ ਸ਼ੋਸ਼ਣ ਨਾਲ ਲੜਨ ਲਈ ਕੀ ਕਦਮ ਚੁੱਕ ਰਹੇ ਹਨ।
ਉਸ ਵਿੱਚ ਕਿਹਾ ਗਿਆ ਸੀ, "ਸਾਡੇ ਪਲੇਟਫਾਰਮ 'ਤੇ ਜੇ ਕਿਸੇ ਨੂੰ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲਾ ਕੋਈ ਇਸ਼ਤਿਹਾਰ ਮਿਲੇ ਤਾਂ ਉਹ ਉਸ ਨੂੰ ਰਿਪੋਰਟ ਕਰ ਸਕਦੇ ਹਨ।"
ਟੀਟੀਪੀ ਨੇ ਦੱਸਿਆ ਕਿ ਉਨ੍ਹਾਂ ਨੇ ਮੈਟਾ ਦੇ ਰਿਪੋਰਟਿੰਗ ਸਿਸਟਮ ਦੀ ਵਰਤੋਂ ਕਰਕੇ ਭਾਰਤ ਵਿੱਚ ਚਲਾਏ ਗਏ 84 ਇਸ਼ਤਿਹਾਰ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ। ਉਹ 55 ਇਸ਼ਤਿਹਾਰ ਰਿਪੋਰਟ ਕਰ ਸਕੇ। ਮੈਟਾ ਇਸ਼ਤਿਹਾਰਾਂ ਨੂੰ ਰਿਪੋਰਟ ਕਰਨ ਦਾ ਵਿਕਲਪ ਤਾਂ ਹੀ ਦਿੰਦਾ ਹੈ ਜਦੋਂ ਉਹ 'ਲਾਈਵ' ਹੋਣ।
ਇਨ੍ਹਾਂ ਵਿੱਚੋਂ 43 ਲਈ ਟੀਟੀਪੀ ਨੂੰ ਜਵਾਬ ਵਿੱਚ ਕਿਹਾ ਗਿਆ, "ਅਸੀਂ ਦੇਖਿਆ ਹੈ ਅਤੇ ਪਾਇਆ ਹੈ ਕਿ ਇਹ ਇਸ਼ਤਿਹਾਰ ਸਾਡੇ ਇਸ਼ਤਿਹਾਰ ਮਾਪਦੰਡਾਂ ਦੀ ਉਲੰਘਣਾ ਨਹੀਂ ਕਰਦੇ ਹਨ।"
ਇਨ੍ਹਾਂ ਵਿੱਚੋਂ 11 ਲਈ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਪਹਿਲਾਂ ਹੀ ਹਟਾਏ ਜਾ ਚੁੱਕੇ ਹਨ। ਇੱਕ ਇਸ਼ਤਿਹਾਰ ਲਈ ਕੋਈ ਜਵਾਬ ਨਹੀਂ ਆਇਆ।
ਮੈਟਾ ਦਾ ਪੱਖ

ਤਸਵੀਰ ਸਰੋਤ, Getty Images
ਜਦੋਂ ਬੀਬੀਸੀ ਨੇ ਇਸ ਬਾਰੇ ਮੈਟਾ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਮਜ਼ਬੂਤ ਸੁਰੱਖਿਆ ਪ੍ਰਬੰਧ ਬਣਾਏ ਹਨ। ਇਨ੍ਹਾਂ ਵਿੱਚ ਅਜਿਹੇ ਸਿਸਟਮ ਸ਼ਾਮਲ ਹਨ ਜੋ ਉਲੰਘਣਾ ਕਰਨ ਵਾਲੇ ਇਸ਼ਤਿਹਾਰਾਂ ਨੂੰ ਬਲੌਕ ਕਰਦੇ ਹਨ ਅਤੇ ਜੇਕਰ ਸ਼ੁਰੂਆਤ ਵਿੱਚ ਸਾਡੇ ਕੋਲੋਂ ਕੁਝ ਛੁੱਟ ਜਾਵੇ ਤਾਂ ਉਸ ਦੀ ਲਗਾਤਾਰ ਨਿਗਰਾਨੀ ਕਰਦੇ ਹਨ।"
"ਇਸ ਵਜ੍ਹਾ ਨਾਲ ਜੋ ਇਸ਼ਤਿਹਾਰ ਸਾਨੂੰ ਰਿਪੋਰਟ ਕੀਤੇ ਗਏ, ਉਨ੍ਹਾਂ ਵਿੱਚੋਂ ਕਈ ਪਹਿਲਾਂ ਹੀ ਹਟਾਏ ਜਾ ਚੁੱਕੇ ਸਨ। ਜ਼ਿਆਦਾਤਰ ਦੇ 200 ਤੋਂ ਘੱਟ ਇੰਪ੍ਰੈਸ਼ਨ ਸਨ ਅਤੇ ਉਨ੍ਹਾਂ 'ਤੇ ਕੁੱਲ ਖਰਚ 5,000 ਡਾਲਰ ਤੋਂ ਘੱਟ ਸੀ।"
ਟੀਟੀਪੀ ਮੁਤਾਬਕ, ਜਦੋਂ ਉਨ੍ਹਾਂ ਨੇ ਮੈਟਾ ਤੋਂ ਜਵਾਬ ਲਈ ਸੰਪਰਕ ਕੀਤਾ ਤਾਂ ਸਾਰੇ ਇਸ਼ਤਿਹਾਰ ਹਟਾ ਦਿੱਤੇ ਗਏ।
ਇਹ ਤਜਰਬਾ ਉਸੇ ਤਰ੍ਹਾਂ ਦਾ ਸੀ ਜਿਵੇਂ ਬੀਬੀਸੀ ਦੀ ਪੜਤਾਲ ਦੌਰਾਨ ਹੋਇਆ ਸੀ। ਜਦੋਂ ਬੀਬੀਸੀ ਨੇ ਮੈਟਾ ਦੇ ਰਿਪੋਰਟਿੰਗ ਸਿਸਟਮ ਦੀ ਵਰਤੋਂ ਕਰਕੇ ਸੀਐੱਸਏਐੱਮ ਵਾਲੇ ਇੱਕ ਇਸ਼ਤਿਹਾਰ ਨੂੰ ਰਿਪੋਰਟ ਕੀਤਾ ਤਾਂ ਪਲੇਟਫਾਰਮ ਨੇ ਉਸ ਨੂੰ ਨਹੀਂ ਹਟਾਇਆ।
ਬਾਅਦ ਵਿੱਚ ਜਦੋਂ ਬੀਬੀਸੀ ਨੇ ਮੈਟਾ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਈ ਇਸ਼ਤਿਹਾਰ ਡਿਸੇਬਲ ਕਰ ਚੁੱਕੇ ਸਨ ਅਤੇ ਉਨ੍ਹਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਸ ਨੂੰ ਸਸਪੈਂਡ ਕਰ ਚੁੱਕੇ ਸਨ।
ਕੰਪਨੀ ਨੇ ਕਿਹਾ ਕਿ ਬੀਬੀਸੀ ਦੀ ਪੜਤਾਲ ਤੋਂ ਬਾਅਦ ਉਨ੍ਹਾਂ ਨੇ ਹੋਰ ਇਸ਼ਤਿਹਾਰ ਹਟਾਏ ਹਨ, ਅਕਾਊਂਟ ਡਿਸੇਬਲ ਕੀਤੇ ਹਨ ਅਤੇ ਉਨ੍ਹਾਂ ਦੀ ਪਾਲਿਸੀ ਦੀ ਉਲੰਘਣਾ ਕਰਨ ਵਾਲੀ ਹੋਰ ਸਮੱਗਰੀ ਦੇ ਯੂਆਰਐੱਲ ਬਲੌਕ ਕਰ ਦਿੱਤੇ ਹਨ।
ਟੀਟੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੇ 332 ਇਸ਼ਤਿਹਾਰਾਂ ਵਿੱਚੋਂ ਜ਼ਿਆਦਾਤਰ ਵਿੱਚ ਯੂਜ਼ਰ ਨੂੰ ਅਜਿਹੇ ਐਪ ਤੱਕ ਪਹੁੰਚਾਇਆ ਗਿਆ ਜੋ ਏਆਈ ਦੀ ਵਰਤੋਂ ਨਾਲ ਤਸਵੀਰਾਂ ਅਤੇ ਵੀਡੀਓ ਬਣਾਉਂਦੇ ਹਨ। ਇਹ ਮੁੱਖ ਤੌਰ 'ਤੇ ਚੀਨੀ ਡਿਵੈਲਪਰਾਂ ਵੱਲੋਂ ਬਣਾਏ ਗਏ ਐਪ ਹਨ।
ਰਿਪੋਰਟ ਦਾ ਦੋਸ਼ ਹੈ ਕਿ ਸੀਐੱਸਏਐੱਮ ਵਾਲੇ ਇਸ਼ਤਿਹਾਰਾਂ ਰਾਹੀਂ ਇਨ੍ਹਾਂ ਐਪਸ ਦਾ ਪ੍ਰਚਾਰ ਕਰਨ ਦਾ ਮਤਲਬ ਹੈ ਕਿ ਇਨ੍ਹਾਂ ਐਪਸ ਦੀ ਵਰਤੋਂ ਵੀ ਸੀਐੱਸਏਐੱਮ ਬਣਾਉਣ ਜਾਂ ਦੇਖਣ ਲਈ ਕੀਤੀ ਜਾ ਸਕਦੀ ਹੈ।
ਮੈਟਾ ਦਾ ਕਹਿਣਾ ਹੈ ਕਿ ਏਆਈ ਦੀ ਵਰਤੋਂ ਨਾਲ ਬਿਨਾਂ ਸਹਿਮਤੀ ਦੀਆਂ ਫ਼ੇਕ ਨਗਨ ਜਾਂ ਸੈਕਸੁਅਲੀ ਐਕਸਪਲਿਸਿਟ ਤਸਵੀਰਾਂ ਬਣਾਉਣ ਵਾਲੀਆਂ ਨਿਊਡਿਫ਼ਾਈ ਐਪਸ ਦੇ ਪ੍ਰਚਾਰ ਨੂੰ ਉਹ ਪ੍ਰਤੀਬੰਧਿਤ ਕਰਦਾ ਹੈ।
ਭਾਰਤ ਦੀਆਂ ਚੋਟੀ ਦੀਆਂ ਸਾਈਬਰ ਪੁਲਿਸ ਅਫ਼ਸਰਾਂ ਵਿੱਚੋਂ ਇੱਕ ਅਤੇ ਤੇਲੰਗਾਨਾ ਸਾਈਬਰ ਸਕਿਓਰਿਟੀ ਬਿਊਰੋ ਦੀ ਡਾਇਰੈਕਟਰ ਸ਼ਿਖਾ ਗੋਇਲ ਨੇ ਬੀਬੀਸੀ ਨੂੰ ਦੱਸਿਆ ਕਿ ਸੀਐੱਸਏਐੱਮ ਨਾਲ ਜੁੜੀ ਇੱਕ ਵੱਡੀ ਚੁਣੌਤੀ ਹੈ, "ਯੂਜ਼ਰ ਦਾ ਇੱਕ ਪਲੇਟਫਾਰਮ ਤੋਂ ਦੂਜੇ ਤੱਕ ਆਸਾਨੀ ਨਾਲ ਜਾ ਪਾਉਣਾ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਫੜਨਾ ਮੁਸ਼ਕਲ ਹੋ ਜਾਂਦਾ ਹੈ।"
ਉਨ੍ਹਾਂ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਸੋਸ਼ਲ ਮੀਡੀਆ ਇੰਟਰਮਿਡੀਅਰੀਜ਼ ਨਾਲ ਇਸ ਤਾਜ਼ਾ ਗੱਲਬਾਤ ਵਿੱਚ ਸਰਕਾਰ ਇਸ ਮੁੱਦੇ 'ਤੇ ਚਰਚਾ ਕਰੇਗੀ ਅਤੇ ਉਨ੍ਹਾਂ ਨੂੰ ਉਚਿਤ ਨਿਰਦੇਸ਼ ਦੇਵੇਗੀ।"
ਚੀਨ ਦਾ ਕਨੈਕਸ਼ਨ

ਤਸਵੀਰ ਸਰੋਤ, Shikha Goel
ਬੀਬੀਸੀ ਦੀ ਪੜਤਾਲ ਵਿੱਚ ਜੋ ਇਸ਼ਤਿਹਾਰ ਮਿਲੇ ਸਨ, ਉਹ ਵੀ ਯੂਜ਼ਰ ਨੂੰ ਦੂਜੇ ਐਪ, 'ਟੈਲੀਗ੍ਰਾਮ' ਤੱਕ ਲੈ ਜਾਂਦੇ ਸਨ, ਜਿੱਥੇ ਉਹ ਇਸ ਸਮੱਗਰੀ ਨੂੰ ਸਿਰਫ਼ 99 ਰੁਪਏ ਵਿੱਚ ਖ਼ਰੀਦ ਸਕਦੇ ਸਨ।
ਟੈਲੀਗ੍ਰਾਮ ਨੇ ਉਦੋਂ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਬਾਲ ਜਿਨਸੀ ਸ਼ੋਸ਼ਣ ਅਤੇ ਹਿੰਸਕ ਸਮੱਗਰੀ (ਸੀਐੱਸਏਐੱਮ) ਨੂੰ ਐਪ ਤੋਂ ਹਟਾਉਣ ਲਈ ਮੋਡਰੇਸ਼ਨ ਵਿੱਚ ਤਕਨਾਲੋਜੀ ਅਤੇ ਇਨਸਾਨਾਂ, ਦੋਵਾਂ ਦੀ ਵਰਤੋਂ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦਾ ਨਤੀਜਾ ਇਹ ਹੋਇਆ ਹੈ ਕਿ, "ਟੈਲੀਗ੍ਰਾਮ ਨੇ ਆਪਣੇ ਪਲੇਟਫਾਰਮ ਤੋਂ ਸੀਐੱਸਏਐੱਮ ਦੇ ਆਮ ਲੋਕਾਂ ਵਿੱਚ ਫੈਲਣ 'ਤੇ ਲਗਭਗ ਪੂਰੀ ਰੋਕ ਲਗਾ ਦਿੱਤੀ ਹੈ।"
ਜਿੱਥੇ ਮੈਟਾ ਦੇ ਪਲੇਟਫਾਰਮ 'ਤੇ ਆਮ ਪੋਸਟ ਬਿਨਾਂ ਰੋਕਟੋਕ ਅਪਲੋਡ ਕੀਤੀਆਂ ਜਾ ਸਕਦੀਆਂ ਹਨ, ਉੱਥੇ ਮੈਟਾ ਕਹਿੰਦਾ ਹੈ ਕਿ ਹਰ ਇਸ਼ਤਿਹਾਰ ਨੂੰ ਪਲੇਟਫਾਰਮ 'ਤੇ ਆਉਣ ਤੋਂ ਪਹਿਲਾਂ ਰਿਵਿਊ ਕੀਤਾ ਜਾਂਦਾ ਹੈ।
ਮੋਟੇ ਤੌਰ 'ਤੇ ਆਟੋਮੇਟਿਡ ਤਕਨਾਲੋਜੀ 'ਤੇ ਨਿਰਭਰ ਰਹਿਣ ਵਾਲਾ ਇਸ ਦਾ ਰਿਵਿਊ ਸਿਸਟਮ ਇਸ਼ਤਿਹਾਰ ਦੀਆਂ ਤਸਵੀਰਾਂ, ਵੀਡੀਓ, ਟੈਕਸਟ, ਆਡੀਓ, ਕਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਯੂਜ਼ਰ ਨੂੰ ਕਿਸ ਲਿੰਕ 'ਤੇ ਭੇਜਿਆ ਜਾ ਰਿਹਾ ਹੈ, ਇਹ ਸਭ ਜਾਂਚ ਕਰਦਾ ਹੈ।
ਬੀਬੀਸੀ ਦੀ ਪੜਤਾਲ ਤੋਂ ਬਾਅਦ ਮੈਟਾ ਨੇ ਕਿਹਾ ਸੀ ਕਿ "ਕੋਈ ਸਿਸਟਮ ਪਰਫੈਕਟ ਨਹੀਂ ਹੁੰਦਾ" ਅਤੇ "ਅਪਰਾਧਿਕ ਤੱਤ ਸਾਡੇ ਪਲੇਟਫਾਰਮ ਦੀ ਗ਼ਲਤ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਿਸ ਵਿੱਚ ਐਡਵਰਟਾਈਜ਼ਿੰਗ ਸਿਸਟਮ ਵੀ ਸ਼ਾਮਲ ਹਨ।"
ਪਰ ਟੀਟੀਪੀ ਨੇ ਪਾਇਆ ਕਿ ਸੀਐੱਸਏਐੱਮ ਵਾਲੇ ਕਈ ਇਸ਼ਤਿਹਾਰ ਮੈਟਾ ਦੇ ਚੀਨ ਸਥਿਤ ਇਸ਼ਤਿਹਾਰ ਏਜੰਸੀ ਪਾਰਟਨਰ ਨੇ ਚਲਾਏ ਸਨ।
ਇਨ੍ਹਾਂ ਪਾਰਟਨਰਾਂ ਨੂੰ 'ਰੀਸੈਲਰ' ਕਿਹਾ ਜਾਂਦਾ ਹੈ ਅਤੇ ਇਹ ਚੀਨੀ ਐਡਵਰਟਾਈਜ਼ਿੰਗ ਦੇ ਅਰਬਾਂ ਡਾਲਰਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੱਕ ਲੈ ਕੇ ਜਾਂਦੇ ਹਨ। ਟੀਟੀਪੀ ਵੱਲੋਂ ਭੇਜੇ ਸਵਾਲਾਂ 'ਤੇ ਇਨ੍ਹਾਂ ਚੀਨੀ ਪਾਰਟਨਰਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਟੀਟੀਪੀ ਨੇ ਕਿਹਾ ਕਿ ਮੈਟਾ ਨੂੰ ਆਪਣੀ ਖੋਜ ਦੇ ਨਤੀਜਿਆਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਵੀ ਨਵੇਂ ਇਸ਼ਤਿਹਾਰ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਬੀਬੀਸੀ ਨਾਲ 17 ਇਸ਼ਤਿਹਾਰਾਂ ਦੀ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਵਿੱਚੋਂ 11 ਭਾਰਤ ਵਿੱਚ 1-2 ਸਤੰਬਰ ਨੂੰ ਚਲਾਏ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























