ਬ੍ਰਿਟੇਨ 'ਚ ਸਿੱਖ ਮਹਿਲਾ ਨਾਲ ਬਲਾਤਕਾਰ ਤੇ ਮਾੜੀ ਧਾਰਮਿਕ ਸ਼ਬਦਾਵਲੀ ਵਰਤਣ ਵਾਲੇ ਨੂੰ ਉਮਰ ਕੈਦ ਦੀ ਸਜ਼ਾ, ਜਾਣੋ ਪੀੜਤ ਮਹਿਲਾ ਨੇ ਕੀ ਕਿਹਾ

ਜੌਨ ਐਸ਼ਬੀ

ਤਸਵੀਰ ਸਰੋਤ, West Midlands Police

ਤਸਵੀਰ ਕੈਪਸ਼ਨ, ਜੌਨ ਐਸ਼ਬੀ ਨੇ ਮੰਗਲਵਾਰ ਨੂੰ ਆਪਣੀ ਦਲੀਲ ਨੂੰ ਬਦਲ ਦਿੱਤਾ
    • ਲੇਖਕ, ਕਲੋਈ ਹਿਊਜ਼, ਵੈਨੇਸਾ ਪੀਅਰਸ ਅਤੇ ਐਲੇਕਸ ਮੈਕਇੰਟਾਇਰ
    • ਰੋਲ, ਵੈਸਟ ਮਿਡਲੈਂਡਜ਼ ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 7 ਮਿੰਟ

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਬ੍ਰਿਟੇਨ 'ਚ ਇੱਕ ਸਿੱਖ ਮਹਿਲਾ ਨਾਲ ਬਲਾਤਕਾਰ ਕਰਨ ਅਤੇ ਮਾੜੀ ਧਾਰਮਿਕ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਦੋਸ਼ੀ ਵਿਅਕਤੀ ਨੂੰ ਅਦਾਲਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

32 ਸਾਲਾ ਜੌਨ ਐਸ਼ਬੀ, ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ, ਦੀ ਸੁਣਵਾਈ ਲੰਘੇ ਸੋਮਵਾਰ ਨੂੰ ਬਰਮਿੰਘਮ ਕ੍ਰਾਊਨ ਕੋਰਟ ਵਿੱਚ ਸ਼ੁਰੂ ਹੋਈ ਸੀ।

ਇਸ ਸ਼ਖ਼ਸ ਨੇ ਇਹ ਕਬੂਲ ਕੀਤਾ ਹੈ ਕਿ ਉਸ ਨੇ ਇੱਕ ਸਿੱਖ ਮਹਿਲਾ ਦੇ ਘਰ ਵਿੱਚ ਵੜ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਇਸ ਦੌਰਾਨ ਧਾਰਮਿਕ ਤੌਰ ਉੱਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਟ੍ਰਾਇਲ ਦੇ ਦੂਜੇ ਦਿਨ ਅਦਾਲਤ ਦੇ ਕਟਹਿਰੇ ਵਿੱਚ ਖੜ੍ਹੇ ਸ਼ਖ਼ਸ ਨੇ ਆਪਣਾ ਬਿਆਨ ਬਦਲ ਦਿੱਤਾ।

ਉਸ ਨੇ ਪਹਿਲਾਂ ਆਪਣੇ ਖ਼ਿਲਾਫ਼ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ, ਪਰ ਲੰਘੇ ਮੰਗਲਵਾਰ ਨੂੰ ਉਸ ਨੇ ਮੰਨ ਲਿਆ ਕਿ ਅਕਤੂਬਰ 2025 ਵਿੱਚ ਵਾਲਸਾਲ ਵਿੱਚ ਹੋਏ ਹਮਲੇ ਲਈ ਉਹ ਜ਼ਿੰਮੇਵਾਰ ਸੀ।

ਜੱਜ ਨੇ ਕੀ ਕਿਹਾ

ਐਸ਼ਬੀ ਨੇ ਪੀੜਤਾ ਦੇ ਘਰ ਦੇ ਨੇੜੇ ਮਿਲੀ ਇੱਕ ਸੋਟੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕੁੱਟਿਆ ਸੀ

ਤਸਵੀਰ ਸਰੋਤ, West Midlands Police

ਤਸਵੀਰ ਕੈਪਸ਼ਨ, ਐਸ਼ਬੀ ਨੇ ਪੀੜਤਾ ਦੇ ਘਰ ਦੇ ਨੇੜੇ ਮਿਲੀ ਇੱਕ ਸੋਟੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕੁੱਟਿਆ ਸੀ

ਸਜ਼ਾ ਸੁਣਾਉਂਦੇ ਹੋਏ, ਜਸਟਿਸ ਪੈਪਰਾਲ ਨੇ ਕਿਹਾ ਕਿ ਐਸ਼ਬੀ, ਜਿਸਦਾ ਕੋਈ ਪੱਕਾ ਪਤਾ ਨਹੀਂ ਹੈ, ਨੇ ਔਰਤ ਨੂੰ ਉਸਦੀ ਮਰਜ਼ੀ ਦੇ ਖ਼ਿਲਾਫ਼ ਰੋਕ ਕੇ ਰੱਖਿਆ, "ਅਤੇ ਤੂੰ ਘੱਟੋ-ਘੱਟ 24 ਮਿੰਟ ਤੱਕ ਉਸ ਨਾਲ ਜਿਨਸੀ ਅਤੇ ਸਰੀਰਕ ਹਿੰਸਾ ਕੀਤੀ।"

ਜੱਜ ਨੇ ਸਜ਼ਾ ਸੁਣਾਉਂਦੇ ਸਮੇਂ ਆਪਣੇ ਬਿਆਨ ਵਿੱਚ ਜ਼ਿਕਰ ਕੀਤਾ ਕਿ ਕਿਵੇਂ ਐਸ਼ਬੀ ਨੂੰ - ਜਿਵੇਂ ਕਿ ਸੋਮਵਾਰ ਨੂੰ ਅਦਾਲਤ ਵਿੱਚ ਦੱਸਿਆ ਗਿਆ ਸੀ - ਹਮਲੇ ਤੋਂ ਦੋ ਦਿਨ ਬਾਅਦ ਬਰਮਿੰਘਮ ਦੇ ਪੈਰੀ ਬਾਰ ਇਲਾਕੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਉਸਨੂੰ ਉੱਥੋਂ ਦੇ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਤਾਂ ਉਸਨੇ ਕਿਹਾ, "ਹੁਣ ਪੈਰੀ ਬਾਰ ਵਿੱਚ ਕੋਈ ਅੰਗਰੇਜ਼ ਦਿਖਾਈ ਹੀ ਨਹੀਂ ਦਿੰਦਾ।"

ਜੱਜ ਨੇ ਐਸ਼ਬੀ ਨੂੰ ਇਹ ਵੀ ਕਿਹਾ, "ਪੁਲਿਸ ਪੁੱਛਗਿੱਛ ਦੌਰਾਨ ਜਦੋਂ ਤੈਨੂੰ ਉਸ ਮਹਿਲਾ ਦੀ ਤਸਵੀਰ ਦਿਖਾਈ ਗਈ, ਤਾਂ ਤੂੰ ਪੁੱਛਿਆ ਕਿ ਉਸਨੇ ਹਿਜਾਬ ਕਿਉਂ ਨਹੀਂ ਪਾਇਆ ਹੈ।"

ਜੱਜ ਨੇ ਐਸ਼ਬੀ ਨੂੰ ਕਿਹਾ ਕਿ ਹਾਲਾਂਕਿ ਡਾਕਟਰਾਂ ਦੀ ਰਿਪੋਰਟ ਵਿੱਚ ਇਹ ਨਤੀਜਾ ਕੱਢਿਆ ਗਿਆ ਸੀ ਕਿ ਅਪਰਾਧ ਕਰਦੇ ਸਮੇਂ ਉਸਦੀ ਮਾਨਸਿਕ ਸਿਹਤ ਠੀਕ ਨਹੀਂ ਸੀ, ਪਰ ਇਹ "ਕਿਸੇ ਅੰਦਰੂਨੀ ਵਿਗਾੜ ਜਾਂ ਮਾਨਸਿਕ ਬਿਮਾਰੀ ਕਰਕੇ ਨਹੀਂ", ਸਗੋਂ "ਤੇਰੇ ਵੱਲੋਂ ਜਾਣਬੁੱਝ ਕੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਕਰਕੇ" ਹੋਇਆ ਸੀ।

'ਆਪਣੇ ਆਪ ਨੂੰ ਪਛਾਣਨਾ ਵੀ ਮੇਰੇ ਲਈ ਮੁਸ਼ਕਲ ਹੋ ਗਿਆ ਹੈ' - ਪੀੜਤ ਮਹਿਲਾ

ਸ਼ੁੱਕਰਵਾਰ ਨੂੰ ਜਦੋਂ ਦੋਸ਼ੀ ਨੂੰ ਸਜ਼ਾ ਸੁਣਾਈ ਜਾ ਰਹੀ ਸੀ, ਉਸ ਵੇਲੇ ਪੀੜਤ ਮਹਿਲਾ ਵੀ ਪੂਰੀ ਸੁਣਵਾਈ ਦੌਰਾਨ ਮੌਜੂਦ ਰਹੇ। ਉਹ ਵਿੱਚ-ਵਿੱਚ ਭਾਵੁਕ ਵੀ ਹੋਈ, ਪਰ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ।

ਇੱਕ ਵਕੀਲ ਵੱਲੋਂ ਅਦਾਲਤ ਦੇ ਰਿਕਾਰਡ ਵਿੱਚ ਪੜ੍ਹੇ ਗਏ ਇੱਕ ਨਿੱਜੀ ਬਿਆਨ ਵਿੱਚ ਮਹਿਲਾ ਨੇ ਕਿਹਾ: "ਮੇਰੇ ਨਾਲ ਜੋ ਕੁਝ ਹੋਇਆ ਹੈ, ਉਸਨੇ ਮੇਰੀ ਜ਼ਿੰਦਗੀ ਨੂੰ ਹਰ ਪਾਸਿਓਂ ਬਦਲ ਦਿੱਤਾ ਹੈ।"

"ਇਸ ਘਟਨਾ ਤੋਂ ਪਹਿਲਾਂ ਜ਼ਿੰਦਗੀ ਬਹੁਤ ਵਧੀਆ ਸੀ। ਮੈਂ ਜ਼ਿੰਦਗੀ ਦਾ ਆਨੰਦ ਲੈ ਰਹੀ ਸੀ। ਪਰ ਹੁਣ ਇਸ ਘਟਨਾ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਮੈਨੂੰ ਇੰਝ ਲੱਗਦਾ ਹੈ ਕਿ ਮੇਰਾ ਉਹ ਪੁਰਾਣਾ ਰੂਪ ਕਿਸੇ ਬਿਲਕੁਲ ਅਣਜਾਣ ਵਿਅਕਤੀ ਨੇ ਮੇਰੇ ਕੋਲੋ ਖੋਹ ਲਿਆ ਹੈ, ਅਤੇ ਉਹ ਵੀ ਬਿਨਾਂ ਕਿਸੇ ਸਪਸ਼ਟ ਕਾਰਨ ਦੇ।"

ਪੀੜਤ ਮਹਿਲਾ ਦੇ ਬਿਆਨ ਮੁਤਾਬਕ, "ਮੈਂ ਆਪਣੇ ਆਪ ਨੂੰ ਗਵਾਚਿਆ ਹੋਇਆ ਮਹਿਸੂਸ ਕਰਦੀ ਹਾਂ ਅਤੇ ਹੁਣ ਆਪਣੇ ਆਪ ਨੂੰ ਪਛਾਣਨਾ ਵੀ ਮੇਰੇ ਲਈ ਮੁਸ਼ਕਲ ਹੋ ਗਿਆ ਹੈ।"

ਸਿੱਖ ਸੰਸਥਾਵਾਂ ਨੇ ਕੀਤਾ ਫੈਸਲੇ ਦਾ ਸਵਾਗਤ

ਸਿੱਖ ਵੁਮੈਨ ਏਡ ਦੇ ਟਰੱਸਟੀਆਂ ਦੇ ਮੁਖੀ ਸੁਖਵਿੰਦਰ ਕੌਰ
ਤਸਵੀਰ ਕੈਪਸ਼ਨ, ਸਿੱਖ ਵੁਮੈਨ ਏਡ ਦੇ ਟਰੱਸਟੀਆਂ ਦੇ ਮੁਖੀ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਸਜ਼ਾ ਉਨ੍ਹਾਂ ਲੋਕਾਂ ਨੂੰ ਇੱਕ ਸਖਤ ਸੰਦੇਸ਼ ਦਿੰਦੀ ਹੈ ਜੋ ਇਸ ਅਪਰਾਧੀ ਵਰਗੀ ਸੋਚ ਅਤੇ ਰਵੱਈਆ ਰੱਖਦੇ ਹਨ

ਸਜ਼ਾ ਸੁਣਾਏ ਜਾਣ ਤੋਂ ਬਾਅਦ, ਸਿੱਖ ਫੈਡਰੇਸ਼ਨ (ਯੂਕੇ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜੱਜ ਨੇ ਐਸ਼ਬੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੀ ਹਿੰਮਤ ਦਿਖਾਈ ਹੈ ਅਤੇ ਇਸ ਸਜ਼ਾ ਨੂੰ ਉਸਦੇ ਅਪਰਾਧਾਂ ਲਈ "ਬਿਲਕੁਲ ਸਹੀ" ਦੱਸਿਆ।

ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਨੇ ਕਿਹਾ, "ਇਸ ਹਮਲੇ ਵਿੱਚ ਸ਼ਾਮਲ ਗੰਭੀਰ ਨਸਲਵਾਦੀ ਤੱਤ ਨੂੰ ਅਦਾਲਤੀ ਕਾਰਵਾਈ ਵਿੱਚ ਉਜਾਗਰ ਕੀਤਾ ਗਿਆ ਹੈ। ਇਹ ਉਨ੍ਹਾਂ ਸਾਰੇ ਨਸਲਵਾਦੀਆਂ ਨੂੰ ਇੱਕ ਸਖਤ ਸੰਦੇਸ਼ ਦਿੰਦਾ ਹੈ ਜੋ ਹਿੰਸਕ ਹਮਲੇ ਕਰਦੇ ਹਨ।"

ਸਿੱਖ ਵੁਮੈਨ ਏਡ ਦੇ ਟਰੱਸਟੀਆਂ ਦੇ ਮੁਖੀ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਸਜ਼ਾ "ਉਨ੍ਹਾਂ ਲੋਕਾਂ ਨੂੰ ਇੱਕ ਸਖਤ ਸੰਦੇਸ਼ ਦਿੰਦੀ ਹੈ ਜੋ ਇਸ ਅਪਰਾਧੀ ਵਰਗੀ ਸੋਚ ਅਤੇ ਰਵੱਈਆ ਰੱਖਦੇ ਹਨ, ਇਸ ਲਈ ਅਸੀਂ ਇਸ ਸਜ਼ਾ ਦਾ ਪੂਰੀ ਤਰ੍ਹਾਂ ਸਵਾਗਤ ਕਰਦੇ ਹਾਂ।"

ਉਨ੍ਹਾਂ ਕਿਹਾ ਕਿ ਇਸ ਹਮਲੇ ਨੇ "ਪੂਰੇ ਵੈਸਟ ਮਿਡਲੈਂਡਜ਼ ਵਿੱਚ ਰਹਿੰਦੇ ਸਾਰੇ ਭਾਈਚਾਰੇ ਵਿੱਚ" "ਬੁਰੀ ਤਰ੍ਹਾਂ ਦਹਿਸ਼ਤ" ਫੈਲਾ ਦਿੱਤੀ ਸੀ।

ਉਨ੍ਹਾਂ ਅੱਗੇ ਕਿਹਾ, "ਅਸੀਂ ਇਸ ਬਲਾਤਕਾਰ ਨੂੰ ਪਰਵਾਸ, ਇਮੀਗ੍ਰੇਸ਼ਨ ਅਤੇ ਪਰਵਾਸੀ ਭਾਈਚਾਰਿਆਂ ਨਾਲ ਜੁੜੀਆਂ ਜ਼ਹਿਰੀਲੀ ਸੋਚ ਵਾਲੀਆਂ ਗੱਲਾਂ ਤੋਂ ਵੱਖ ਕਰਕੇ ਨਹੀਂ ਦੇਖ ਸਕਦੇ। ਜਦੋਂ ਅਸੀਂ ਭਾਈਚਾਰਿਆਂ, ਨਸਲ ਅਤੇ ਧਰਮ ਨੂੰ ਵੇਖਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਉਸ ਨਫ਼ਰਤ ਵਿੱਚ ਸ਼ਾਮਲ ਸਨ ਜੋ ਇਸ ਅਪਰਾਧੀ ਦੇ ਮਨ ਵਿੱਚ ਇੱਕ ਭਾਈਚਾਰੇ ਦੇ ਪ੍ਰਤੀ ਸੀ।"

ਸਜ਼ਾ ਤੋਂ ਪਹਿਲਾਂ ਦੀ ਕਾਰਵਾਈ ਦੌਰਾਨ ਕੀ-ਕੀ ਹੋਇਆ?

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੇ ਹਨ।

ਜਦੋਂ ਇਹ ਸੁਣਵਾਈ ਹੋ ਰਹੀ ਸੀ ਤਾਂ ਕਾਰਵਾਈ ਦੌਰਾਨ ਇੱਕ ਵਿਅਕਤੀ ਕਟਹਿਰੇ ਦੇ ਨੇੜੇ ਆ ਕੇ ਮੁਲਜ਼ਮ ਨੂੰ ਗਾਲ਼ਾਂ ਕੱਢਣ ਲੱਗ ਪਿਆ ਸੀ, ਜਿਸ ਕਾਰਨ ਸੁਣਵਾਈ ਵਿੱਚ ਰੁਕਾਵਟ ਪਈ ਸੀ। ਇਸ ਤੋਂ ਕਰੀਬ ਇੱਕ ਘੰਟੇ ਬਾਅਦ ਉਸ ਨੇ ਆਪਣੇ ਵਕੀਲ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਸੀ।

ਇਹ ਤਕਰਾਰ ਉਸ ਵੇਲੇ ਵਾਪਰੀ ਜਦੋਂ ਹਮਲੇ ਸਬੰਧੀ ਕ੍ਰਾਊਨ ਪੱਖ ਵੱਲੋਂ ਸਬੂਤ ਪੇਸ਼ ਕਰਨ ਦੌਰਾਨ ਐਸ਼ਬੀ ਬੁੜਬੁੜਾਉਣ ਲੱਗਾ।

ਅਦਾਲਤ ਨੂੰ ਦੱਸਿਆ ਗਿਆ ਕਿ ਔਰਤ ਨਾਲ ਇਹ ਦਰਦਨਾਕ ਵਾਕਿਆ ਪਿਛਲੇ ਪਤਝੜ ਵਿੱਚ ਸ਼ੁਰੂ ਹੋਇਆ, ਜਦੋਂ ਐਸ਼ਬੀ ਬੱਸ ਤੋਂ ਉਤਰਦੀ ਮਹਿਲਾ ਦਾ ਪਿੱਛਾ ਕਰਦਾ ਹੋਇਆ ਉਸ ਦੇ ਘਰ ਤੱਕ ਪਹੁੰਚ ਗਿਆ। ਔਰਤ ਨੂੰ ਬਿਨਾਂ ਪਤਾ ਲੱਗੇ, ਉਹ ਜ਼ਮੀਨ ਤੋਂ ਚੁੱਕੀ ਲਗਭਗ ਦੋ ਫੁੱਟ ਲੰਬੀ ਲੱਕੜੀ ਨਾਲ ਉਸ ਦੇ ਘਰ ਵਿੱਚ ਦਾਖ਼ਲ ਹੋ ਗਿਆ।

ਮਾਮਲੇ ਦੀ ਸ਼ੁਰੂਆਤ ਵਿੱਚ ਜੂਰੀ ਨੂੰ ਦੱਸਿਆ ਗਿਆ ਕਿ ਘਰ ਅੰਦਰ ਆਵਾਜ਼ ਸੁਣ ਕੇ ਔਰਤ (ਜੋ ਐਸ਼ਬੀ ਲਈ ਅਣਜਾਣ ਸੀ) ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਜਬਰਦਸਤੀ ਨਾਲ ਅੰਦਰ ਵੜ੍ਹ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

ਇਸਤਗਾਸਾ ਪੱਖ ਦੇ ਵਕੀਲ ਫ਼ਿਲ ਬ੍ਰੈਡਲੀ ਕੇਸੀ ਨੇ ਕਿਹਾ, "ਬਾਥਰੂਮ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਬੱਤੀ ਬੰਦ ਕਰ ਦਿੱਤੀ ਅਤੇ ਉਸ ਨੂੰ ਕਿਹਾ ਕਿ ਉਹ 'ਮਜ਼ੇ ਲਈ ਇੱਥੇ ਆਇਆ ਹੈ।"

ਅਦਾਲਤ ਨੇ ਸੁਣਿਆ ਕਿ ਹਮਲੇ ਦੌਰਾਨ ਐਸ਼ਬੀ ਨੇ ਪੀੜਤਾ ਨੂੰ ਮੁਸਲਿਮ ਵਿਰੋਧੀ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਕਿਉਂਕਿ ਉਸ ਨੂੰ ਲੱਗਾ ਕਿ ਉਹ ਉਸ ਧਰਮ ਨਾਲ ਜੁੜੀ ਹੋਈ ਹੈ।

ਦੋ ਦਿਨ ਬਾਅਦ ਉਸ ਨੂੰ ਬਰਮਿੰਘਮ ਦੇ ਪੈਰੀ ਬਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਸੋਮਵਾਰ ਨੂੰ ਜੂਰੀ ਨੂੰ ਦੱਸਿਆ ਗਿਆ ਕਿ ਪੁਲਿਸ ਇੰਟਰਵਿਊ ਦੌਰਾਨ, ਜਦੋਂ ਉਸ ਨੂੰ ਪੀੜਤਾ ਦੀ ਤਸਵੀਰ ਦਿਖਾਈ ਗਈ ਅਤੇ ਪੁੱਛਿਆ ਗਿਆ ਕਿ ਕੀ ਉਹ ਉਸ ਨੂੰ ਜਾਣਦਾ ਹੈ, ਤਾਂ ਉਸ ਨੇ ਪੁੱਛਿਆ ਕਿ ਉਹ ਹਿਜਾਬ ਕਿਉਂ ਨਹੀਂ ਪਹਿਨ ਰਹੀ।

ਅਦਾਲਤ ਨੇ ਇਹ ਵੀ ਸੁਣਿਆ ਕਿ ਜਦੋਂ ਉਸ ਨੂੰ ਪੈਰੀ ਬਾਰ ਦੇ ਪੁਲਿਸ ਥਾਣੇ ਵਿੱਚ ਹਿਰਾਸਤ ਵਿੱਚ ਲਿਆਂਦਾ ਗਿਆ, ਤਾਂ ਉਸ ਨੇ ਕਿਹਾ, "ਹੁਣ ਪੈਰੀ ਬਾਰ ਵਿੱਚ ਕੋਈ ਇੰਗਲਿਸ਼ ਆਦਮੀ ਨਹੀਂ ਨਜ਼ਰ ਆਉਂਦਾ।"

'ਮਾਸਟਰ'

ਐਸ਼ਬੀ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਜੌਨ ਐਸ਼ਬੀ 'ਤੇ ਬਰਮਿੰਘਮ ਕਰਾਊਨ ਕੋਰਟ ਵਿੱਚ ਬਲਾਤਕਾਰ ਦਾ ਇਲਜ਼ਾਮ ਲਗਾਇਆ ਗਿਆ ਹੈ

ਸੋਮਵਾਰ ਨੂੰ ਔਰਤ ਨਾਲ ਬੀਤੀ ਘਟਨਾ ਬਿਆਨ ਕਰਦੇ ਹੋਏ ਇਸਤਗਾਸਾ ਪੱਖ ਦੇ ਵਕੀਲ ਬ੍ਰੈਡਲੀ ਨੇ ਕਿਹਾ ਸੀ, "ਉਸ ਦੀਆਂ ਚੀਕਾਂ ਦੇ ਬਾਵਜੂਦ, ਉਸ ਨੇ ਉਸ ਨੂੰ ਕੱਪੜੇ ਉਤਾਰਣ ਲਈ ਕਿਹਾ, ਲੱਕੜੀ ਨਾਲ ਮਾਰਿਆ ਅਤੇ ਉਸ ਦਾ ਗਲ਼ਾ ਘੁੱਟਣ ਲਈ ਆਪਣੇ ਹੱਥਾਂ ਨਾਲ ਉਸ ਦੀ ਧੌਣ ਫੜ੍ਹੀ, ਨਾਲ ਹੀ ਉਸ ਨੂੰ ਬਾਥਟਬ ਵਿੱਚ ਜਾਣ ਲਈ ਮਜਬੂਰ ਕੀਤਾ।"

"ਉਸ ਨੇ ਗਰਮ ਪਾਣੀ ਦਾ ਨਲ ਖੋਲ੍ਹਿਆ ਅਤੇ ਔਰਤ ਉੱਤੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ, ਨਾਲ ਹੀ ਉਸ ਨੂੰ "ਹੱਲੇਲੂਯਾਹ" ਕਹਿਣ ਲਈ ਕਿਹਾ।"

ਅਦਾਲਤ ਨੇ ਸੁਣਿਆ ਕਿ ਐਸ਼ਬੀ ਨੇ ਔਰਤ ਨੂੰ ਆਪਣਾ ਨਾਮ ਜੌਨ ਦੱਸਿਆ ਸੀ ਅਤੇ ਉਸ ਨੂੰ ਕਿਹਾ ਕਿਹਾ ਉਹ "ਉਸ ਦਾ ਮੰਤਰ ਉਹ 'ਮਾਸਟਰ' ਹੈ", ਦੁਹਰਾਵੇ।

ਇਸਤਗਾਸਾ ਪੱਖ ਮੁਤਾਬਕ, ਬਲਾਤਕਾਰ ਕਰਨ ਤੋਂ ਬਾਅਦ ਐਸ਼ਬੀ ਨੇ ਔਰਤ ਨੂੰ ਬੈੱਡਰੂਮ ਵਿੱਚ ਜਾਣ ਅਤੇ ਬਿਸਤਰੇ 'ਤੇ ਲੇਟਣ ਲਈ ਕਿਹਾ ਅਤੇ ਦੁਬਾਰਾ ਕਿਹਾ ਕਿ ਉਹ "ਮਜ਼ੇ ਲਈ" ਆਇਆ ਹੈ, ਇਸ ਦੌਰਾਨ ਉਸ ਨੇ ਆਪਣੇ ਨਿੱਜੀ ਅੰਗਾਂ ਨੂੰ ਵ੍ਹਾਈਟ ਬ੍ਰਿਟਿਸ਼ ਦੱਸਿਆ।

ਅਦਾਲਤ ਨੂੰ ਦੱਸਿਆ ਗਿਆ ਕਿ ਇਹ ਹਮਲਾ ਉਦੋਂ ਖ਼ਤਮ ਹੋਇਆ ਜਦੋਂ ਐਸ਼ਬੀ "ਬਾਹਰ ਦੀ ਕਿਸੇ ਆਵਾਜ਼" ਨਾਲ ਘਬਰਾ ਕੇ ਮੌਕੇ ਤੋਂ ਭੱਜ ਗਿਆ ਅਤੇ ਔਰਤ ਦੇ ਗਹਿਣੇ ਅਤੇ ਇੱਕ ਮੋਬਾਈਲ ਫ਼ੋਨ ਨਾਲ ਲੈ ਗਿਆ।

ਜੂਰੀ ਨੂੰ ਦੱਸਿਆ ਗਿਆ ਕਿ ਔਰਤ ਨੇ ਤੁਰੰਤ ਸੂਚਨਾ ਦਿੱਤੀ ਅਤੇ ਕੁਝ ਮਿੰਟਾਂ ਵਿੱਚ ਪੁਲਿਸ ਮੌਕੇ 'ਤੇ ਪਹੁੰਚ ਗਈ।

ਅਦਾਲਤ ਨੂੰ ਦੱਸਿਆ ਗਿਆ ਕਿ ਕੁਝ ਦਿਨ ਬਾਅਦ ਪਛਾਣ ਪਰੇਡ ਦੌਰਾਨ ਔਰਤ ਨੇ ਐਸ਼ਬੀ ਨੂੰ ਆਪਣੇ ਹਮਲਾਵਰ ਵਜੋਂ ਪਛਾਣ ਲਿਆ।

ਮੰਗਲਵਾਰ ਨੂੰ ਐਸ਼ਬੀ ਨੇ ਬਲਾਤਕਾਰ, ਲੁੱਟ, ਇਰਾਦਾਤਨ ਗਲ਼ਾ ਘੁੱਟਣ ਅਤੇ ਧਾਰਮਿਕ ਨਫ਼ਰਤ ਨਾਲ ਭੜਕਾਊ ਸ਼ਬਦਾਵਲੀ ਦੇ ਇਲਜ਼ਾਮ ਕਬੂਲ ਕਰ ਲਏ।

ਗਾਲ਼ੀ-ਗਲੌਚ

ਅਦਾਲਤ ਵਿੱਚ ਐਸ਼ਬੀ ਅਤੇ ਇੱਕ ਦਰਸ਼ਕ ਵਿਚਕਾਰ ਗਾਲ਼ੀ-ਗਲੋਚ ਦੀ ਘਟਨਾ ਉਸ ਵੇਲੇ ਵਾਪਰੀ ਜਦੋਂ ਐਸ਼ਬੀ ਆਪਣੇ ਆਪ ਵਿੱਚ ਬੁੜਬੜਾ ਕੇ ਗਾਲ਼ਾਂ ਕੱਢ ਰਿਹਾ ਸੀ।

ਇੱਕ ਵਿਅਕਤੀ, ਜਿਸ ਨੂੰ ਸਿੱਖ ਭਾਈਚਾਰੇ ਨਾਲ ਸਬੰਧਤ ਅਤੇ ਮਾਮਲੇ ਵਿੱਚ ਦਿਲਚਸਪੀ ਰੱਖਣ ਵਾਲਾ ਮੰਨਿਆ ਜਾਂਦਾ ਹੈ, ਜੋ ਪੀੜਤਾ ਨੂੰ ਨਹੀਂ ਜਾਣਦਾ ਸੀ, ਸ਼ਾਂਤੀ ਨਾਲ ਕਟਹਿਰੇ ਦੇ ਲਗਭਗ ਤਿੰਨ ਫੁੱਟ ਨੇੜੇ ਤੱਕ ਗਿਆ ਅਤੇ ਉਸ ਨੂੰ ਵਾਪਸ ਗਾਲ਼ ਕੱਢੀ।

ਜੱਜ ਜਸਟਿਸ ਪੈਪਰਾਲ ਨੇ ਸਥਿਤੀ ਨੂੰ ਸੰਭਾਲਣ ਦੌਰਾਨ ਸ਼ਾਂਤੀ ਕਾਇਮ ਰੱਖਣ ਲਈ ਅਦਾਲਤੀ ਕਰਮਚਾਰੀ ਦੀ ਪ੍ਰਸ਼ੰਸਾ ਕੀਤੀ।

ਐਸ਼ਬੀ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਜੱਜ ਨੇ ਚੇਤਾਵਨੀ ਦਿੱਤੀ ਕਿ ਉਸ ਲਈ ਉਮਰ ਕੈਦ ਦੀ ਸਜ਼ਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਮੇਰੇ ਖ਼ਿਆਲ ਵਿੱਚ ਕੋਈ ਅਣਜਾਣ ਵਿਅਕਤੀ ਜੋ ਔਰਤ ਦੇ ਘਰ ਵਿੱਚ ਵੜ੍ਹ ਕੇ ਇਹ ਜੁਰਮ ਕਰਦਾ ਹੈ ਅਤੇ ਉਸ ਦੇ ਮੰਨੇ ਗਏ ਧਰਮ ਦੇ ਆਧਾਰ 'ਤੇ ਉਸ ਨਾਲ ਮਾੜਾ ਵਤੀਰਾ ਕਰਦਾ ਹੈ, ਉਹ ਖ਼ਤਰਨਾਕ ਵਿਅਕਤੀ ਹੈ।"