ਪਾਰਟਨਰ ਸਵੈਪਿੰਗ: ਪਤੀ ਦੇ ਕਹਿਣ 'ਤੇ ਅਜਨਬੀਆਂ ਨਾਲ ਜਿਨਸੀ ਸਬੰਧ ਬਣਾਉਣ ਵਾਲੀ ਔਰਤ ਆਪਣੀ ਕਹਾਣੀ ਕਿਉਂ ਦੱਸ ਰਹੀ ਹੈ?

ਰੂਥ
ਤਸਵੀਰ ਕੈਪਸ਼ਨ, ਰੂਥ ਕਹਿੰਦੀ ਹੈ ਕਿ ਉਸ ਨੂੰ ਵਾਰ-ਵਾਰ ਦੁੱਖਦਾਈ ਯਾਦਾਂ ਦੇ ਖਿਆਲ ਆਉਂਦੇ ਹਨ।
    • ਲੇਖਕ, ਕਾਰਟਿਨ ਨੇਈ, ਜੇਮੀ ਬਾਰਟਲਿਟ, ਕਵਿਤਾ ਪੁਰੀ ਅਤੇ ਰੂਥ ਮੇਅਰ
    • ਰੋਲ, ਬੀਬੀਸੀ ਨਿਊਜ਼ ਇਨਵੈਸਟੀਗੇਸ਼ਨ ਅਤੇ ਬੀਬੀਸੀ ਵੇਲਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਚੇਤਾਵਨੀ: ਇਸ ਕਹਾਣੀ ਵਿੱਚ ਜਿਨਸੀ ਸਬੰਧਾਂ ਦੇ ਵੇਰਵੇ ਸ਼ਾਮਲ ਹਨ।

ਜਦੋਂ ਰੂਥ ਓ'ਗ੍ਰੇਡੀ ਆਪਣੇ ਪਤੀ ਦੇ ਕਹਿਣ 'ਤੇ ਬੇਦਿਲੀ ਨਾਲ ਇੱਕ ਪਾਰਟਨਰ ਐਕਸਚੇਂਜ ਵੈਬਸਾਈਟ ਨਾਲ ਜੁੜੀ, ਤਾਂ ਉਸ ਮੁਤਾਬਕ ਉਸ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਕਿਸੇ ਅਜਨਬੀ ਨਾਲ ਕਾਰ ਵਿੱਚ ਸਰੀਰਕ ਸਬੰਧ ਨਹੀਂ ਬਣਾਏਗੀ।

ਹਾਲਾਂਕਿ, ਕੁਝ ਹੀ ਮਹੀਨਿਆਂ ਵਿੱਚ ਮੈਂ ਬਿਲਕੁਲ ਇਹੀ ਕਰ ਰਹੀ ਸੀ ਅਤੇ ਇਸ ਦੀ ਵੀਡੀਓ ਬਣਾ ਕੇ ਉਸ ਨੂੰ ਭੇਜ ਰਹੀ ਸੀ।

ਉਹ ਦਾਅਵਾ ਕਰਦੀ ਹੈ ਕਿ ਉਸ ਨੇ ਅਠਾਰਾਂ ਮਹੀਨਿਆਂ ਵਿੱਚ ਵੈਬਸਾਈਟ ਜ਼ਰੀਏ ਅਜਨਬੀਆਂ ਨਾਲ ਸੌ ਤੋਂ ਵੱਧ ਵਾਰ ਸੈਕਸ ਕੀਤਾ।

ਰੂਥ ਕਹਿੰਦੀ ਹੈ ਕਿ ਉਹ ਸਦਮੇ ਵਿੱਚ ਹੈ ਅਤੇ ਲਗਾਤਾਰ ਪੁਰਾਣੀਆਂ ਦੁਖਦਾਈ ਯਾਦਾਂ ਦਾ ਸਾਹਮਣਾ ਕਰ ਰਹੀ ਹੈ।

ਉਸ ਨੇ ਤਿੰਨ ਸਾਲ ਪਹਿਲਾਂ ਸਾਡੇ ਨਾਲ ਪਹਿਲੀ ਵਾਰ ਸੰਪਰਕ ਕੀਤਾ ਸੀ ਅਤੇ ਹੁਣ ਡੂੰਘੀ ਸੋਚ ਵਿਚਾਰ ਤੋਂ ਬਾਅਦ ਆਪਣਾ ਪੂਰਾ ਨਾਮ ਦੱਸ ਕੇ ਆਪਣੀ ਕਹਾਣੀ ਸੁਣਾਉਣ ਦਾ ਫ਼ੈਸਲਾ ਕੀਤਾ। ਉਹ ਚਾਹੁੰਦੀ ਹੈ ਕਿ ਇਹ ਕਹਾਣੀ ਦੂਜੀਆਂ ਔਰਤਾਂ ਲਈ ਇੱਕ ਚੇਤਾਵਨੀ ਵਜੋਂ ਕੰਮ ਕਰੇ।

ਉਹ ਆਪਣੇ ਸਾਬਕਾ ਪਤੀ ਕ੍ਰਿਸ ਨਾਲ ਗੁੱਸਾ ਹੈ, ਪਰ ਯੂ.ਕੇ. ਦੀ ਸਭ ਤੋਂ ਵੱਡੀ ਸਵਿੰਗਿੰਗ (ਪਾਰਟਨਰ ਐਕਸਚੇਂਜ) ਵੈਬਸਾਈਟ ਨੂੰ ਵੀ ਦੋਸ਼ੀ ਮੰਨਦੀ ਹੈ। ਉਹ ਕਹਿੰਦੀ ਹੈ ਕਿ ਵੈਬਸਾਈਟ ਨੇ ਉਸ ਦੇ ਪਤੀ ਨੂੰ ਸੈਂਕੜੇ ਅਜਿਹੇ ਆਦਮੀਆਂ ਤੱਕ ਪਹੁੰਚ ਦਿੱਤੀ ਜਿਨ੍ਹਾਂ ਨੂੰ ਉਹ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਕਹਿ ਸਕਦਾ ਸੀ।

ਬੀਬੀਸੀ ਨੇ ਇਨ੍ਹਾਂ ਇਲਜ਼ਾਮਾਂ ਬਾਰੇ ਕ੍ਰਿਸ ਨਾਲ ਸੰਪਰਕ ਕੀਤਾ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਸਵਿੰਗਿੰਗ ਯਾਨੀ ਸਾਥੀ ਦੀ ਅਦਲਾ ਬਦਲੀ ਦਾ ਮਤਲਬ ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜੋੜੇ ਆਪਸ ਵਿੱਚ ਮਿਲਦੇ ਹਨ ਅਤੇ ਆਪਣੇ ਸਾਥੀ ਬਦਲਦੇ ਹਨ। ਪਰ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਜੋੜੇ ਵਿੱਚੋਂ ਸਿਰਫ਼ ਇੱਕ ਹੀ ਵਿਅਕਤੀ ਦੂਜਿਆਂ ਨਾਲ ਸਰੀਰਕ ਸਬੰਧ ਬਣਾਉਂਦਾ ਹੈ।

ਰੂਥ ਦੀ ਕਹਾਣੀ ਸਾਹਮਣੇ ਆਉਣ ਬਾਅਦ ਬੀਬੀਸੀ ਪਿਛਲੇ ਅੱਠ ਮਹੀਨਿਆਂ ਤੋਂ ਯੁਨਾਈਟਿਡ ਕਿੰਗਡਮ ਵਿਚ ਸਵਿੰਗਿੰਗ ਦੀ ਦੁਨੀਆਂ ਬਾਰੇ ਜਾਂਚ ਕਰ ਰਹੀ ਹੈ। ਕੁਝ ਲੋਕਾਂ ਨੇ ਸਾਨੂੰ ਦੱਸਿਆ ਕਿ ਉਹ ਇਸ ਵਿੱਚ ਇਸ ਲਈ ਹਿੱਸਾ ਲੈੰਦੇ ਹਨ ਕਿਉਂਕਿ ਇਹ ਸਚਮੁੱਚ ਅਜਿਹਾ ਕਰਨਾ ਚਾਹੁੰਦੇ ਹਨ ਪਰ ਸਾਨੂੰ ਪਤਾ ਲੱਗਿਆ ਕਿ ਹਮੇਸ਼ਾ ਅਜਿਹਾ ਨਹੀਂ ਹੁੰਦਾ।

ਰੂਥ ਨੇ ਦਾਅਵਾ ਕੀਤਾ ਕਿ ਵੈਬਸਵਿੰਗਰਜ਼ ਨਾਮ ਦੀ ਵੈਬਸਾਈਟ ਨੇ ਉਸ ਦੇ ਸੋਸ਼ਣ ਨੂੰ ਹੋਰ ਹਵਾ ਦਿੱਤੀ।

ਉਹ ਵੈਬਸਾਈਟ, ਜਿਸ 'ਤੇ ਸਾਰੀਆਂ ਪਾਰਟਨਰ ਐਕਸਚੈਂਜ ਵੈਬਸਾਈਟਾਂ ਤੋਂ ਵਧੇਰੇ ਲੋਕ ਜਾਂਦੇ ਹਨ ਅਤੇ ਹਰ ਮਹੀਨੇ, ਛੇ ਲੱਖ ਸਰਗਰਮ ਮੈਂਬਰ ਹੋਣ ਦਾ ਦਾਅਵਾ ਕਰਦੀ ਹੈ, ਨੇ ਸਾਨੂੰ ਦੱਸਿਆ ਕਿ ਅਜਿਹੀ ਗਤੀਵਿਧੀ ਲਈ ਸਹਿਮਤੀ ਸਭ ਤੋਂ ਮੁੱਖ ਅਧਾਰ ਹੈ।

ਇਸ ਤੋਂ ਇਲਾਵਾ, ਯੂ.ਕੇ. ਭਰ ਤੋਂ ਪੁਲਿਸ ਨੇ ਸਾਨੂੰ ਦੱਸਿਆ ਕਿ ਕਈ ਤਾਜ਼ਾ ਕਰਾਈਮ ਰਿਪੋਰਟਾਂ ਵਿੱਚ ਇਸ ਵੈਬਸਾਈਟ ਦਾ ਜ਼ਿਕਰ ਹੈ।

ਰੂਥ ਇਹ ਵੀ ਕਹਿੰਦੀ ਹੈ ਭਾਵੇਂ ਉਸ ਦੀ ਕਹਾਣੀ ਫਰਾਂਸੀਸੀ ਮਹਿਲਾ ਗਿਜ਼ੇਲ ਪੇਲੀਕੋਟ ਜਿਹੀ ਨਹੀਂ ਹੈ- ਜਿਸ ਨੇ ਆਪਣੇ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਮਰਦਾਂ ਖ਼ਿਲਾਫ਼ ਜਨਤਕ ਮਕੁੱਦਮਾ ਚਲਾਉਣ 'ਤੇ ਜ਼ੋਰ ਦਿੱਤਾ ਸੀ ਪਰ ਪੇਲੀਕੋਟ ਦੇ ਮਾਮਲੇ ਤੋਂ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਨੇ ਸੱਥ ਨੂੰ ਬੋਲਣ ਲਈ ਹਲਾਸ਼ੇਰੀ ਦਿਤੀ।

ਰੂਥ ਦੂਜੇ ਆਦਮੀਆਂ ਨਾਲ ਸਬੰਧ ਬਣਾਉਣ ਲਈ ਕਿਵੇਂ ਮੰਨ ਗਈ ?

ਪੌੜੀਆਂ ਵਿੱਚ ਬੈਠੀ ਰੂਥ
ਤਸਵੀਰ ਕੈਪਸ਼ਨ, ਰੂਥ ਨੇ ਦਾਅਵਾ ਕੀਤਾ ਕਿ ਵੈਬਸਵਿੰਗਰਜ਼ ਨਾਮ ਦੀ ਵੈਬਸਾਈਟ ਨੇ ਉਸ ਦੇ ਸੋਸ਼ਣ ਨੂੰ ਹੋਰ ਹਵਾ ਦਿੱਤੀ।

ਰੂਥ ਮੁਤਾਬਕ, 2008 ਵਿੱਚ ਜਦੋਂ ਤੋਂ ਉਹ ਮਿਲੇ ਹਨ ਕ੍ਰਿਸ ਅਕਸਰ ਰੂਥ ਦੇ ਦੂਜੇ ਆਦਮੀਆਂ ਨਾਲ ਸੈਕਸ ਕਰਨ ਦਾ ਵਿਚਾਰ ਪੇਸ਼ ਕਰਦਾ ਸੀ, ਪਰ ਉਹ ਮਨ੍ਹਾ ਕਰਦੀ ਸੀ।

ਫਿਰ 2021 ਵਿੱਚ, ਰੂਥ ਨੇ ਮਾਨਸਿਕ ਸਿਹਤ ਸੰਕਟ ਦਾ ਸਾਹਮਣਾ ਕੀਤਾ। ਉਹ ਉਸ ਦਾ ਰਸਮੀ ਕੇਅਰਗਿਵਰ ਬਣ ਗਿਆ। ਉਹ ਕਹਿੰਦੀ ਹੈ ਕਿ ਉਸ ਨੇ ਉਸ ਨੂੰ ਇਹ ਅਹਿਸਾਸ ਕਰਵਾ ਕੇ ਦੋਸ਼ੀ ਮਹਿਸੂਸ ਕਰਵਾਇਆ ਕਿ ਜ਼ਿੰਦਗੀ ਉਸ ਤਰ੍ਹਾਂ ਨਹੀਂ ਚੱਲੀ ਜੋ ਉਸ ਨੇ ਸੋਚੀ ਸੀ।

ਰੂਥ ਮੁਤਾਬਕ, ਉਸ ਦੇ ਪਤੀ ਨੇ ਪਾਰਟਨਰਾਂ ਦੀ ਅਦਲਾ-ਬਦਲੀ ਦਾ ਜ਼ਿਕਰ ਦੁਬਾਰਾ ਕੀਤਾ ਅਤੇ ਆਖਿਰਕਾਰ ਉਸ ਨੇ ਹਾਰ ਮੰਨ ਕੇ ਹਾਮੀ ਭਰ ਦਿੱਤੀ।

ਉਸ ਨੇ ਕਿਹਾ, "ਮੈਂ ਜਾਣਦੀ ਹਾਂ ਕਿ ਸਿਰਫ਼ ਕਹਾਣੀ ਸੁਣਨ ਵਾਲੇ ਨੂੰ ਇਹ ਅਜੀਬ ਲੱਗ ਸਕਦਾ ਹੈ ਪਰ ਯਾਦ ਰੱਖੋ ਕਿ ਇਹ ਰਾਤੋ ਰਾਤ ਨਹੀਂ ਵਾਪਰਿਆ। ਕਲਪਨਾ ਕਰੋ ਕਿ ਕਿਸੇ ਨਾਲ ਤੁਸੀਂ ਬਾਰਾਂ ਸਾਲ ਰਹੋ ਅਤੇ ਉਹ ਇਨਸਾਨ ਤੁਹਾਨੂੰ ਕਿਸੇ ਚੀਜ਼ ਲਈ ਮਨਾ ਲਵੇ।"

ਜੋੜਾ, ਫੈਬਸਵਿੰਗਰ ਵੈਬਸਾਈਟ ਨਾਲ ਜੁੜ ਗਿਆ। ਰੂਥ ਕਹਿੰਦੀ ਹੈ ਕਿ ਉਸ ਨੂੰ ਲਗਦਾ ਸੀ ਕਿ ਉਹ ਹੋਰ ਜੋੜਿਆਂ ਨਾਲ ਮਿਲਣਗੇ। ਬਲਕਿ ਸਮਝੌਤਾ ਬਹੁਤ ਜਲਦੀ ਕੁਝ ਹੋਰ ਬਣ ਗਿਆ।

ਰੂਥ ਓ'ਗ੍ਰੇਡੀ

ਰੂਥ ਨੇ ਸਾਈਟ ਜ਼ਰੀਏ ਮਿਲੇ ਆਦਮੀਆਂ ਨਾਲ ਸੈਕਸ ਕੀਤਾ ਜਦਕਿ ਕ੍ਰਿਸ ਦੇਖਦਾ ਸੀ, ਕਦੇ ਨੇੜੇ ਹੀ ਇੰਤਜਾਰ ਕਰਦਾ ਸੀ ਜਾਂ ਕਈ ਵਾਰ ਉੱਥੇ ਮੌਜੂਦ ਵੀ ਨਹੀਂ ਹੁੰਦਾ ਸੀ।

ਇਹ ਮੇਲ ਘਰ ਜਾਂ ਬਾਹਰ ਹੁੰਦਾ ਸੀ, ਕਾਰਾਂ ਵਿੱਚ ਜਾਂ ਪਾਰਕਿੰਗ ਵਾਲੀਆਂ ਥਾਵਾਂ ਵਿੱਚ। ਉਹ ਕਹਿੰਦੀ ਹੈ ਕਿ ਜੇ ਉਹ ਇਕੱਲੀ ਜਾਂਦੀ ਤਾਂ ਉਸ ਤੋਂ ਰਿਕਾਰਡ ਕਰਕੇ ਵੀਡੀਓ ਆਪਣੇ ਪਤੀ ਨੂੰ ਭੇਜਣ ਦੀ ਉਮੀਦ ਕੀਤੀ ਜਾਂਦੀ ਸੀ।

ਰੂਥ ਕਹਿੰਦੀ ਹੈ ਕਿ ਕੁਝ ਹੀ ਮਹੀਨਿਆਂ ਵਿੱਚ ਉਹ ਇੱਕ ਹਫਤੇ ਵਿੱਚ ਕਈ ਆਦਮੀਆਂ ਨਾਲ ਸੈਕਸ ਕਰਦੀ, ਕਈ ਵਾਰ ਇੱਕ ਦਿਨ ਵਿੱਚ ਚਾਰ ਵਾਰ ਵੀ।

ਉਹ ਦਾਅਵਾ ਕਰਦੀ ਹੈ ਕਿ ਕਈ ਮੁਲਾਕਾਤਾਂ ਦਾ ਪ੍ਰਬੰਧ ਉਸ ਨੇ ਖ਼ੁਦ ਕੀਤਾ ਅਤੇ ਅਤੇ ਉਹ ਸਾਥੀ ਦੀ ਅਦਲਾ-ਬਦਲੀ ਲਈ ਉਤਸ਼ਾਹਿਤ ਜਾਪਦੀ ਸੀ ਪਰ ਹੁਣ ਉਹ ਕਹਿੰਦੀ ਹੈ ਕਿ ਉਹ ਕਦੇ ਅਜਿਹਾ ਕਰਨਾ ਨਹੀਂ ਚਾਹੁੰਦੀ ਸੀ।

ਉਹ ਕਹਿੰਦੀ ਹੈ ਕਿ ਉਸ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਇਹ ਰੋਕਣਾ ਚਾਹੁੰਦੀ ਹੈ ਅਤੇ ਕਈ ਵਾਰ ਕਿਹਾ ਸੀ ਕਿ ਉਸ ਨੂੰ ਡਰ ਲੱਗਿਆ ਅਤੇ ਉਹ ਇਨ੍ਹਾਂ ਜਿਨਸੀ ਸਬੰਧਾਂ ਕਾਰਨ ਦੁਖੀ ਹੈ।

ਉਹ ਦੱਸਦੀ ਹੈ ਕਿ ਕਈ ਵਾਰ ਕੁਝ ਸਮੇਂ ਦਾ ਵਕਫ਼ਾ ਹੁੰਦਾ ਸੀ। ਜਿਸ ਤੋਂ ਬਾਅਦ ਉਹ ਹੋਰ ਮੁਲਾਕਾਤਾਂ ਦਾ ਪ੍ਰਬੰਧ ਕਰਦਾ ਸੀ ਅਤੇ ਰੂਥ ਉਨ੍ਹਾਂ ਲਈ ਸਹਿਮਤ ਹੋ ਜਾਂਦੀ ਸੀ।

"ਇਹ ਇਸ ਤਰ੍ਹਾਂ ਸੀ ਜਿਵੇਂ ਮੇਰੀ ਕੋਈ ਹੋਂਦ ਹੀ ਨਾ ਹੋਵੇ"

ਫੈਬਵਸਵਿੰਗਰ ਐਪ ਦਾ ਸਕਰੀਨ ਸ਼ੌਟ
ਤਸਵੀਰ ਕੈਪਸ਼ਨ, ਪੁਲਿਸ ਨੇ ਜੋੜੇ ਦੇ ਵਟਸਐਪ ਸੁਨੇਹਿਆਂ ਵਿੱਚ ਅਜਿਹੀਆਂ ਉਦਾਹਰਨਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਵਿੱਚ ਰੂਥ ਸਵਿੰਗਿੰਗ ਲਈ ਉਤਸ਼ਾਹਿਤ ਨਜ਼ਰ ਆ ਰਹੀ ਸੀ।

ਰੂਥ ਕਹਿੰਦੀ ਹੈ ਕਿ ਇਨ੍ਹਾਂ ਮੁਲਾਕਾਤਾਂ ਦਾ ਭਿਆਨਕ ਪ੍ਰਭਾਵ ਪਿਆ। ਉਹ ਸੈਕਸ ਜ਼ਰੀਏ ਫੈਲਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਈ, ਗਰਭਵਤੀ ਹੋ ਗਈ ਅਤੇ ਜਦੋਂ ਉਹ ਗਰਭਪਾਤ ਤੋਂ ਉੱਭਰ ਰਹੀ ਸੀ ਤਾਂ ਉਹ ਦੱਸਦੀ ਹੈ ਕਿ ਕ੍ਰਿਸ ਨੇ ਕਿਸੇ ਹੋਰ ਵਿਅਕਤੀ ਕੋਲੋਂ ਉਸ ਨੂੰ ਓਰਲ ਸੈਕਸ ਦਵਾਉਣ ਦਾ ਪ੍ਰਬੰਧ ਕੀਤਾ।

"ਮੈਨੂੰ ਅਹਿਸਾਸ ਹੋਇਆ ਕਿ ਕ੍ਰਿਸ ਨੂੰ ਮੇਰੇ ਸਰੀਰ ਜਾਂ ਦਰਦ ਦੀ ਬਿਲਕੁਲ ਪਰਵਾਹ ਨਹੀਂ ਸੀ। ਇਹ ਸਾਰੇ ਆਦਮੀ ਮੇਰੇ ਸਰੀਰ ਦਾ ਇਸ ਹੱਦ ਤੱਕ ਸੋਸ਼ਣ ਕਰ ਰਹੇ ਹਨ ਕਿ ਇਸ ਤੋਂ ਇਨਫੈਕਸ਼ਨ ਹੋ ਰਹੀਆਂ ਹਨ, ਬਿਮਾਰ ਹੋ ਰਹੀ ਹੈ ਅਤੇ ਹੁਣ ਗਰਭਪਾਤ ਹੋ ਰਿਹਾ ਹੈ ਅਤੇ ਫਿਰ ਵੀ ਮੈਨੂੰ ਇਨ੍ਹਾਂ ਆਦਮੀਆਂ ਨੂੰ ਮਿਲਦੇ ਰਹਿਣਾ ਪੈ ਰਿਹਾ ਹੈ।"

ਰੂਥ ਕਹਿੰਦੀ ਹੈ ਕਿ ਕਈ ਵਾਰ ਵਿਰੋਧ ਕਰਨ ਨਾਲੋਂ ਉਤਸ਼ਾਹ ਦਿਖਾਉਣਾ ਅਤੇ ਉਸ ਤੋਂ ਉਮੀਦ ਕੀਤੀ ਜਾਣ ਵਾਲੀ ਭੂਮਿਕਾ ਨਿਭਾਉਣਾ ਸੌਖਾ ਅਤੇ ਸੁਰੱਖਿਅਤ ਹੁੰਦਾ ਸੀ ਤਾਂ ਜੋ ਮੁਲਾਕਾਤ ਨੂੰ ਜਲਦੀ ਖਤਮ ਕੀਤਾ ਜਾ ਸਕੇ।

ਉਹ ਕਹਿੰਦੀ ਹੈ, "ਕੁਝ ਮਰਦਾਂ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਵੀ ਨਹੀਂ ਅਤੇ ਕੁਝ ਨੇ ਤਾਂ ਮੇਰੇ ਨਾਲ ਬਿਲਕੁਲ ਗੱਲ ਵੀ ਨਹੀਂ ਕੀਤੀ। ਇਹ ਇਸ ਤਰ੍ਹਾਂ ਸੀ, ਜਿਵੇਂ ਮੇਰੀ ਹੋਂਦ ਹੀ ਨਾ ਹੋਵੇ।"

ਪਿੱਛੇ ਮੁੜ ਕੇ ਦੇਖਦਿਆਂ, ਕੀ ਤੁਸੀਂ ਮੰਨਦੇ ਹੋ ਕਿ ਉਨ੍ਹਾਂ ਵਿਚੋਂ ਕੋਈ ਵੀ ਸਰੀਰਕ ਸਬੰਧ ਸਚਮੁੱਚ ਸਹਿਮਤੀ ਵਾਲੇ ਸਨ ?

ਉਹ ਕਹਿੰਦੀ ਹੈ, "ਨਹੀਂ, ਮੈਂ ਉੱਥੇ ਹੋਣਾ ਹੀ ਨਹੀਂ ਚਾਹੁੰਦੀ ਸੀ। ਸਭ ਤੋਂ ਪਹਿਲੀ ਗੱਲ ਮੈਂ ਉਸ ਵੈਬਸਾਈਟ 'ਤੇ ਹੀ ਹੋਣਾ ਨਹੀਂ ਚਾਹੁੰਦੀ ਸੀ।"

ਰੂਥ ਓ'ਗ੍ਰੇਡੀ

ਰੂਥ ਦੀ ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਕ੍ਰਿਸ ਖ਼ਿਲਾਫ਼ ਜ਼ਬਰਦਸਤੀ ਕੰਟਰੋਲ ਅਤੇ ਹੋਰ ਕਾਨੂੰਨਾਂ ਤਹਿਤ ਜਾਂਚ ਕੀਤੀ ਪਰ ਕੋਈ ਵੀ ਦੋਸ਼ ਤੈਅ ਨਹੀਂ ਕੀਤੇ ਗਏ।

ਪੁਲਿਸ ਨੇ ਜੋੜੇ ਦੇ ਵਟਸਐਪ ਸੁਨੇਹਿਆਂ ਵਿੱਚ ਅਜਿਹੀਆਂ ਉਦਾਹਰਨਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਵਿੱਚ ਰੂਥ ਸਵਿੰਗਿੰਗ ਲਈ ਉਤਸ਼ਾਹਿਤ ਨਜ਼ਰ ਆ ਰਹੀ ਸੀ।

ਰੂਥ ਦੀ ਕਹਾਣੀ ਇੱਕ ਬੁਨਿਆਦੀ ਸਵਾਲ ਖੜ੍ਹਾ ਕਰਦੀ ਹੈ। ਲੋਕ ਅਜਿਹੇ ਸਰੀਰਕ ਸਬੰਧ ਬਣਾਉਣ ਲਈ ਕਿਵੇਂ ਅਤੇ ਕਿਉਂ ਸਹਿਮਤ ਹੁੰਦੇ ਦਿਖਾਈ ਦੇ ਸਕਦੇ ਹਨ, ਇੱਥੋਂ ਤੱਕ ਕਿ ਉਤਸ਼ਾਹ ਵੀ ਦਿਖਾ ਸਕਦੇ ਹਨ, ਜੋ ਉਹ ਅਸਲ ਵਿੱਚ ਨਹੀਂ ਚਾਹੁੰਦੇ ?

ਮਾਹਿਰ ਦੱਸਦੇ ਹਨ ਕਿ ਸਹਿਮਤੀ, ਗੁੰਝਲਦਾਰ ਹੋ ਸਕਦੀ ਹੈ।

ਜੋ 1980 ਦੇ ਦਹਾਕੇ ਤੋਂ ਗੈਰ-ਇੱਛੁਕ ਸੈਕਸ 'ਤੇ ਖੋਜ ਕਰ ਰਹੀ ਆਕਲੈਂਡ ਯੂਨੀਵਰਸਿਟੀ ਦੀ ਪ੍ਰੋਫੈਸਰ ਨਿਕੋਲਾ ਗੇਵੀ ਦਾ ਕਹਿਣਾ ਹੈ ਕਿ ਲੋਕ ਅਕਸਰ ਅਜਿਹੇ ਸਰੀਰਕ ਸਬੰਧਾਂ ਲਈ ਸਹਿਮਤੀ ਦਿੰਦੇ ਜਾਪਦੇ ਹਨ ਜੋ ਉਹ ਅਸਲ ਵਿੱਚ ਨਹੀਂ ਚਾਹੁੰਦੇ।

ਗੇਵੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹੋਰ ਔਰਤਾਂ ਤੋਂ ਵੀ ਰੂਥ ਜਿਹੀਆਂ ਕਹਾਣੀਆਂ ਸੁਣੀਆਂ ਹਨ।

ਉਹ ਕਹਿੰਦੀ ਹੈ, "ਪੀੜਤਾਂ ਨੂੰ ਇਹ ਸਮਝਣ ਵਿੱਚ ਸਮਾਂ ਲੱਗ ਸਕਦਾ ਹੈ ਕਿ ਉਨ੍ਹਾਂ ਨਾਲ ਕੀ ਹੋਇਆ ਸੀ।"

"ਮੈਨੂੰ ਚਲੇ ਜਾਣਾ ਚਾਹੀਦਾ ਸੀ"

ਹਨੇਰੇ ਵਿੱਚ ਇੱਕ ਔਰਤ ਅਤੇ ਮਰਦ ਦਾ ਪਰਛਾਵਾਂ ਜਿਸਦੇ ਪਿੱਛੇ ਨੀਲੀ ਅਤੇ ਜਾਮਣੀ ਰੌਸ਼ਨੀ ਹੈ

ਤਸਵੀਰ ਸਰੋਤ, Tatiana Maksimova/Getty images

ਤਸਵੀਰ ਕੈਪਸ਼ਨ, ਰੂਥ ਮੁਤਾਬਕ ਅਠਾਰਾਂ ਮਹੀਨੇ ਤੱਕ ਉਸ ਨੇ ਅਜਨਬੀਆਂ ਨਾਲ ਸੈਕਸ ਕੀਤਾ। (ਸੰਕੇਤਕ ਤਸਵੀਰ)

ਸਾਨੂੰ ਇੱਕ ਆਦਮੀ ਲੱਭਿਆ ਜੇ ਫੈਬਸਵਿੰਗਰ ਵਰਤਦਾ ਸੀ ਅਤੇ ਜਿਸ ਨੇ ਸਾਡੇ ਨਾਲ ਗੱਲ ਕਰਨ 'ਤੇ ਸਹਿਮਤੀ ਜਤਾਈ।

ਮਾਰਟਿਨ(ਅਸਲੀ ਨਾਮ ਨਹੀਂ), ਕਦੇ ਰੂਥ ਨੂੰ ਨਹੀ ਮਿਲਿਆ। ਉਹ ਕਹਿੰਦਾ ਹੈ ਕਿ ਉਹ ਸਾਲਾਂ ਤੋਂ ਇਸ ਵੈਬਸਾਈਟ 'ਤੇ ਜਾ ਰਿਹਾ ਹੈ ਅਤੇ ਇਸ ਜ਼ਰੀਏ ਕਰੀਬ ਪੰਜਾਹ ਲੋਕਾਂ ਨਾਲ ਸੈਕਸ ਕੀਤਾ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਵਿਆਹੀਆਂ ਔਰਤਾਂ ਸਨ ਜਿਨ੍ਹਾਂ ਦੇ ਪਤੀ ਦੇਖਣਾ ਚਾਹੁੰਦੇ ਸਨ।

ਉਸ ਮੁਤਾਬਕ ਉਹ ਸੁਨਿਸ਼ਚਿਤ ਕਰਦਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਉਹ ਮਿਲਦਾ ਹੈ ਉਹ ਖੁਸ਼ ਅਤੇ ਸਹਿਮਤ ਹੋਣ ਪਰ ਉਹ ਇਹ ਵੀ ਕਹਿੰਦਾ ਹੈ ਕਿ ਕਈ ਵਾਰ ਜਦੋਂ ਉਹ ਮੁਲਾਕਾਤ ਲਈ ਕਮਰੇ ਵਿੱਚ ਗਿਆ ਤਾਂ ਉਸ ਨੂੰ ਕੁਝ ਅਜੀਬ ਮਹਿਸੂਸ ਹੋਇਆ।

ਉਹ ਮੰਨਦਾ ਹੈ ਕਿ ਜੋੜਿਆਂ ਵਿੱਚੋਂ ਅੱਧੇ ਤੋਂ ਵੱਧ ਮਹਿਲਾਵਾਂ ਜੋ ਉਸ ਨੂੰ ਮਿਲੀਆਂ, ਇਸ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀਆਂ ਸੀ।

ਉਹ ਕਹਿੰਦਾ ਹੈ ਕਿ ਇੱਕ ਵਾਰ ਉਸ ਨੇ ਇੱਕ ਔਰਤ ਦੀਆਂ ਅੱਖਾਂ ਵਿੱਚ ਡਰ ਦੇਖਿਆ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਪਤੀ ਰਿਕਾਰਡ ਕਰਨ ਲਈ ਆਉਣ ਵਾਲਾ ਹੈ।

ਉਹ ਕਹਿੰਦਾ ਹੈ, "ਮੈਨੂੰ ਉੱਥੋਂ ਚਲੇ ਜਾਣਾ ਚਾਹੀਦਾ ਸੀ। ਮੈਨੂੰ ਤੁਰੰਤ ਇਸ ਦੀ ਰਿਪੋਰਟ ਕਰਨੀ ਚਾਹੀਦੀ ਸੀ।"

ਉਸ ਨੇ ਦੱਸਿਆ, ਇੱਕ ਹੋਰ ਮੁਲਾਕਾਤ ਵਿੱਚ ਇੱਕ ਔਰਤ 'ਤੇ ਹਾਰ ਮੰਨਣ ਲਈ ਦਬਾਅ ਪਾਇਆ ਗਿਆ ਲਗਦਾ ਸੀ। ਉਹ ਕਹਿੰਦਾ ਹੈ ਕਿ ਉਸ ਦੇ ਪਤੀ ਅਤੇ ਇੱਕ ਹੋਰ ਮਰਦ ਨੇ ਉਸ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।

ਅਸੀਂ ਉਸ ਨੂੰ ਪੁੱਛਿਆ ਕਿ ਕੀ ਉਸ ਪਲ ਉਸ ਨੂੰ ਅਹਿਸਾਸ ਹੋਇਆ ਕਿ ਉਹ ਕਿਸੇ ਦਾ ਰੇਪ ਕਰ ਰਿਹਾ ਸੀ ?

ਉਸ ਨੇ ਜਵਾਬ ਦਿੱਤਾ, "ਹਾਂ।"

ਮਾਰਟਿਨ ਨੇ ਕਿਹਾ ਕਿ ਉਸ ਪਲ ਤੱਕ ਉਸ ਦਾ ਮੰਨਣਾ ਸੀ ਕਿ ਉਸ ਔਰਤ ਨੇ ਪੂਰੀ ਸਹਿਮਤੀ ਦਿੱਤੀ ਹੋਈ ਸੀ।

ਸਹਿਮਤੀ ਦੀ ਲੋੜ ਬਾਰੇ 'ਫੈਬਸਵਿੰਗਰ' ਕੀ ਕਹਿੰਦੀ ਹੈ ?

ਲੱਕੜ ਦੇ ਅੱਖਰਾਂ ਨਾਲ ਅੰਗਰੇਜ਼ੀ ਵਿੱਚ Consent ਲਿਖਿਆ ਹੋਇਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੈਬਸਵਿੰਗਰ ਨੇ ਕਿਹਾ ਕਿ ਗੈਰ-ਸਹਿਮਤੀ ਵਾਲੀਆਂ ਗਤੀਵਿਧੀਆਂ ਦੀਆਂ ਰਿਪੋਰਟਾਂ ਨੂੰ ਖ਼ਤਰੇ ਵਜੋਂ ਦੇਖਿਆ ਜਾਂਦਾ ਹੈ ਅਤੇ ਜਦੋਂ ਉਹ ਇਸ ਬਾਰੇ ਜਾਣੂ ਹੁੰਦੇ ਹਨ ਉਹ ਕਾਰਵਾਈ ਕਰਨ ਦੇ ਨਾਲ ਨਾਲ ਪੁਲਿਸ ਨਾਲ ਸਹਿਯੋਗ ਕਰਦੇ ਹਨ।

ਸਾਡੀ ਖੋਜ ਦੇ ਜਵਾਬ ਵਿੱਚ ਫੈਬਸਵਿੰਗਰ ਵੈਬਸਾਈਟ ਨੇ ਸਾਨੂੰ ਦੱਸਿਆ ਕਿ ਅਜਿਹਾ ਕੋਈ ਵੀ ਸੁਝਾਅ ਕਿ ਪਹਿਲਾਂ ਹੋਈ ਕੋਈ ਆਨਲਾਈਨ ਗੱਲਬਾਤ ਮੁਲਾਕਾਤ ਦੇ ਸਮੇਂ ਆਹਮੋ-ਸਾਹਮਣੇ ਲਈ ਜਾਣ ਵਾਲੀ ਸਹਿਮਤੀ ਦੀ ਲੋੜ ਨੂੰ ਖਤਮ ਕਰ ਦਿੰਦੀ ਹੈ, ਇੱਕ ਅਜਿਹਾ ਪੱਖ ਹੈ ਜਿਸ ਦਾ ਇਹ ਪਲੇਟਫ਼ਾਰਮ ਨਾ ਤਾਂ ਸਮਰਥਨ ਕਰਦਾ ਹੈ, ਨਾ ਹੀ ਹੱਲਾਸ਼ੇਰੀ ਦਿੰਦਾ ਹੈ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕਰਦਾ ਹੈ।

ਬੀਬੀਸੀ ਨੇ ਯੂ.ਕੇ. ਦੇ 45 ਪੁਲਿਸ ਫੋਰਸਾਂ ਨੂੰ ਜਾਣਕਾਰੀ ਲੈਣ ਲਈ ਅਰਜ਼ੀਆਂ ਭੇਜੀਆਂ ਜਿਸ ਵਿੱਚ 2023 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਅਜਿਹੇ ਅਪਰਾਧਾਂ ਦੀਆਂ ਰਿਪੋਰਟਾਂ ਮੰਗੀਆਂ ਗਈਆਂ ਸੀ ਜਿਨ੍ਹਾਂ ਵਿੱਚ ਫੈਬਸਵਿੰਗਰ ਦਾ ਜ਼ਿਕਰ ਆਇਆ ਸੀ।

ਅਪ੍ਰੈਲ 2026 ਤੱਕ, 39 ਫੋਰਸਾਂ ਨੇ ਜਵਾਬ ਦਿੱਤਾ ਪਰ ਦੇਸ਼ ਦੀ ਸਭ ਤੋਂ ਵੱਡੀ ਮੈਟਰੋਪੋਲੀਟਨ ਪੁਲਿਸ ਨੇ ਅਜਿਹਾ ਨਹੀਂ ਕੀਤਾ।

ਉਨ੍ਹਾਂ ਦੇ ਜਵਾਬਾਂ ਵਿੱਚ 329 ਅਜਿਹੀਆਂ ਰਿਪੋਰਟਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਵਿੱਚ ਇਸ ਵੈਬਸਾਈਟ ਦਾ ਜ਼ਿਕਰ ਸੀ। ਜਿਸ ਵਿੱਚ ਬਲਾਤਕਾਰ, ਹੋਰ ਗੰਭੀਰ ਜਿਨਸੀ ਅਪਰਾਧ, ਨਿਯੰਤਰਨ ਅਤੇ ਜ਼ਬਰਦਸਤੀ ਵਾਲਾ ਵਿਵਹਾਰ, ਪਰੇਸ਼ਾਨ ਕਰਨਾ, ਬਲੈਕਮੇਲ, ਪਿੱਛਾ ਕਰਨਾ, ਹਮਲਾ ਅਤੇ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ਸ਼ਾਮਲ ਸਨ।

ਜਵਾਬ ਦੇਣ ਵਾਲੀਆਂ ਪੁਲਿਸ ਫੋਰਸਾਂ ਨੇ ਅਜਿਹੇ ਮਾਮਲਿਆਂ ਵਿੱਚ 26 ਲੋਕਾਂ ਨੂੰ ਮੁਲਜ਼ਮਾਂ ਵਜੋਂ ਦਰਜ ਕੀਤਾ ਜਾਂ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਜਿੱਥੇ ਫੈਬਸਵਿੰਗਰਜ਼ ਦਾ ਜ਼ਿਕਰ ਸੀ। ਉਨ੍ਹਾਂ ਵਿੱਚੋਂ 23 ਮਾਮਲਿਆਂ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ।

ਫੈਬਸਵਿੰਗਰ ਬਾਰੇ ਅੰਕੜਿਆਂ ਦਾ ਇਹ ਮਤਲਬ ਨਹੀਂ ਕਿ ਲਗਾਏ ਗਏ ਦੋਸ਼ਾਂ ਲਈ ਵੈਬਸਾਈਟ ਜ਼ਿੰਮੇਵਾਰ ਸੀ ਅਤੇ ਕੁਝ ਮਾਮਲਿਆਂ ਵਿੱਚ ਇਸ ਦਾ ਜ਼ਿਕਰ ਸਿਰਫ਼ ਕਿਸੇ ਰਿਪੋਰਟ ਦੇ ਪਿਛੋਕੜ ਵਜੋਂ ਹੀ ਕੀਤਾ ਗਿਆ ਹੋ ਸਕਦਾ ਹੈ। ਹਾਲਾਂਕਿ, ਇਹ ਅੰਕੜੇ ਦਰਸਾਉਂਦੇ ਹਨ ਕਿ ਇਹ ਪਲੇਟਫ਼ਾਰਮ ਕਥਿਤ ਗੰਭੀਰ ਅਪਰਾਧਾਂ ਨਾਲ ਜੁੜੇ ਪੁਲਿਸ ਰਿਕਾਰਡਾਂ ਵਿੱਚ ਵਾਰ-ਵਾਰ ਸਾਹਮਣੇ ਆਇਆ ਹੈ।

ਬੀਬੀਸੀ ਨੇ ਯੁਨਾਈਟਿਡ ਕਿੰਗਡਮ ਵਿੱਚ ਕਿਸੇ ਹੋਰ ਪਾਰਟਨਰ ਐਕਸਚੇਂਜ ਵੈਬਸਾਈਟ ਬਾਰੇ ਜਾਣਕਾਰੀ ਨਹੀਂ ਮੰਗੀ ਸੀ।

ਫੈਬਸਵਿੰਗਰ ਨੇ ਕਿਹਾ ਕਿ ਗੈਰ-ਸਹਿਮਤੀ ਵਾਲੀਆਂ ਗਤੀਵਿਧੀਆਂ ਦੀਆਂ ਰਿਪੋਰਟਾਂ ਨੂੰ ਖ਼ਤਰੇ ਵਜੋਂ ਦੇਖਿਆ ਜਾਂਦਾ ਹੈ ਅਤੇ ਜਦੋਂ ਉਹ ਇਸ ਬਾਰੇ ਜਾਣੂ ਹੁੰਦੇ ਹਨ ਉਹ ਕਾਰਵਾਈ ਕਰਨ ਦੇ ਨਾਲ ਨਾਲ ਪੁਲਿਸ ਨਾਲ ਸਹਿਯੋਗ ਕਰਦੇ ਹਨ।

ਰੂਥ ਇਸ ਜਵਾਬ ਨਾਲ ਹੈਰਾਨ ਹੁੰਦੀ ਹੈ।

ਉਹ ਕਹਿੰਦੀ ਹੈ ਕਿ ਉਸ ਨੇ ਫੈਬਵਸਵਿੰਗਰ ਨੂੰ ਵੈਬਸਾਈਟ 'ਤੇ ਮਿਲੇ ਮਰਦਾਂ ਵੱਲੋਂ ਕੀਤੇ ਗਲਤ ਵਿਹਾਰ ਬਾਰੇ ਰਿਪੋਰਟ ਕੀਤਾ ਸੀ, ਜਿਸ ਵਿੱਚ ਉਸ ਖ਼ਿਲਾਫ਼ ਹਿੰਸਾ ਜਾਂ ਰੇਪ ਦੀਆਂ ਧਮਕੀਆਂ ਵੀ ਸ਼ਾਮਲ ਸਨ, ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਰੂਥ ਜਨਤਕ ਤੌਰ 'ਤੇ ਆਪਣੀ ਕਹਾਣੀ ਕਿਉਂ ਦੱਸ ਰਹੀ ਹੈ ?

ਵਕੀਲ ਰੇਚਲ ਹੌਰਮੈਨ-ਬ੍ਰਾਊਨ
ਤਸਵੀਰ ਕੈਪਸ਼ਨ, ਵਕੀਲ ਰੇਚਲ ਹੌਰਮੈਨ-ਬ੍ਰਾਊਨ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਉਸ ਨੇ ਦਰਜਨਾਂ ਵਾਰ ਔਰਤਾਂ ਨੂੰ ਇਹ ਸ਼ਿਕਾਇਤ ਕਰਦਿਆ ਸੁਣਿਆ ਹੈ ਕਿ ਉਸ 'ਤੇ ਕਪਲ ਸਵੈਪ ਲਈ ਦਬਾਅ ਪਾਇਆ ਗਿਆ।

ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਮੁਹਾਰਤ ਰੱਖਣ ਵਾਲੇ ਅਤੇ ਕਾਉਂਸਲਰ ਆਫ ਦ ਕਿੰਗ ਦੀ ਉਪਾਧੀ ਨਾਲ ਸਨਮਾਨਿਤ ਇੱਕ ਨਾਮੀ ਵਕੀਲ ਰੇਚਲ ਹੌਰਮੈਨ-ਬ੍ਰਾਊਨ ਦਾ ਕਹਿਣਾ ਹੈ ਕਿ ਰੂਥ ਦੇ ਅਨੁਭਵ ਤੋਂ ਉਨ੍ਹਾਂ ਨੂੰ ਹੈਰਾਨੀ ਨਹੀਂ ਹੁੰਦੀ।

ਉਹ ਕਹਿੰਦੇ ਹਨ ਕਿ ਪਿਛਲੇ ਸਾਲਾਂ ਦੌਰਾਨ ਉਸ ਨੇ ਦਰਜਨਾਂ ਵਾਰ ਔਰਤਾਂ ਨੂੰ ਇਹ ਸ਼ਿਕਾਇਤ ਕਰਦਿਆ ਸੁਣਿਆ ਹੈ ਕਿ ਉਸ 'ਤੇ ਕਪਲ ਸਵੈਪ ਲਈ ਦਬਾਅ ਪਾਇਆ ਗਿਆ।

ਹੌਰਮੈਨ-ਬਰਾਊਨ ਦਾ ਮੰਨਣਾ ਹੈ ਕਿ ਸਾਥੀਆਂ ਦੀ ਅਦਲਾ-ਬਦਲੀ ਦਾ ਫ਼ਾਇਦਾ ਸੋਸ਼ਣ ਕਰਨ ਵਾਲੇ ਜੋੜਿਆਂ ਵੱਲੋਂ ਉਠਾਇਆ ਜਾ ਸਕਦਾ ਹੈ ਕਿਉਂਕਿ ਇੱਕ ਵਾਰ ਜਦੋਂ ਕੋਈ ਇਸ ਵਿੱਚ ਹਿੱਸਾ ਲੈ ਲੈਂਦਾ ਹੈ ਤਾਂ ਇਹ ਇੱਕ ਡੂੰਘੀ ਸ਼ਰਮਿੰਦਗੀ ਪੈਦਾ ਕਰ ਸਕਦਾ ਹੈ, ਜਿਸ ਕਾਰਨ ਔਰਤਾਂ ਵੱਲੋਂ ਰਿਪੋਰਟ ਦਰਜ ਕਰਵਾਉਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ।

ਸਾਥੀਆਂ ਦੀ ਅਦਲਾ-ਬਦਲੀ ਵਿੱਚ ਅਕਸਰ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓਜ਼ ਬਣਾਉਣਾ ਵੀ ਸ਼ਾਮਲ ਹੁੰਦਾ ਹੈ ਜੋ ਕਿ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਹੌਰਮੈਨ-ਬ੍ਰਾਊਨ ਨੇ ਇਸ ਨੂੰ ਇੱਕ ਰਿਸ਼ਤੇ ਦੇ ਅੰਦਰ ਇੱਕ ਸੰਭਾਵਿਤ ਹਥਿਆਰ ਵਜੋਂ ਬਿਆਨ ਕੀਤਾ ਹੈ।

ਪੀੜਤਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਅਜਿਹੇ ਹੀ ਮਾਮਲੇ ਸੁਣਨ ਨੂੰ ਮਿਲਦੇ ਹਨ।

ਘਰੇਲੂ ਹਿੰਸਾ ਦੇ ਪੀੜਤਾਂ ਲਈ ਨੈਸ਼ਨਲ ਹੌਟਲਾਈਨ ਦੇਖਣ ਵਾਲੀ ਸ਼ੈਰੋਲੇ ਈਸਟੋਪ ਕਹਿੰਦੀ ਹੈ ਕਿ ਉਨ੍ਹਾਂ ਨੂੰ ਅਜਿਹੇ ਫੋਨ ਆਉਂਦੇ ਹਨ ਜਿੱਥੇ ਔਰਤਾਂ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ 'ਤੇ ਅਦਲਾ-ਬਦਲੀ ਵਿੱਚ ਹਿੱਸਾ ਲੈਣ ਲਈ ਦਬਾਅ ਪਾਇਆ ਗਿਆ।

ਕਈ ਔਰਤਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਸੋਸ਼ਣ ਦਾ ਸਾਹਮਣਾ ਕਰ ਰਹੀਆਂ ਹਨ ਜਾਂ ਇਸ ਨੂੰ ਕਿਵੇਂ ਬਿਆਨ ਕਰਨਾ ਹੈ। ਉਹ ਕਹਿੰਦੇ ਹਨ, "ਮੈਂ ਉਮੀਦ ਕਰਦੀ ਹਾਂ ਕਿ ਜਦੋਂ ਰੂਥ ਬੋਲੇਗਾ ਤਾਂ ਕਿਸੇ ਹੋਰ 'ਤੇ ਵੀ ਇਸ ਦਾ ਅਸਰ ਪਵੇਗਾ।"

ਇਹ ਉਦੋਂ ਹੋਇਆ ਜਦੋਂ ਰੂਥ 'ਬਲੈਕ ਮਿਰਰ' ਨਾਮੀ ਇੱਕ ਡਿਸਟੋਪੀਅਨ ਲੜੀ ਦਾ ਐਪੀਸੋਡ ਦੇਖ ਰਹੀ ਸੀ ਜੋ ਕਿ ਜਿਨਸੀ ਨਿਰਾਦਰ ਅਤੇ ਅਪਮਾਨ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦਿਮਾਗ ਵਿੱਚ ਇੱਕ ਗੱਲ ਬੈਠ ਗਈ।

ਕ੍ਰਿਸ ਨੂੰ ਉਹ ਐਪੀਸੋਡ ਮਜ਼ਾਕੀਆ ਲੱਗਿਆ ਸੀ ਅਤੇ ਰੂਥ ਕਹਿੰਦੀ ਹੈ, "ਮੈਨੂੰ ਅਹਿਸਾਸ ਹੋਇਆ, ਤੂੰ ਮੇਰੇ ਬਾਰੇ ਇਹੀ ਸੋਚਦਾ ਹੈਂ।"

ਫੈਬਸਵਿੰਗਰ ਦੇ ਅਠਾਰਾਂ ਮਹੀਨਿਆਂ ਬਾਅਦ, ਰੂਥ ਨੇ ਉਸ ਨੂੰ ਵੈਬਸਾਈਟ ਛੱਡਣ ਲਈ ਕਿਹਾ। ਪਰ ਉਹ ਉਸ ਨੂੰ ਵਾਰ-ਵਾਰ ਹੋਰ ਮਰਦਾਂ ਨੂੰ ਮਿਲਣ ਲਈ ਕਹਿੰਦਾ ਰਿਹਾ ਅਤੇ ਹੋਰ ਤਰ੍ਹਾਂ ਦੇ ਜਿਨਸੀ ਪ੍ਰਬੰਧਾਂ ਲਈ ਕਹਿੰਦਾ ਰਿਹਾ।

ਬਾਹਰੀ ਸਹਿਯੋਗ ਨਾਲ ਰੂਥ ਨੇ ਆਪਣੇ ਪਤੀ ਨੂੰ ਛੱਡਣ ਦਾ ਫ਼ੈਸਲਾ ਲਿਆ। ਉਹ ਦਸਤਾਵੇਜ਼, ਕੱਪੜੇ ਅਤੇ ਪੈਸੇ ਹੌਲੀ ਹੌਲੀ ਕਰਕੇ ਘਰੋਂ ਬਾਹਰ ਇੱਕ ਸੁਰੱਖਿਅਤ ਥਾਂ ਲੈ ਕੇ ਗਈ ।

ਪਰ ਰੂਥ ਕਹਿੰਦੀ ਹੈ ਕਿ ਉਹ ਹਾਲੇ ਵੀ ਇਸ ਤੋਂ ਬਹੁਤ ਡੂੰਘੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਹੁਣ ਮਰਦਾਂ ਦੀ ਮੌਜੂਦਗੀ ਵਿੱਚ ਬਹੁਤ ਜ਼ਿਆਦਾ ਘਬਰਾਹਟ ਮਹਿਸੂਸ ਕਰਦੀ ਹੈ। ਇੱਥੋਂ ਤੱਕ ਕਿ ਨਹਾਉਣ ਵੇਲੇ ਵੀ ਉਸ ਨੂੰ ਉਹ ਯਾਦਾਂ ਤਾਜ਼ਾ ਹੋ ਸਕਦੀਆਂ ਹਨ ਕਿ ਕਿਸ ਤਰ੍ਹਾਂ ਉਹ ਫੈਬਸਵਿੰਗਰਜ਼ ਦੀਆਂ ਮੁਲਾਕਾਤਾਂ ਲਈ ਤਿਆਰੀ ਕਰਦੀ ਸੀ।

ਉਹ ਆਪਣੀ ਕਹਾਣੀ ਜਨਤਕ ਤੌਰ 'ਤੇ ਕਿਉਂ ਦੱਸ ਰਹੀ ਹੈ?

ਰੂਥ ਕਹਿੰਦੀ ਹੈ ਕਿ ਜੇ ਇੱਕ ਔਰਤ ਵੀ ਉਸ ਦੇ ਅਨੁਭਵ ਨਾਲ ਖੁਦ ਨੂੰ ਜੋੜਦੀ ਹੈ ਅਤੇ ਅਹਿਸਾਸ ਕਰ ਲੈਂਦੀ ਹੈ ਕਿ ਉਹ ਅਜਿਹੀਆਂ ਚੀਜ਼ਾਂ ਕਰ ਰਹੀ ਹੈ ਜੋ ਉਹ ਅਸਲ ਵਿੱਚ ਨਹੀਂ ਕਰਨਾ ਚਾਹੁੰਦੀ, ਤਾਂ ਇਹ ਵੀ ਉਸ ਲਈ ਬਹੁਤ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)