ਜੇ ਬੈਂਕ ਲਾਕਰ ਵਿੱਚ ਗਹਿਣੇ ਰੱਖਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਗਹਿਣੇ ਫਿਰ ਕਿਸ ਨੂੰ ਮਿਲਦੇ ਹਨ, ਇਸ ਦੀ ਕੀ ਪ੍ਰਕਿਰਿਆ ਹੈ

ਤਸਵੀਰ ਸਰੋਤ, Getty Images
- ਲੇਖਕ, ਜ਼ੇਵਿਅਰ ਸੇਲਵਾਕੁਮਾਰ
- ਰੋਲ, ਬੀਬੀਸੀ ਤਮਿਲ ਰਿਪੋਰਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਕੋਇੰਬਟੂਰ ਵਿੱਚ ਇੱਕ ਸੇਵਾਮੁਕਤ ਹੈੱਡਮਾਸਟਰ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਮਰਹੂਮ ਪਤਨੀ ਨੇ ਬੈਂਕ ਲਾਕਰ ਵਿੱਚ ਜੋ (ਲਗਭਗ 640 ਗ੍ਰਾਮ ਵਜ਼ਨ ਦੇ) ਗਹਿਣੇ ਰੱਖੇ ਸਨ, ਉਹ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੇ ਗਏ।
ਹਾਲਾਂਕਿ, ਬੈਂਕ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਨਾਮ ਨਾਲ ਕੋਈ ਲਾਕਰ ਹੈ। ਉਨ੍ਹਾਂ ਦੀ ਮਰਹੂਮ ਪਤਨੀ ਦੇ ਰਿਸ਼ਤੇਦਾਰਾਂ ਨੇ ਵੀ ਇਸ ਇਲਜ਼ਾਮ ਤੋਂ ਇਨਕਾਰ ਕੀਤਾ ਹੈ।
ਇਸ ਘਟਨਾ ਨੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ "ਜੇ ਕੋਈ ਵਿਅਕਤੀ ਬੈਂਕ ਲਾਕਰ ਵਿੱਚ ਗਹਿਣੇ ਅਤੇ ਸਕਿਉਰਿਟੀਆਂ ਵਰਗੀਆਂ ਚੀਜ਼ਾਂ ਰੱਖਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਲਾਕਰ ਅਤੇ ਉਸ ਵਿੱਚ ਰੱਖੀਆਂ ਚੀਜ਼ਾਂ ਦਾ ਮਾਲਕ ਕੌਣ ਹੁੰਦਾ ਹੈ?"
ਇਸ ਰਿਪੋਰਟ ਵਿੱਚ ਅਸੀਂ ਇਸ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ, ਪਰ ਪਹਿਲਾਂ ਜਾਣ ਲੈਂਦੇ ਹਾਂ ਕਿ ਇਹ ਤਾਜ਼ਾ ਮਾਮਲਾ ਕੀ ਹੈ।
ਪਤਨੀ ਦੇ ਗਹਿਣਿਆਂ ਸਬੰਧੀ ਪਤੀ ਦੀ ਸ਼ਿਕਾਇਤ

ਤਸਵੀਰ ਸਰੋਤ, Getty Images
ਕੋਇੰਬਟੂਰ ਦੇ ਸੁਲਤਾਨਪੇਟ ਦੇ ਰਹਿਣ ਵਾਲੇ ਇੱਕ ਸੇਵਾਮੁਕਤ ਹਾਈ ਸਕੂਲ ਪ੍ਰਿੰਸੀਪਲ ਮੁਰੂਗੇਸਨ (72 ਸਾਲ) ਨੇ 16 ਜੁਲਾਈ ਨੂੰ ਕੋਇੰਬਟੂਰ ਸਿਟੀ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਬੈਂਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਮਰਹੂਮ ਪਤਨੀ ਸ਼ਾਂਤਿਨੀ ਦੇ 640 ਗ੍ਰਾਮ ਸੋਨੇ ਦੇ ਗਹਿਣੇ (ਜੋ ਉਨ੍ਹਾਂ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਪੋਥਾਨੂਰ ਸ਼ਾਖਾ ਦੇ ਲਾਕਰ ਵਿੱਚ ਰੱਖੇ ਸਨ) ਉਨ੍ਹਾਂ ਨੂੰ (ਕਾਨੂੰਨੀ ਵਾਰਿਸ ਨੂੰ) ਸੌਂਪਣ ਦੀ ਬਜਾਏ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੇ।
ਸਰਕਾਰੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਸੇਵਾਮੁਕਤ ਅਧਿਆਪਕਾ ਸ਼ਾਂਤਿਨੀ ਦਾ 3 ਅਗਸਤ, 2024 ਨੂੰ ਗੁਰਦੇ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ ਸੀ। ਇਸ ਜੋੜੇ ਦੀ ਕੋਈ ਸੰਤਾਨ ਨਹੀਂ ਹੈ। ਮੁਰੂਗੇਸਨ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਮਰਨ ਤੋਂ ਪਹਿਲਾਂ ਸ਼ਾਂਤਿਨੀ ਨੇ ਇੱਕ ਘੋਸ਼ਣਾ-ਪੱਤਰ 'ਤੇ ਦਸਤਖ਼ਤ ਕੀਤੇ ਸਨ, ਜਿਸ ਵਿੱਚ ਉਨ੍ਹਾਂ ਦੇ ਪੈਸੇ, ਗਹਿਣਿਆਂ ਅਤੇ ਜਾਇਦਾਦ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਮੁਰੂਗੇਸਨ ਨੇ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਕਿ ਉਸ ਦਸਤਾਵੇਜ਼ ਵਿੱਚ ਲਿਖਿਆ ਸੀ ਕਿ ਪੋਥਾਨੂਰ ਸਟੇਟ ਬੈਂਕ ਆਫ਼ ਇੰਡੀਆ ਦੇ ਲਾਕਰ ਵਿੱਚ 640 ਗ੍ਰਾਮ ਸੋਨੇ ਦੇ ਗਹਿਣੇ ਸਨ ਅਤੇ ਉਨ੍ਹਾਂ ਦੀ ਪਤਨੀ ਦੀਆਂ ਦੋ ਭੈਣਾਂ ਅਤੇ ਉਨ੍ਹਾਂ ਦੇ ਪਤੀਆਂ ਨੇ ਬੈਂਕ ਮੈਨੇਜਰ ਦੀ ਮਦਦ ਨਾਲ ਉਹ ਲੈ ਲਏ ਸਨ।
ਮੁਰੂਗੇਸਨ ਵੱਲੋਂ ਸਾਂਝੇ ਕੀਤੇ ਗਏ, ਟਾਈਪ ਕੀਤੇ ਹੋਏ ਦਸਤਾਵੇਜ਼ 'ਤੇ ਸ਼ਾਂਤਿਨੀ ਅਤੇ ਦੋ ਗਵਾਹਾਂ ਦੇ ਦਸਤਖ਼ਤ ਸਨ। ਹਾਲਾਂਕਿ, ਬੀਬੀਸੀ ਉਨ੍ਹਾਂ ਗਵਾਹਾਂ ਤੋਂ ਕੋਈ ਪ੍ਰਤੀਕਿਰਿਆ ਨਹੀਂ ਲੈ ਸਕਿਆ ਜਿਨ੍ਹਾਂ ਨੇ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਸਨ। ਮੁਰੂਗੇਸਨ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਕੋਲ ਲਾਕਰ ਦੀ ਮੌਜੂਦਗੀ ਸਾਬਤ ਕਰਨ ਲਈ ਬੈਂਕ ਦੇ ਕੋਈ ਦਸਤਾਵੇਜ਼ ਨਹੀਂ ਸਨ।
ਪੋਥਾਨੂਰ ਦੇ ਪੁਲਿਸ ਇੰਸਪੈਕਟਰ ਅਸ਼ੋਕ ਕੁਮਾਰ ਨੇ ਕਿਹਾ, "ਅਸੀਂ ਹਰ ਪਹਿਲੂ ਤੋਂ ਜਾਂਚ ਕੀਤੀ ਹੈ। ਐਫ਼ਆਈਆਰ ਦਰਜ ਨਹੀਂ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਸ਼ਿਕਾਇਤ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਦਿੱਤਾ।"
ਪੁਲਿਸ ਨੇ ਬੀਬੀਸੀ ਤਮਿਲ ਨੂੰ ਇਹ ਵੀ ਦੱਸਿਆ ਕਿ ਬੈਂਕ ਨੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਸੀ ਕਿ ਸ਼ਾਂਤਿਨੀ ਦੇ ਨਾਮ 'ਤੇ ਉਸ ਸ਼ਾਖਾ ਵਿੱਚ ਕੋਈ ਲਾਕਰ ਨਹੀਂ ਸੀ।
ਸ਼ਾਂਤਿਨੀ ਦੀ ਛੋਟੀ ਭੈਣ ਥਿੱਲਈ ਨਾਇਕੀ ਨੇ ਕਿਹਾ, "ਇਹ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਅਤੇ ਮਨਘੜਤ ਹਨ। ਜੇ ਕੋਈ ਸਬੂਤ ਹੈ, ਤਾਂ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"
ਬੈਂਕ ਲਾਕਰ ਪ੍ਰਣਾਲੀ

ਤਸਵੀਰ ਸਰੋਤ, Getty Images
ਆਮ ਤੌਰ 'ਤੇ ਬੈਂਕ ਦੱਸਦੇ ਹਨ ਕਿ ਜੇ ਬੈਂਕ ਵਿੱਚ ਲਾਕਰ ਰੱਖਣ ਵਾਲੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਵਿੱਚ ਰੱਖਿਆ ਸਮਾਨ ਨੋਮਿਨੀ (ਵਾਰਿਸ) ਨੂੰ ਉਚਿਤ ਕਾਨੂੰਨੀ ਪ੍ਰਕਿਰਿਆ ਦੇ ਆਧਾਰ 'ਤੇ ਸੌਂਪ ਦਿੱਤਾ ਜਾਂਦਾ ਹੈ।
ਬੀਬੀਸੀ ਤਮਿਲ ਨੇ ਇਸ ਬਾਰੇ ਸਟੇਟ ਬੈਂਕ ਆਫ਼ ਇੰਡੀਆ ਐਡਮਿਨਿਸਟ੍ਰੇਸ਼ਨ ਵਿੱਚ ਲਾਕਰਾਂ ਦਾ ਕੰਮ ਦੇਖਣ ਵਾਲੇ ਇੱਕ ਅਧਿਕਾਰੀ ਨਾਲ ਗੱਲ ਕੀਤੀ।
ਨਾਮ ਨਾ ਦੱਸਣ ਦੀ ਸ਼ਰਤ 'ਤੇ ਅਧਿਕਾਰੀ ਨੇ ਕਿਹਾ, "ਬੈਂਕ ਲਾਕਰ ਦੇ ਮਾਮਲੇ ਵਿੱਚ ਹਰ ਬੈਂਕ ਦੀ ਆਪਣੀ ਫੀਸ ਅਤੇ ਨਿਯਮ ਹੁੰਦੇ ਹਨ। ਸਟੇਟ ਬੈਂਕ ਆਫ਼ ਇੰਡੀਆ ਦੇ ਮਾਮਲੇ ਵਿੱਚ, ਲਾਕਰ ਖਾਲੀ ਹੋਣ ਤਾਂ ਉਹ ਪਹਿਲ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ। ਇਨ੍ਹਾਂ ਦੀ ਫੀਸ ਵੀ ਵੱਖ-ਵੱਖ ਹੁੰਦੀ ਹੈ।"
ਬੈਂਕ ਅਧਿਕਾਰੀ ਨੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਲਾਕਰਾਂ ਦੀਆਂ ਕਿਸਮਾਂ, ਆਕਾਰ ਅਤੇ ਫੀਸ ਬਾਰੇ ਵੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ, ਲਾਕਰਾਂ ਦੇ ਚਾਰ ਆਕਾਰ ਹੁੰਦੇ ਹਨ: ਛੋਟਾ, ਦਰਮਿਆਨਾ, ਵੱਡਾ ਅਤੇ ਬਹੁਤ ਵੱਡਾ।
ਬੈਂਕ ਅਧਿਕਾਰੀਆਂ ਨੇ ਦੱਸਿਆ, "ਇਨ੍ਹਾਂ ਲਈ ਰਜਿਸਟ੍ਰੇਸ਼ਨ ਫੀਸ ਵੀ ਲਾਕਰ ਦੇ ਆਕਾਰ ਮੁਤਾਬਕ ਵੱਖ-ਵੱਖ ਹੁੰਦੀ ਹੈ। ਇਸ ਤੋਂ ਇਲਾਵਾ, ਸਾਲਾਨਾ ਫੀਸ ਵੀ ਲਾਕਰ ਦੇ ਆਕਾਰ ਅਨੁਸਾਰ ਵੱਖ-ਵੱਖ ਹੁੰਦੀ ਹੈ। ਇਹ ਫੀਸ ਸ਼ਹਿਰੀ ਅਤੇ ਮੈਟਰੋ ਸ਼ਹਿਰਾਂ ਵਿੱਚ ਵੱਧ ਅਤੇ ਪੇਂਡੂ ਤੇ ਅਰਧ-ਸ਼ਹਿਰੀ (ਕਸਬਿਆਂ) ਇਲਾਕਿਆਂ ਵਿੱਚ ਘੱਟ ਹੁੰਦੀ ਹੈ। ਇਨ੍ਹਾਂ ਸਭ 'ਤੇ ਜੀਐਸਟੀ ਵੀ ਲੱਗਦਾ ਹੈ।"
ਅਧਿਕਾਰੀ ਮੁਤਾਬਕ, ਲਾਕਰ ਦੀ ਫੀਸ ਦਾ ਭੁਗਤਾਨ ਕਰਨ ਵਿੱਚ ਦੇਰੀ ਹੋਣ 'ਤੇ ਹਰ ਤਿਮਾਹੀ ਲਈ 10% ਸਰਚਾਰਜ ਲੱਗਦਾ ਹੈ ਅਤੇ ਇਹ ਸਾਲਾਨਾ 40% ਤੱਕ ਹੋ ਸਕਦਾ ਹੈ।
ਜੇ ਲਾਕਰ ਵਿੱਚ ਗਹਿਣੇ ਰੱਖਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਗਹਿਣੇ ਕਿਸ ਨੂੰ ਮਿਲਦੇ ਹਨ?

ਤਸਵੀਰ ਸਰੋਤ, Getty Images
ਸਟੇਟ ਬੈਂਕ ਆਫ਼ ਇੰਡੀਆ ਦੇ ਮਾਮਲੇ ਵਿੱਚ, ਬੈਂਕ ਲਾਕਰ ਕਿਸੇ ਇੱਕ ਵਿਅਕਤੀ ਦੇ ਨਾਮ 'ਤੇ ਜਾਂ ਪਤੀ-ਪਤਨੀ ਜਾਂ ਦੋਵਾਂ ਦੇ ਜੁਆਇੰਟ ਅਕਾਊਂਟ (ਸਾਂਝੇ ਖਾਤੇ) ਤਹਿਤ ਲਏ ਜਾ ਸਕਦੇ ਹਨ।
ਬੈਂਕ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ "ਜੁਆਇੰਟ ਅਕਾਊਂਟ ਵਾਲੇ ਲਾਕਰ ਵਿੱਚੋਂ ਸਮਾਨ ਲੈਣ ਲਈ ਦੋਵੇਂ ਪੱਖ ਇਕੱਠੇ ਜਾਂ ਵੱਖ-ਵੱਖ ਆ ਸਕਦੇ ਹਨ। ਹਾਲਾਂਕਿ, ਜੇ ਲਾਕਰ ਕਿਸੇ ਇੱਕ ਵਿਅਕਤੀ ਦੇ ਨਾਮ 'ਤੇ ਹੈ, ਤਾਂ ਉਸ ਨੂੰ ਆਪਣੀ ਥਾਂ 'ਤੇ ਕਿਸੇ ਹੋਰ ਵਿਅਕਤੀ ਨੂੰ ਨੋਮਿਨੀ (ਨਾਮਜ਼ਦ ਵਿਅਕਤੀ) ਵਜੋਂ ਜ਼ਰੂਰ ਰੱਖਣਾ ਹੋਵੇਗਾ।"
"ਜੇ ਕੋਈ ਵਿਅਕਤੀ ਆਪਣੇ ਨਾਮ 'ਤੇ ਲਾਕਰ ਰੱਖਣਾ ਚਾਹੁੰਦਾ ਹੈ, ਤਾਂ ਉਸ ਨੂੰ ਇੱਕ ਨੋਮਿਨੀ ਨਿਯੁਕਤ ਕਰਨਾ ਹੋਵੇਗਾ। ਇਹ ਜ਼ਰੂਰੀ ਨਹੀਂ ਕਿ ਉਹ ਵਿਅਕਤੀ ਪਤੀ ਜਾਂ ਪਤਨੀ ਹੋਵੇ ਜਾਂ ਖ਼ੂਨ ਦਾ ਰਿਸ਼ਤੇਦਾਰ ਹੋਵੇ। ਉਹ ਕੋਈ ਅਜਿਹਾ ਵਿਅਕਤੀ ਵੀ ਹੋ ਸਕਦਾ ਹੈ ਜਿਸ 'ਤੇ ਲਾਕਰ ਰੱਖਣ ਵਾਲੇ ਨੂੰ ਭਰੋਸਾ ਹੋਵੇ। ਪਰ ਲਾਕਰ ਹੋਲਡਰ ਦੀ ਮੌਤ ਤੋਂ ਬਾਅਦ ਹੀ ਲਾਕਰ ਅਤੇ ਉਸ ਵਿੱਚ ਰੱਖੇ ਗਹਿਣੇ ਜਾਂ ਹੋਰ ਸਮਾਨ ਨੋਮਿਨੀ ਨੂੰ ਸੌਂਪਿਆ ਜਾਵੇਗਾ।"
ਸਟੇਟ ਬੈਂਕ ਆਫ਼ ਇੰਡੀਆ ਦੇ ਅਧਿਕਾਰੀ ਨੇ ਦੱਸਿਆ, "ਆਮ ਤੌਰ 'ਤੇ, ਲਾਕਰ ਹੋਲਡਰ ਕੋਲ ਇੱਕ ਚਾਬੀ ਹੁੰਦੀ ਹੈ ਅਤੇ ਇਸ ਨੂੰ ਸੰਭਾਲਣ ਵਾਲੇ ਬੈਂਕ ਅਧਿਕਾਰੀ ਕੋਲ ਇੱਕ ਚਾਬੀ ਹੁੰਦੀ ਹੈ। ਲਾਕਰ ਉਦੋਂ ਹੀ ਖੋਲ੍ਹਿਆ ਜਾ ਸਕਦਾ ਹੈ ਜਦੋਂ ਦੋਵੇਂ ਚਾਬੀਆਂ ਦਾ ਇਕੱਠੇ ਇਸਤੇਮਾਲ ਕੀਤਾ ਜਾਵੇ। ਇਸ ਨੂੰ ਇਨ੍ਹਾਂ ਦੋਵਾਂ ਵਿੱਚੋਂ ਸਿਰਫ਼ ਇੱਕ ਚਾਬੀ ਨਾਲ ਨਹੀਂ ਖੋਲ੍ਹਿਆ ਜਾ ਸਕਦਾ।"

ਮੁਰੂਗੇਸਨ ਦੁਆਰਾ ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਮੁੱਖ ਇਲਜ਼ਾਮ ਇਹ ਹੈ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਕੋਇੰਬਟੂਰ ਵਿੱਚ ਉਨ੍ਹਾਂ ਦੇ ਨਾਮ 'ਤੇ ਮੌਜੂਦ ਲਾਕਰ ਵਿੱਚ ਰੱਖੇ ਗਹਿਣੇ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਦੇ ਨੋਮਿਨੀ (ਨਾਮਜ਼ਦ ਵਿਅਕਤੀ) ਨਾਲ ਸਲਾਹ ਕੀਤੇ ਬਿਨਾਂ ਹੋਰ ਲੋਕਾਂ ਨੂੰ ਦੇ ਦਿੱਤੇ ਗਏ। ਹਾਲਾਂਕਿ, ਸੰਬੰਧਿਤ ਬੈਂਕ ਸ਼ਾਖਾ ਦੇ ਪ੍ਰਬੰਧਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਪੋਦਨੂਰ ਵਿੱਚ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਦੇ ਮੈਨੇਜਰ ਮਹੇਸ਼ਵਰਨ ਨੇ ਬੀਬੀਸੀ ਨੂੰ ਇਸ ਬਾਰੇ ਦੱਸਦਿਆਂ ਕਿਹਾ, "ਮੈਂ ਇੱਥੇ ਲੰਘੇ ਮਈ ਮਹੀਨੇ ਵਿੱਚ ਹੀ ਚਾਰਜ ਸੰਭਾਲਿਆ ਸੀ। ਪੁਲਿਸ ਪਹਿਲਾਂ ਹੀ ਪਿਛਲੇ ਸ਼ਾਖਾ ਮੈਨੇਜਰ ਅਤੇ ਇੱਥੋਂ ਦੇ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਗਿੱਛ ਕਰ ਚੁੱਕੀ ਹੈ। ਇਹ ਪੁਸ਼ਟੀ ਹੋ ਚੁੱਕੀ ਹੈ ਕਿ ਸ਼ਿਕਾਇਤ ਵਿੱਚ ਦੱਸੇ ਗਏ ਵਿਅਕਤੀ ਦੇ ਨਾਮ 'ਤੇ ਇੱਥੇ ਕਦੇ ਕੋਈ ਲਾਕਰ ਨਹੀਂ ਸੀ।"
ਬੈਂਕ ਸ਼ਾਖਾ ਮੈਨੇਜਰ ਮਹੇਸ਼ਵਰਨ ਨੇ ਕਿਹਾ, "ਜੇ ਲਾਕਰ ਕਿਸੇ ਇੱਕ ਵਿਅਕਤੀ ਦੇ ਨਾਮ 'ਤੇ ਹੈ, ਤਾਂ ਉਸ ਲਈ ਨੋਮਿਨੀ ਨਿਯੁਕਤ ਕਰਨਾ ਲਾਜ਼ਮੀ ਹੈ। ਜੇ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਵੀ ਲਾਕਰ ਉਸ ਦੇ ਨੋਮਿਨੀ ਨੂੰ ਹੀ ਸੌਂਪਿਆ ਜਾਵੇਗਾ। ਬੈਂਕ ਪ੍ਰਬੰਧਨ ਉਸੇ ਵਿਅਕਤੀ ਨੂੰ ਲਾਕਰ ਸੌਂਪੇਗਾ ਜਿਸ ਦਾ ਨਾਮ ਬੈਂਕ ਦੇ ਦਸਤਾਵੇਜ਼ਾਂ ਵਿੱਚ ਨੋਮਿਨੀ ਵਜੋਂ ਦਰਜ ਹੋਵੇਗਾ। ਬੈਂਕ ਦੇ ਨਿਯਮਾਂ ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਇਸ ਨੂੰ ਕਿਸੇ ਵਾਰਿਸ ਨੂੰ ਸੌਂਪਿਆ ਜਾਵੇ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















