'ਮੈਨੂੰ ਲੱਗਿਆ ਸੀ ਉਹ ਮਰ ਗਿਆ', ਕੋਇੰਬਟੂਰ ਤੋਂ 23 ਸਾਲ ਪਹਿਲਾਂ ਲਾਪਤਾ ਹੋਇਆ ਪੁੱਤ ਜਦੋਂ ਮਾਂ ਨੂੰ ਪੰਜਾਬ 'ਚ ਮਿਲਿਆ

ਪ੍ਰਕਾਸ਼ਮ ਅਤੇ ਉਸ ਦੀਮਾਂ ਸੁੰਦਰੀ
ਤਸਵੀਰ ਕੈਪਸ਼ਨ, ਸੁੰਦਰੀ ਆਪਣੇ ਪੁੱਤਰ ਪ੍ਰਕਾਸ਼ਮ ਨੂੰ 23 ਸਾਲ ਬਾਅਦ ਮਿਲੇ ਹਨ
    • ਲੇਖਕ, ਜ਼ੇਵੀਅਰ ਸੇਲਵਾਕੁਮਾਰ ਅਤੇ ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਚੇਤਾਵਨੀ: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਪਰੇਸ਼ਾਨ ਕਰ ਸਕਦੀ ਹੈ।

"ਮੈਂ ਸਾਲਾਂ ਤੱਕ ਰੋਂਦੀ ਰਹੀ, ਆਪਣੇ ਪੁੱਤਰ ਨੂੰ ਲੱਭਦੀ ਰਹੀ। ਜਿਸ ਰੱਬ ਦੀ ਮੈਂ ਪੂਜਾ ਕਰਦੀ ਸੀ, ਉਸ ਨੇ ਹੀ ਉਸ ਨੂੰ ਬਚਾਇਆ। ਪਰ ਜਦੋਂ ਮੈਂ ਉਸ ਦੀਆਂ ਉਹ ਤਸਵੀਰਾਂ ਦੇਖੀਆਂ, ਜਿਨ੍ਹਾਂ ਵਿੱਚ ਉਸ ਦੇ ਪੈਰਾਂ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਉਸ 'ਤੇ ਤਸ਼ੱਦਦ ਕੀਤਾ ਗਿਆ ਸੀ, ਤਾਂ ਮੈਂ ਨਾ ਖਾ ਸਕੀ ਅਤੇ ਨਾ ਹੀ ਸੌਂ ਸਕੀ। ਹੁਣ 23 ਸਾਲਾਂ ਬਾਅਦ ਉਸ ਨੂੰ ਦੇਖ ਕੇ ਮੈਂ ਖੁਸ਼ ਹਾਂ।"

ਇਹ ਸ਼ਬਦ ਸੁੰਦਰੀ ਨੇ 25 ਜੁਲਾਈ ਦੀ ਸਵੇਰ ਕੋਇੰਬਟੂਰ ਰੇਲਵੇ ਜੰਕਸ਼ਨ 'ਤੇ ਬੀਬੀਸੀ ਨਾਲ ਸਾਂਝੇ ਕੀਤੇ। ਉਹ ਟ੍ਰੇਨ ਰਾਹੀਂ ਪੰਜਾਬ ਰਵਾਨਾ ਹੋ ਰਹੇ ਸਨ ਤਾਂ ਜੋ ਆਪਣੇ ਉਸ ਪੁੱਤਰ ਨੂੰ ਅਧਿਕਾਰਕ ਤੌਰ 'ਤੇ ਵਾਪਸ ਲੈ ਸਕੇ, ਜਿਸ ਨੂੰ ਕਈ ਸਾਲਾਂ ਤੱਕ ਪੰਜਾਬ ਸੂਬੇ ਵਿੱਚ ਪਾਕਿਸਤਾਨੀ ਸਰਹੱਦ ਨੇੜੇ ਰੱਖਿਆ ਗਿਆ ਸੀ।

ਸੁੰਦਰੀ ਦਾ ਸਫ਼ਰ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਆਪਣੇ ਪੁੱਤਰ ਨੂੰ ਲੱਭਣ ਵਿੱਚ ਮਦਦ ਕਰਨ ਵਾਲੇ ਮੁਥੈਆ ਦੀ ਸਹਾਇਤਾ ਨਾਲ ਟ੍ਰੇਨ ਰਾਹੀਂ ਪੰਜਾਬ ਪਹੁੰਚੇ ਸੁੰਦਰੀ ਨੇ 28 ਜੁਲਾਈ ਨੂੰ 23 ਸਾਲਾਂ ਬਾਅਦ ਆਪਣੇ ਪੁੱਤਰ ਨੂੰ ਦੇਖਿਆ। ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਉਸ ਨੂੰ ਖਾਣਾ ਖਵਾਇਆ।

ਵਿਰੁਧੁਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਸੁੰਦਰੀ ਅਤੇ ਉਨ੍ਹਾਂ ਦੇ ਪਤੀ ਰਾਮਾਮੂਰਤੀ 40 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਆਪਣੇ ਦੋ ਪੁੱਤਰਾਂ ਨਾਲ ਕੋਇੰਬਟੂਰ ਆਏ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕੌਂਡਮਪਾਲਯਮ ਦੇ ਏਰੂਕੰਪੇਨੀ ਇਲਾਕੇ ਵਿੱਚ ਰਹਿਣਾ ਸ਼ੁਰੂ ਕੀਤਾ।

ਸੁੰਦਰੀ ਵੱਲੋਂ ਬੀਬੀਸੀ ਨਾਲ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਵੱਡਾ ਪੁੱਤਰ ਪ੍ਰਕਾਸ਼ਮ ਚੌਥੀ ਜਮਾਤ ਤੋਂ ਅੱਗੇ ਨਹੀਂ ਪੜ੍ਹ ਸਕਿਆ ਸੀ। ਸਾਲ 2003 ਵਿੱਚ ਜਦੋਂ ਉਹ 16 ਸਾਲ ਦਾ ਹੋਇਆ ਤਾਂ ਦੋ ਪਹੀਆ ਵਾਹਨ ਕੌਣ ਚਲਾਏਗਾ, ਇਸ ਗੱਲ ਨੂੰ ਲੈ ਕੇ ਆਪਣੇ ਛੋਟੇ ਭਰਾ ਨਾਲ ਹੋਈ ਲੜਾਈ ਤੋਂ ਬਾਅਦ ਉਹ ਗੁੱਸੇ ਵਿੱਚ ਘਰ ਛੱਡ ਕੇ ਚਲਾ ਗਿਆ।

ਪਰਿਵਾਰ ਨੇ ਉਸ ਨੂੰ ਕਈ ਥਾਵਾਂ 'ਤੇ ਲੱਭਿਆ, ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ, ਪਰ ਕੋਈ ਨਤੀਜਾ ਨਹੀਂ ਨਿਕਲਿਆ।

ਕੁਝ ਸਾਲਾਂ ਬਾਅਦ ਉਹ ਨੀਲੰਬੂਰ ਦੇ ਅਚਾਨਕੁਲਮ ਚਲੇ ਗਏ। ਬਿਜਲੀ ਸਹਾਇਕ ਅਤੇ ਚੌਕੀਦਾਰ ਵਜੋਂ ਕੰਮ ਕਰਨ ਵਾਲੇ ਰਾਮਾਮੂਰਤੀ ਦੀ 2021 ਵਿੱਚ ਕੈਂਸਰ ਕਾਰਨ ਮੌਤ ਹੋ ਗਈ। ਸੁੰਦਰੀ ਅਤੇ ਉਸ ਦਾ ਛੋਟਾ ਪੁੱਤਰ ਪ੍ਰਭੂ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਨ ਅਤੇ ਠੇਕੇ ਦੀ ਜ਼ਮੀਨ ਉੱਤੇ ਖੇਤੀ ਕਰਦੇ ਹਨ। ਉਹ ਗਾਵਾਂ ਪਾਲਦੇ ਹਨ ਅਤੇ ਕਿਰਾਏ ਦੀ ਜ਼ਮੀਨ 'ਤੇ ਸਬਜ਼ੀਆਂ ਉਗਾਉਂਦੇ ਹਨ।

ਪ੍ਰਕਾਸ਼ਮ

ਤਸਵੀਰ ਸਰੋਤ, Handout

ਤਸਵੀਰ ਕੈਪਸ਼ਨ, ਪੰਜਾਬ ਵਿੱਚ ਪ੍ਰਕਾਸ਼ਮ ਕਿਸੇ ਦੇ ਘਰ ਵਿੱਚ ਮਵੇਸ਼ੀ ਸਾਂਭਣ ਦਾ ਕੰਮ ਕਰਦਾ ਸੀ

ਪੰਜਾਬ 'ਚ 15 ਸਾਲ ਤੋਂ ਵੱਧ ਸਮੇਂ ਤੱਕ ਕਿਹੋ ਜਿਹੀ ਜ਼ਿੰਦਗੀ ਬਿਤਾਈ

ਜੂਨ ਦੇ ਅਖੀਰ ਵਿੱਚ ਤਿਰੁਪੁਰ ਦੇ ਪੱਤਰਕਾਰ ਮੁਥੈਆ, ਜੋ ਸੁੰਦਰੀ ਦੇ ਪੁੱਤਰ ਨੂੰ ਲੱਭ ਰਹੇ ਸਨ, ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਕਾਸ਼ਮ ਪੰਜਾਬ ਦੇ ਇੱਕ ਆਸ਼ਰਮ ਵਿੱਚ ਹੈ। ਉਨ੍ਹਾਂ ਨੇ ਸੁੰਦਰੀ ਨੂੰ ਉਸ ਦੀ ਤਸਵੀਰ ਦਿਖਾਈ ਅਤੇ ਫੋਨ ਤੇ ਵੀਡੀਓ ਕਾਲ ਰਾਹੀਂ ਗੱਲ ਕਰਵਾਈ। ਇਸ ਤੋਂ ਬਾਅਦ ਹੀ ਸੁੰਦਰੀ ਨੂੰ ਪਤਾ ਲੱਗਿਆ ਕਿ ਉਸ ਦਾ ਪੁੱਤਰ ਜ਼ਿੰਦਾ ਹੈ।

ਪ੍ਰਕਾਸ਼ਮ ਨੂੰ ਬਚਾਉਣ ਵਾਲੀ ਸੰਸਥਾ ਮੁਤਾਬਕ, ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਕਸਬੇ ਅਜਨਾਲਾ ਵਿੱਚ ਇੱਕ ਖੇਤ 'ਤੇ 15 ਸਾਲ ਤੋਂ ਵੱਧ ਸਮੇਂ ਤੱਕ ਬੰਧੂਆ ਵਜੋਂ ਰੱਖਿਆ ਗਿਆ ਸੀ।

ਪਟਿਆਲਾ ਦੀ ਇੱਕ ਗ਼ੈਰ-ਸਰਕਾਰੀ ਸੰਸਥਾ 'ਅਪਨਾ ਫ਼ਰਜ਼ ਸੇਵਾ ਸੁਸਾਇਟੀ' ਨੇ 2022 ਵਿੱਚ ਉਸ ਨੂੰ ਉੱਥੋਂ ਛੁਡਾਇਆ ਅਤੇ ਇੱਕ ਸੁਰੱਖਿਅਤ ਆਸ਼ਰਮ ਵਿੱਚ ਰੱਖਿਆ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਸੰਸਥਾ ਨੇ ਦੱਸਿਆ ਕਿ ਪ੍ਰਕਾਸ਼ਮ ਨੂੰ ਉੱਥੇ 15 ਸਾਲ ਤੋਂ ਵੱਧ ਸਮੇਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ।

ਪਸ਼ੂਆਂ ਦੀ ਦੇਖਭਾਲ ਅਤੇ ਚਰਵਾਹੇ ਦਾ ਕੰਮ ਕਰਵਾਉਣ ਦੇ ਬਾਵਜੂਦ ਉਸ ਨੂੰ ਲੋੜੀਂਦਾ ਖਾਣਾ, ਕੱਪੜੇ, ਰਹਿਣ ਲਈ ਥਾਂ ਜਾਂ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਸੀ। ਰਾਤ ਨੂੰ ਉਸ ਨੂੰ ਲੋਹੇ ਦੇ ਪਲੰਗ ਨਾਲ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਜੋ ਉਹ ਭੱਜ ਨਾ ਸਕੇ।

ਸੰਸਥਾ ਨੇ ਉਸ ਨਾਲ ਕੀਤੀ ਗਈ ਕੁੱਟਮਾਰ ਅਤੇ ਤਸ਼ੱਦਦ ਬਾਰੇ ਵੀ ਦੱਸਿਆ ਅਤੇ ਉਸ ਸਮੇਂ ਪ੍ਰਕਾਸ਼ਮ ਦੀ ਹਾਲਤ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਏ। ਇਹ ਤਸਵੀਰਾਂ ਅਤੇ ਵੀਡੀਓ ਮੁਥੈਆ ਰਾਹੀਂ ਪੰਜਾਬੀ ਵਿਅਕਤੀ ਸੁਭਾਸ਼ ਚੰਦਰ ਨੇ ਬੀਬੀਸੀ ਤਮਿਲ ਨਾਲ ਸਾਂਝੇ ਕੀਤੇ।

ਪ੍ਰਕਾਸ਼ਮ ਅਤੇ ਸੁੰਦਰੀ

ਤਸਵੀਰ ਸਰੋਤ, handouts

ਤਸਵੀਰ ਕੈਪਸ਼ਨ, ਪ੍ਰਕਾਸ਼ਮ ਆਪਣੀ ਮਾਂ ਸੁੰਦਰੀ ਨਾਲ ਚੰਡੀਗੜ੍ਹ ਤੋਂ ਰਵਾਨਾ ਹੁੰਦੇ ਹੋਏ

ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਕੱਤਰ ਸੁਭਾਸ਼ ਚੰਦਰ ਨੇ 2023 ਵਿੱਚ ਰਿਕਾਰਡਾਂ ਦੀ ਜਾਂਚ ਅਤੇ ਸਲਾਹ-ਮਸ਼ਵਰੇ ਦੌਰਾਨ ਪ੍ਰਕਾਸ਼ਮ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਪ੍ਰਕਾਸ਼ਮ ਸਿਰਫ਼ ਕੁਝ ਸ਼ਬਦ ਹੀ ਬੋਲ ਸਕਦਾ ਸੀ। ਉਸ ਨੇ ਆਪਣਾ ਸੂਬਾ ਤਮਿਲਨਾਡੂ ਦੱਸਿਆ ਸੀ, ਪਰ ਆਪਣੇ ਜੱਦੀ ਪਿੰਡ ਬਾਰੇ ਉਹ ਕਦੇ ਮੁੰਬਈ ਅਤੇ ਕਦੇ ਹੋਰ ਥਾਵਾਂ ਦੇ ਨਾਮ ਦੱਸਦਾ ਰਿਹਾ।

ਇਸ ਕਾਰਨ ਇਹ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਕਿ ਉਹ ਅਸਲ ਵਿੱਚ ਕਿੱਥੋਂ ਦਾ ਰਹਿਣ ਵਾਲਾ ਹੈ। ਸਰੀਰਕ ਅਤੇ ਮਾਨਸਿਕ ਇਲਾਜ ਮਿਲਣ ਤੋਂ ਬਾਅਦ ਜਦੋਂ ਪ੍ਰਕਾਸ਼ਮ ਥੋੜ੍ਹਾ-ਥੋੜ੍ਹਾ ਬੋਲਣ ਲੱਗਾ ਤਾਂ ਉਸ ਨੇ ਦੱਸਿਆ ਕਿ ਉਸ ਦਾ ਘਰ ਕੋਇੰਬਟੂਰ ਹੈ।

ਇਸ ਤੋਂ ਬਾਅਦ ਸੁਭਾਸ਼ ਨੇ ਚੇੱਨਈ ਵਿੱਚ ਕੰਮ ਕਰਨ ਵਾਲੇ ਆਪਣੇ ਦੋਸਤ ਬਾਲਾਕਿਸ਼ਨ ਨੂੰ ਪ੍ਰਕਾਸ਼ਮ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦੇ ਪਰਿਵਾਰ ਨੂੰ ਲੱਭਣ ਵਿੱਚ ਮਦਦ ਮੰਗੀ।

ਬਾਲਾਕਿਸ਼ਨ ਨੇ ਇਸ ਬਾਰੇ ਤਿਰੁਪੁਰ ਦੇ ਪੱਲਾਡਮ ਵਿੱਚ ਰਹਿਣ ਵਾਲੇ ਆਪਣੇ ਭਰਾ ਮੁਥੈਆ ਨੂੰ ਦੱਸਿਆ। ਮੁਥੈਆ, ਜੋ ਇੱਕ ਸਥਾਨਕ ਅਖ਼ਬਾਰ ਵਿੱਚ ਰਿਪੋਰਟਰ ਵਜੋਂ ਕੰਮ ਕਰਦੇ ਹਨ, ਨੇ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਖ਼ੁਦ ਏਰੂਕੰਪੇਨੀ ਇਲਾਕੇ ਵਿੱਚ ਜਾ ਕੇ ਜਾਂਚ ਕੀਤੀ, ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ।

ਕੁਝ ਮਹੀਨਿਆਂ ਬਾਅਦ ਪ੍ਰਕਾਸ਼ਮ ਨੇ ਦੱਸਿਆ ਕਿ ਉਸ ਦਾ ਪਿੰਡ ਅਰੁੱਪੁਕੋਟਈ ਦੇ ਨੇੜੇ ਪੂਮਲੈਪੱਟੀ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਮੁਥੈਆ ਨੇ ਕਈ ਮਹੀਨਿਆਂ ਤੱਕ ਲੋਕਾਂ ਤੋਂ ਪੁੱਛਗਿੱਛ ਕੀਤੀ। ਪਿਛਲੇ ਮਹੀਨੇ (ਜੂਨ) ਉਹ ਪੂਮਲੈਪੱਟੀ ਵਿੱਚ ਵਾਸੁਕੀ ਨੂੰ ਮਿਲੇ।

ਮਾਂ ਸੁੰਦਰੀ ਅਤੇ ਪ੍ਰਕਾਸ਼ਮ
ਤਸਵੀਰ ਕੈਪਸ਼ਨ, ਸੁੰਦਰੀ ਨੇ ਕਿਹਾ ਜਦੋਂ ਪੁੱਤਰ ਮਿਲਿਆ ਤਾਂ ਉਹ ਉਨ੍ਹਾਂ ਦੇ ਪੈਰਾਂ ਵਿੱਚ ਡਿੱਗ ਗਿਆ

ਵਾਸੁਕੀ, ਜੋ ਸੁੰਦਰੀ ਦੀ ਭਤੀਜੀ ਹੈ, ਨੇ ਦਾਅਵਾ ਕੀਤਾ ਕਿ ਪ੍ਰਕਾਸ਼ਮ ਉਸ ਦਾ ਭਰਾ ਹੈ ਅਤੇ ਉਸ ਨੇ ਸੁੰਦਰੀ ਬਾਰੇ ਜਾਣਕਾਰੀ ਦਿੱਤੀ। ਤਿੰਨ ਸਾਲ ਦੀ ਭਾਲ ਤੋਂ ਬਾਅਦ ਮੁਥੈਆ ਪਿਛਲੇ ਮਹੀਨੇ ਸੁੰਦਰੀ ਨੂੰ ਮਿਲੇ ਅਤੇ ਪ੍ਰਕਾਸ਼ਮ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਮੁਥੈਆ, ਪ੍ਰਕਾਸ਼ਮ ਦਾ ਛੋਟਾ ਭਰਾ ਅਤੇ ਉਨ੍ਹਾਂ ਦਾ ਗੁਆਂਢੀ ਸੁੰਦਰਲਿੰਗਮ, ਪ੍ਰਕਾਸ਼ਮ ਨੂੰ ਖ਼ੁਦ ਮਿਲਣ ਲਈ ਪੰਜਾਬ ਦੇ ਪਟਿਆਲਾ ਸਥਿਤ ਅਪਨਾ ਫ਼ਰਜ਼ ਸੇਵਾ ਸੁਸਾਇਟੀ ਗਏ। ਪਰ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਪ੍ਰਕਾਸ਼ਮ ਨੂੰ ਸਿਰਫ਼ ਉਸ ਦੀ ਮਾਂ ਦੇ ਢੁਕਵੇਂ ਦਸਤਾਵੇਜ਼ਾਂ ਨਾਲ ਹੀ ਸੌਂਪ ਸਕਦੇ ਹਨ।

ਸੁੰਦਰੀ ਕੋਲ 2005 ਦੇ ਪਰਿਵਾਰਕ ਰਾਸ਼ਨ ਕਾਰਡ ਤੋਂ ਇਲਾਵਾ ਕੋਈ ਹੋਰ ਦਸਤਾਵੇਜ਼ ਨਹੀਂ ਸੀ, ਜਿਸ ਵਿੱਚ ਪ੍ਰਕਾਸ਼ਮ ਦਾ ਨਾਮ ਦਰਜ ਸੀ। ਇਸ ਲਈ ਸੁੰਦਰੀ ਨੇ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਵਿੱਚ ਮਦਦ ਲਈ ਕੋਇੰਬਟੂਰ ਦੇ ਜ਼ਿਲ੍ਹਾ ਕਲੈਕਟਰ ਕੋਲ ਅਰਜ਼ੀ ਦਿੱਤੀ।

ਅਰਜ਼ੀ ਪੜ੍ਹਨ ਤੋਂ ਬਾਅਦ ਕੋਇੰਬਟੂਰ ਦੇ ਜ਼ਿਲ੍ਹਾ ਕਲੈਕਟਰ ਪਵਨ ਕੁਮਾਰ ਕਿਰਿਆੱਪਨਾਵਰ ਨੇ ਤੁਰੰਤ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪ੍ਰਕਾਸ਼ਮ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਲੱਭਣ ਦੇ ਹੁਕਮ ਦਿੱਤੇ।

ਛੋਟੇ ਪੁੱਤਰ ਪ੍ਰਭੂ ਨਾਲ ਉਸ ਦੀ ਮਾਂ ਸੁੰਦਰੀ
ਤਸਵੀਰ ਕੈਪਸ਼ਨ, ਛੋਟੇ ਪੁੱਤਰ ਪ੍ਰਭੂ ਨਾਲ ਸੁੰਦਰੀ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਨ

'ਮੇਰਾ ਪੁੱਤਰ ਮੇਰੇ ਪੈਰਾਂ 'ਤੇ ਡਿੱਗ ਪਿਆ ਅਤੇ ਮੈਨੂੰ ਗਲੇ ਲਗਾ ਲਿਆ'

ਪ੍ਰਕਾਸ਼ਮ ਦੇ ਸਕੂਲ ਅਤੇ ਵਿਰੁਧੁਨਗਰ ਜ਼ਿਲ੍ਹੇ ਤੋਂ ਸਿਰਫ਼ ਦੋ ਦਿਨਾਂ ਵਿੱਚ ਕੁਝ ਦਸਤਾਵੇਜ਼ ਇਕੱਠੇ ਕੀਤੇ ਗਏ। ਕੋਇੰਬਟੂਰ ਦੇ ਕਲੈਕਟਰ ਪਵਨ ਕੁਮਾਰ ਨੇ ਇਹ ਦਸਤਾਵੇਜ਼ ਤਿਆਰ ਕਰਕੇ ਇੱਕ ਪੱਤਰ ਰਾਹੀਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਭੇਜੇ।

ਪੱਤਰ ਵਿੱਚ ਉਨ੍ਹਾਂ ਨੇ ਦੱਸਿਆ ਕਿ ਤਮਿਲਨਾਡੂ ਸਰਕਾਰ ਦੇ ਅਧਿਕਾਰੀਆਂ ਦੀ ਜਾਂਚ ਤੋਂ ਇਹ ਪੁਸ਼ਟੀ ਹੋ ਗਈ ਹੈ ਕਿ ਪ੍ਰਕਾਸ਼ਮ ਸੁੰਦਰੀ ਦਾ ਪੁੱਤਰ ਹੈ ਅਤੇ ਉਸ ਨੂੰ ਉਸ ਦੀ ਮਾਂ ਦੇ ਹਵਾਲੇ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਅਨੁਸਾਰ ਪ੍ਰਕਾਸ਼ਮ ਨੂੰ, ਜੋ ਬੰਧੂਆ ਮਜ਼ਦੂਰੀ ਵਰਗੀ ਸਥਿਤੀ ਵਿੱਚ ਰਿਹਾ, ਬਣਦਾ ਮੁਆਵਜ਼ਾ ਦਿਵਾਉਣ ਲਈ ਕਾਰਵਾਈ ਕੀਤੀ ਜਾਵੇ।

ਇਸ ਪੱਤਰ ਦੇ ਨਾਲ ਮੁਥੈਆ ਸੁੰਦਰੀ ਨੂੰ ਲੈ ਕੇ ਟ੍ਰੇਨ ਰਾਹੀਂ ਪੰਜਾਬ ਪਹੁੰਚੇ। ਉੱਥੇ ਉਨ੍ਹਾਂ ਦੀ ਮਦਦ ਚੰਡੀਗੜ੍ਹ ਤਮਿਲ ਸੰਗਮ ਦੇ ਜਨਰਲ ਸਕੱਤਰ ਰਾਜਸ਼ੇਖਰ ਸਮੇਤ ਹੋਰ ਲੋਕਾਂ ਨੇ ਕੀਤੀ।

28 ਜੁਲਾਈ ਨੂੰ ਸਾਰੇ ਲੋਕ ਪਟਿਆਲਾ ਸਥਿਤ ਅਪਨਾ ਫ਼ਰਜ਼ ਸੇਵਾ ਸੁਸਾਇਟੀ ਪਹੁੰਚੇ।

ਉੱਥੇ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਨੇ ਪ੍ਰਕਾਸ਼ਮ ਨੂੰ ਅਧਿਕਾਰਕ ਤੌਰ 'ਤੇ ਸੌਂਪਣ ਲਈ ਦਸਤਾਵੇਜ਼ਾਂ 'ਤੇ ਦਸਤਖ਼ਤ ਕੀਤੇ। 23 ਸਾਲਾਂ ਬਾਅਦ ਮਾਂ ਅਤੇ ਪੁੱਤਰ ਦੀ ਮੁਲਾਕਾਤ ਦਾ ਭਾਵੁਕ ਪਲ ਸਾਹਮਣੇ ਆਇਆ।

ਪ੍ਰਕਾਸ਼ਮ ਨੂੰ ਸਿਰ 'ਤੇ ਸਿੱਖ ਪੱਗ ਬੰਨ੍ਹੀ ਹੋਈ ਲਿਆਂਦਾ ਗਿਆ।

ਉਸ ਨੂੰ ਦੇਖਦੇ ਹੀ ਸੁੰਦਰੀ ਨੇ ਉਸ ਨੂੰ ਗਲੇ ਲਗਾ ਲਿਆ ਅਤੇ ਰੋਂਦਿਆਂ ਕਿਹਾ, "ਤੂੰ ਇੱਥੇ ਕਿਉਂ ਆ ਗਿਆ ਸੀ... ਤੂੰ ਸਾਨੂੰ ਇੰਨੇ ਸਾਲ ਕਿਉਂ ਰਵਾਇਆ? ਜਿਸ ਰੱਬ ਦੀ ਮੈਂ ਪੂਜਾ ਕਰਦੀ ਹਾਂ, ਉਸ ਨੇ ਹੀ ਤੈਨੂੰ ਸਾਡੇ ਕੋਲ ਵਾਪਸ ਲਿਆਂਦਾ ਹੈ... ਨਹੀਂ ਤਾਂ ਤੂੰ ਇੱਥੇ ਹੀ ਰਹਿ ਜਾਂਦਾ ਅਤੇ ਮੈਂ ਤੈਨੂੰ ਕਦੇ ਨਹੀਂ ਦੇਖ ਸਕਦੀ ਸੀ।"

ਇਹ ਕਹਿੰਦੇ ਹੋਏ ਸੁੰਦਰੀ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਰਹੇ ਸਨ।

ਪ੍ਰਕਾਸ਼ਮ, ਜੋ ਆਪਣੀ ਮਾਂ ਨੂੰ ਵੇਖ ਕੇ ਕੁਝ ਵੀ ਨਹੀਂ ਬੋਲ ਸਕਿਆ, ਮਾਂ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਉਸ ਨੂੰ ਗਲੇ ਲਗਾ ਲਿਆ। ਸੁੰਦਰੀ ਨੇ ਆਪਣੇ ਪੁੱਤਰ ਨੂੰ ਬਚਾਉਣ ਵਾਲੀ ਸੇਵਾ ਸੰਸਥਾ ਦੇ ਮੈਂਬਰਾਂ ਅੱਗੇ ਸਿਰ ਝੁਕਾਇਆ ਅਤੇ ਕਿਹਾ, "ਤੁਸੀਂ ਸਾਡੇ ਲਈ ਰੱਬ ਵਰਗੇ ਹੋ।"

ਜਦੋਂ ਉੱਥੇ ਖਾਣਾ ਪਰੋਸਿਆ ਗਿਆ ਤਾਂ ਸੁੰਦਰੀ ਕਈ ਸਾਲਾਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆ ਕੇ ਬਹੁਤ ਖੁਸ਼ ਹੋਈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਉਸ ਨੂੰ ਬਚਪਨ ਵਿੱਚ ਖੁਆਉਂਦੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਲੈ ਕੇ ਗਏ, ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕੀਤੀ। ਉੱਥੇ ਵਿਛੜੀ ਹੋਈ ਮਾਂ ਅਤੇ ਪੁੱਤਰ ਨਾਲ ਗੱਲਬਾਤ ਕੀਤੀ ਗਈ।

ਸੁੰਦਰੀ ਅਤੇ ਪ੍ਰਕਾਸ਼ਮ
ਤਸਵੀਰ ਕੈਪਸ਼ਨ, ਜਦੋਂ ਮਾਂ ਆਪਣੇ ਪੁੱਤਰ ਨੂੰ ਮਿਲੀ ਤਾਂ ਉਸ ਨੇ ਆਪਣੇ ਹੱਥਾਂ ਨਾਲ ਰੋਟੀ ਖਵਾਈ

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ, "ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਤਾਮਿਲਨਾਡੂ ਦੇ ਰਹਿਣ ਵਾਲੇ ਪ੍ਰਕਾਸ਼ਮ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ ਹੈ।"

"ਹਾਲ ਹੀ ਵਿੱਚ ਪਤਾ ਲੱਗਾ ਕਿ ਉਹ 23 ਸਾਲ ਪਹਿਲਾਂ ਆਪਣੇ ਘਰ ਤੋਂ ਲਾਪਤਾ ਹੋ ਗਿਆ ਸੀ ਅਤੇ ਕਿਸੇ ਤਰ੍ਹਾਂ ਪੰਜਾਬ ਪਹੁੰਚ ਗਿਆ ਸੀ।"

ਉਨ੍ਹਾਂ ਕਿਹਾ, "ਜਾਣਕਾਰੀ ਮਿਲੀ ਹੈ ਕਿ ਉਸ ਨੂੰ ਬੰਧੂਆ ਮਜ਼ਦੂਰੀ ਲਈ ਰੱਖਿਆ ਗਿਆ ਸੀ। ਮੈਂ ਕਿਰਤ ਭਲਾਈ ਵਿਭਾਗ ਅਤੇ ਸਮਾਜਿਕ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਪੀੜਤ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਮਿਲੇ ਅਤੇ ਉਸ ਨੂੰ ਬੰਧੂਆ ਬਣਾ ਕੇ ਰੱਖਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।"

ਮਾਂ-ਪੁੱਤਰ ਦੇ ਮਿਲਾਪ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਿਆਣਾ ਵਿਧਾਨ ਸਭਾ ਦੇ ਸੇਵਾਮੁਕਤ ਸਕੱਤਰ ਸੁਭਾਸ਼ ਚੰਦਰ ਨੇ ਕਿਹਾ, "ਮੈਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰ ਰਹੀਆਂ 22 ਐੱਨਜੀਓਜ਼ ਨਾਲ ਜੁੜਿਆ ਹੋਇਆ ਹਾਂ। ਇਨ੍ਹਾਂ ਸੰਸਥਾਵਾਂ ਰਾਹੀਂ ਅਸੀਂ ਬਚਾਏ ਗਏ ਅਣਪਛਾਤੇ ਅਤੇ ਬੇਸਹਾਰਾ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦਾ ਕੰਮ ਕਰਦੇ ਹਾਂ।"

ਸੁਭਾਸ਼ ਚੰਦਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਪ੍ਰਕਾਸ਼ਮ ਮਈ 2022 ਵਿੱਚ ਇਸ ਆਸ਼ਰਮ ਵਿੱਚ ਆਇਆ ਸੀ। ਉਸ ਸਮੇਂ ਉਹ ਸਿਰਫ਼ ਦੋ-ਤਿੰਨ ਸ਼ਬਦ ਹੀ ਬੋਲ ਸਕਦਾ ਸੀ। ਉਹ ਮੇਰੇ ਵੱਲੋਂ ਬੋਲੇ ਗਏ ਸ਼ਬਦਾਂ ਨੂੰ ਦੁਹਰਾਉਂਦਾ ਸੀ।"

"ਪਿਛਲੇ ਤਿੰਨ ਸਾਲਾਂ ਤੋਂ ਮੈਂ ਉਸ ਤੋਂ ਉਸ ਦੇ ਪਰਿਵਾਰ ਬਾਰੇ ਪੁੱਛਦਾ ਰਿਹਾ। ਇਸ ਸਾਲ ਮਈ ਵਿੱਚ ਉਸ ਨੇ 'ਅਰੁੱਪੁਕੋਟਾਈ', 'ਪੂਮਲੈਪੱਟੀ' ਅਤੇ 'ਆਨਾਈਕੁਲਮ' ਵਰਗੇ ਸ਼ਬਦ ਬੋਲੇ।"

ਜਦੋਂ ਸੁਭਾਸ਼ ਚੰਦਰ ਨੇ ਗੂਗਲ 'ਤੇ ਪ੍ਰਕਾਸ਼ਮ ਵੱਲੋਂ ਦੱਸੇ ਗਏ ਸਥਾਨਾਂ ਦੀ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਸਾਰੇ ਥਾਂ ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਵਿੱਚ ਹਨ। ਜਦੋਂ ਉਨ੍ਹਾਂ ਨੇ ਪ੍ਰਕਾਸ਼ਮ ਨੂੰ ਵਿਰੁਧੁਨਗਰ ਬਾਰੇ ਦੱਸਿਆ ਤਾਂ ਉਸ ਨੇ ਸਹਿਮਤੀ ਵਿੱਚ ਸਿਰ ਹਿਲਾਇਆ।

ਇਸ ਤੋਂ ਬਾਅਦ ਸੁਭਾਸ਼ ਚੰਦਰ ਨੇ ਆਪਣੇ ਦੋਸਤ ਰਾਹੀਂ ਮੁਥੈਆ ਨਾਲ ਸੰਪਰਕ ਕੀਤਾ ਅਤੇ ਮੁਥੈਆ ਨੇ ਸੁੰਦਰੀ ਦਾ ਪਤਾ ਲੱਭ ਲਿਆ।

ਭਰਾ ਪ੍ਰਭੂ (ਸੱਜੇ) ਨਾਲ ਪ੍ਰਕਾਸ਼ਮ ਅਤੇ ਪੱਤਰਕਾਰ ਮੁਥੈਆ (ਖੱਬੇ)

ਤਸਵੀਰ ਸਰੋਤ, Handout

ਤਸਵੀਰ ਕੈਪਸ਼ਨ, ਭਰਾ ਪ੍ਰਭੂ (ਸੱਜੇ) ਨਾਲ ਪ੍ਰਕਾਸ਼ਮ ਅਤੇ ਪੱਤਰਕਾਰ ਮੁਥੈਆ (ਖੱਬੇ)

ਪੰਜਾਬ ਵਿੱਚ ਪੱਤਰਕਾਰਾਂ ਵੱਲੋਂ ਸੁੰਦਰੀ ਨੂੰ ਪੁੱਛੇ ਗਏ ਸਵਾਲਾਂ ਦਾ ਅਨੁਵਾਦ ਚੰਡੀਗੜ੍ਹ ਤਮਿਲ ਸੰਗਮ ਦੇ ਮੈਂਬਰਾਂ ਨੇ ਕੀਤਾ।

ਸੁੰਦਰੀ ਨੇ ਕਿਹਾ, "ਜਦੋਂ ਮੇਰਾ ਪੁੱਤਰ ਸਾਡੇ ਨਾਲ ਸੀ ਤਾਂ ਉਹ ਠੀਕ ਸੀ। ਉਹ ਆਪਣੇ ਛੋਟੇ ਭਰਾ ਨਾਲ ਝਗੜੇ ਤੋਂ ਬਾਅਦ ਘਰ ਛੱਡ ਕੇ ਗਿਆ ਸੀ। ਜਦੋਂ ਮੈਂ ਉਸ ਨੂੰ ਬੰਧੂਆ ਹਾਲਤ ਵਿੱਚ ਦੇਖਿਆ ਤਾਂ ਉਸ ਵਿਅਕਤੀ ਲਈ ਬਹੁਤ ਗੁੱਸਾ ਆਇਆ ਜਿਸ ਨੇ ਉਸ ਨਾਲ ਅਜਿਹਾ ਕੀਤਾ।"

ਉਨ੍ਹਾਂ ਕਿਹਾ, "ਮੇਰੇ ਪਤੀ ਦੀ ਮੌਤ ਤੱਕ ਉਹ ਪੁੱਤਰ ਦੇ ਗੁੰਮ ਹੋਣ ਕਾਰਨ ਦੁਖੀ ਰਹੇ। ਪਰ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਜ਼ਿੰਦਾ ਹੋਵੇਗਾ। ਉਹ ਹਮੇਸ਼ਾ ਕਹਿੰਦੇ ਸਨ ਕਿ ਸੂਰਜ ਰੌਸ਼ਨੀ ਦਾ ਪ੍ਰਤੀਕ ਹੈ ਅਤੇ ਸੂਰਜ ਕਦੇ ਨਹੀਂ ਮਰਦਾ।"

"ਮੈਂ ਵੀ ਉਦੋਂ ਤੱਕ ਇਹ ਵਿਸ਼ਵਾਸ ਕਰਦੀ ਰਹੀ। ਪਰ ਜਦੋਂ ਕੋਰੋਨਾ ਦੌਰਾਨ ਬਹੁਤ ਸਾਰੇ ਲੋਕ ਮਰ ਗਏ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਉਹ ਵੀ ਨਹੀਂ ਰਿਹਾ ਹੋਵੇਗਾ। ਜਦੋਂ ਮੈਨੂੰ ਪਤਾ ਲੱਗਾ ਕਿ ਉਹ ਜ਼ਿੰਦਾ ਹੈ ਤਾਂ ਮੈਨੂੰ ਸਮਝ ਆ ਗਿਆ ਕਿ ਰੱਬ ਨੇ ਉਸ ਨੂੰ ਬਚਾਇਆ ਹੈ।"

ਸੁੰਦਰੀ ਨੇ ਕਿਹਾ, "ਮੈਂ ਆਪਣੇ ਪੁੱਤਰ ਨੂੰ ਪਿੰਡ ਲੈ ਜਾਵਾਂਗੀ ਅਤੇ ਉਸ ਨੂੰ ਚੰਗਾ ਖਾਣਾ ਖੁਆਵਾਂਗੀ। ਜੇਕਰ ਕੋਈ ਕੁੜੀ ਮਿਲੀ ਤਾਂ ਉਸ ਦਾ ਵਿਆਹ ਕਰਵਾ ਦਿਆਂਗੀ। ਨਹੀਂ ਤਾਂ ਆਪਣੀ ਆਖ਼ਰੀ ਸਾਹ ਤੱਕ ਉਸ ਦੀ ਦੇਖਭਾਲ ਕਰਾਂਗੀ। ਜੇਕਰ ਮੁਥੈਆ, ਸੁਭਾਸ਼ ਅਤੇ ਸੇਵਾ ਸੰਸਥਾ ਦੇ ਲੋਕ ਨਾ ਹੁੰਦੇ ਤਾਂ ਮੈਨੂੰ ਆਪਣਾ ਪੁੱਤਰ ਵਾਪਸ ਨਾ ਮਿਲਦਾ। ਮੈਂ ਉਨ੍ਹਾਂ ਸਾਰਿਆਂ ਦੀ ਕਰਜ਼ਦਾਰ ਹਾਂ।"

ਪ੍ਰਕਾਸ਼ਮ ਅਤੇ ਉਨ੍ਹਾਂ ਦੀ ਮਾਂ ਸੁੰਦਰੀ ਨਾਲ ਕੁਝ ਹੋਰ ਲੋਕਾਂ ਦੀ ਤਸਵੀਰ
ਤਸਵੀਰ ਕੈਪਸ਼ਨ, ਪ੍ਰਕਾਸ਼ਮ ਦੀ ਮਾਂ ਮੁਤਾਬਕ ਪੁੱਤਰ ਕਿਸੇ ਗੱਲੋਂ ਨਰਾਜ਼ ਹੋ ਕੇ ਘਰੋਂ ਚਲਾ ਗਿਆ ਸੀ ਅਤੇ ਹੁਣ 23 ਸਾਲਾਂ ਬਾਅਦ ਮਿਲਿਆ

ਪ੍ਰਕਾਸ਼ਮ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁਥੈਆ ਨੇ ਕਿਹਾ ਕਿ ਬੀਬੀਸੀ ਦੀ ਰਿਪੋਰਟ ਉਨ੍ਹਾਂ ਦੀ ਕੋਸ਼ਿਸ਼ਾਂ ਵਿੱਚ ਬਹੁਤ ਮਦਦਗਾਰ ਸਾਬਤ ਹੋਈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਮੁਥੈਆ ਨੇ ਕਿਹਾ, "ਅਸੀਂ ਪ੍ਰਕਾਸ਼ਮ ਦੇ ਪਰਿਵਾਰ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ। ਹੁਣ ਜਦੋਂ ਮਾਂ ਅਤੇ ਪੁੱਤਰ ਦੁਬਾਰਾ ਮਿਲ ਗਏ ਹਨ ਤਾਂ ਮੈਨੂੰ ਬਹੁਤ ਸੰਤੁਸ਼ਟੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵੱਡਾ ਚੰਗਾ ਕੰਮ ਕੀਤਾ ਹੈ।"

ਉਨ੍ਹਾਂ ਕਿਹਾ, "ਰੱਬ ਨੇ ਸਾਨੂੰ ਪ੍ਰਕਾਸ਼ਮ ਅਤੇ ਉਸ ਦੀ ਮਾਂ ਨੂੰ ਮਿਲਾਉਣ ਲਈ ਇੱਕ ਸਾਧਨ ਵਜੋਂ ਵਰਤਿਆ ਹੈ। ਚੰਡੀਗੜ੍ਹ ਤਮਿਲ ਸੰਗਮ ਨੇ ਸਾਡੀ ਬਹੁਤ ਮਦਦ ਕੀਤੀ।"

"ਜਦੋਂ ਸੇਵਾ ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰਕਾਸ਼ਮ ਵਰਗੇ ਕਈ ਬੰਧੂਆ ਮਜ਼ਦੂਰ ਹਨ ਤਾਂ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਉਨ੍ਹਾਂ ਨੇ ਕਿੰਨੇ ਜ਼ੁਲਮ ਸਹੇ ਹਨ। ਬੰਧੂਆ ਮਜ਼ਦੂਰੀ ਤੋਂ ਮੁਕਤ ਦੁਨੀਆ ਬਣਾਉਣ ਲਈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਪ੍ਰਕਾਸ਼ਮ ਵਾਂਗ ਹਰ ਵਿਅਕਤੀ ਨੂੰ ਬਚਾਇਆ ਜਾਣਾ ਚਾਹੀਦਾ ਹੈ।"

ਮਾਂ-ਪੁੱਤਰ ਨੂੰ ਮਿਲਾਉਣ ਵਿੱਚ ਦੋ ਸੂਬਿਆਂ ਦੇ ਆਈਏਐੱਸ ਅਧਿਕਾਰੀਆਂ ਦੀ ਮਦਦ

ਪ੍ਰਕਾਸ਼ਮ

ਤਸਵੀਰ ਸਰੋਤ, Handout

ਤਸਵੀਰ ਕੈਪਸ਼ਨ, ਪ੍ਰਕਾਸ਼ਮ ਨੂੰ ਲੱਭਣ ਵਾਲੀ ਸੰਸਥਾ ਨੇ ਕਿਹਾ ਸੀ ਕਿ ਉਸ ਨੂੰ ਮਾੜੀ ਹਾਲਤ ਵਿੱਚ ਰੱਖਿਆ ਹੋਇਆ ਸੀ

ਚੰਡੀਗੜ੍ਹ ਤਮਿਲ ਸੰਗਮ ਦੇ ਜਨਰਲ ਸਕੱਤਰ ਰਾਜਸ਼ੇਖਰ ਨੇ ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਕਿਹਾ, "ਇਹ ਮਨੁੱਖਤਾ ਦੀ ਜਿੱਤ ਹੈ। ਮੈਨੂੰ ਖੁਸ਼ੀ ਹੈ ਕਿ ਤਮਿਲ ਸੰਗਮ ਇਸ ਕੰਮ ਦਾ ਹਿੱਸਾ ਬਣਿਆ। ਪ੍ਰਕਾਸ਼ਮ ਨੂੰ ਕਾਨੂੰਨੀ ਤੌਰ 'ਤੇ ਉਸ ਦੀ ਮਾਂ ਨਾਲ ਮਿਲਾਉਣ ਵਿੱਚ ਕੋਇੰਬਟੂਰ ਦੇ ਜ਼ਿਲ੍ਹਾ ਕਲੈਕਟਰ ਪਵਨ ਕੁਮਾਰ ਦਾ ਯੋਗਦਾਨ ਬਹੁਤ ਵੱਡਾ ਹੈ।"

ਉਨ੍ਹਾਂ ਕਿਹਾ, "ਜਿਵੇਂ ਹੀ ਸੁੰਦਰੀ ਨੇ ਅਰਜ਼ੀ ਦਿੱਤੀ, ਉਨ੍ਹਾਂ ਨੇ ਤੁਰੰਤ ਇੱਥੇ ਮੌਜੂਦ ਤਮਿਲ ਆਈਏਐੱਸ ਅਧਿਕਾਰੀ ਅਰਵਿੰਦ ਕੁਮਾਰ ਨਾਲ ਗੱਲ ਕੀਤੀ, ਜੋ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਹਨ। ਉਨ੍ਹਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਅਤੇ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੀ ਸਿਫਾਰਸ਼ ਕੀਤੀ।"

ਰਾਜਸ਼ੇਖਰ ਨੇ ਦੱਸਿਆ ਕਿ ਇਸ ਤੋਂ ਬਾਅਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਰਤ ਵਿਭਾਗ ਅਤੇ ਸਮਾਜਿਕ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਅਧਿਕਾਰਕ ਪੱਤਰ ਲਿਖਿਆ, ਜਿਸ ਨਾਲ ਪ੍ਰਕਾਸ਼ਮ ਨੂੰ ਪਰਿਵਾਰ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਤੇਜ਼ ਹੋਈ।

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਸ ਖੇਤ ਮਾਲਕ ਨੇ ਪ੍ਰਕਾਸ਼ਮ ਨੂੰ ਬੰਧੂਆ ਬਣਾ ਕੇ ਰੱਖਿਆ ਸੀ, ਉਸ ਨੇ ਸਾਢੇ ਤਿੰਨ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਲਈ ਸਹਿਮਤੀ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰਕਾਰ ਵੱਲੋਂ ਵੀ ਮੁਆਵਜ਼ਾ ਮਿਲੇਗਾ। ਹਾਲਾਂਕਿ, ਬੀਬੀਸੀ ਇਸ ਮੁਆਵਜ਼ੇ ਨਾਲ ਜੁੜੀ ਜਾਣਕਾਰੀ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ।

ਪੰਜਾਬ ਵਿੱਚ ਮਿਲੇ ਲਾਪਤਾ ਪੁੱਤਰ ਨੂੰ ਮਿਲੀ ਮਾਂ
ਤਸਵੀਰ ਕੈਪਸ਼ਨ, ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਸੁੰਦਰੀ ਅਤੇ ਉਨ੍ਹਾਂ ਦਾ ਪੁੱਤਰ ਪ੍ਰਕਾਸ਼ਮ

25 ਜੁਲਾਈ ਨੂੰ ਜਦੋਂ ਸੁੰਦਰੀ ਆਪਣੇ ਪੁੱਤਰ ਨੂੰ ਮਿਲਣ ਲਈ ਕੋਇੰਬਟੂਰ ਰੇਲਵੇ ਸਟੇਸ਼ਨ ਤੋਂ ਪੰਜਾਬ ਲਈ ਰਵਾਨਾ ਹੋਈ ਸੀ ਤਾਂ ਬੀਬੀਸੀ ਤਮਿਲ ਨੇ ਉਸ ਨਾਲ ਗੱਲ ਕੀਤੀ ਸੀ।

ਉਸ ਸਮੇਂ ਸੁੰਦਰੀ ਨੇ ਕਿਹਾ ਸੀ, "ਮੈਂ ਆਪਣੇ ਪੁੱਤਰ ਨੂੰ ਦੇਖਣ ਲਈ ਬੇਚੈਨ ਹਾਂ। ਮੈਂ ਕਦੇ ਇੰਨੀ ਲੰਬੀ ਰੇਲ ਯਾਤਰਾ ਨਹੀਂ ਕੀਤੀ। ਪਰ ਇਸ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਮੈਂ ਆਪਣੇ ਪੁੱਤਰ ਨੂੰ ਵਾਪਸ ਲੈਣ ਜਾ ਰਹੀ ਹਾਂ।"

ਪ੍ਰਕਾਸ਼ਮ ਨੂੰ ਮਿਲਣ ਤੋਂ ਬਾਅਦ ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਸੁੰਦਰੀ ਨੇ ਕਿਹਾ, "ਮੈਂ ਆਪਣੇ ਪੁੱਤਰ ਨੂੰ ਦੇਖ ਲਿਆ ਹੈ। ਮੈਂ ਬਹੁਤ ਖੁਸ਼ ਹਾਂ। ਇਹ ਮਹਿਸੂਸ ਹੋ ਰਿਹਾ ਹੈ ਜਿਵੇਂ ਮੇਰਾ ਦੁਬਾਰਾ ਜਨਮ ਹੋਇਆ ਹੈ। ਉਹ ਅਜੇ ਵੀ ਉਹੀ ਹੈ ਜਿਵੇਂ ਮੈਂ ਉਸ ਨੂੰ 23 ਸਾਲ ਪਹਿਲਾਂ ਦੇਖਿਆ ਸੀ। ਮੈਨੂੰ ਚਿੰਤਾ ਸੀ ਕਿ ਉਹ ਤਮਿਲ ਬੋਲੇਗਾ ਜਾਂ ਨਹੀਂ, ਪਰ ਉਸ ਨੇ ਮੇਰੇ ਨਾਲ ਬਹੁਤ ਚੰਗੀ ਤਰ੍ਹਾਂ ਤਮਿਲ ਵਿੱਚ ਗੱਲ ਕੀਤੀ।"

ਉਨ੍ਹਾਂ ਕਿਹਾ, "ਉਸ ਨੇ ਕਿਹਾ ਹੈ ਕਿ ਉਹ ਹੁਣ ਮੈਨੂੰ ਕਦੇ ਨਹੀਂ ਛੱਡੇਗਾ। ਮੇਰੀਆਂ ਧੀਆਂ (ਸੁੰਦਰੀ ਦੀਆਂ ਭੈਣਾਂ ਦੀਆਂ ਧੀਆਂ) ਵੀ ਮੇਰੇ ਨਾਲੋਂ ਵੱਧ ਉਤਸ਼ਾਹਿਤ ਹਨ ਕਿ ਉਹ ਮੇਰੇ ਪੁੱਤਰ ਨੂੰ ਮਿਲਣ। ਅਸੀਂ ਉਸ ਨੂੰ ਪਿੰਡ ਲੈ ਕੇ ਜਾਣਾ ਹੈ। ਮੇਰੇ ਪੁੱਤਰ ਨੇ ਬਹੁਤ ਦੁੱਖ ਸਹੇ ਹਨ। ਹੁਣ ਮੇਰਾ ਇਕੋ ਕੰਮ ਹੈ ਕਿ ਮੈਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂ।"

ਜਦੋਂ ਬੀਬੀਸੀ ਤਮਿਲ ਨੇ ਪ੍ਰਕਾਸ਼ਮ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਅਜੇ ਆਮ ਤਰੀਕੇ ਨਾਲ ਗੱਲ ਨਹੀਂ ਕਰ ਸਕਦਾ। ਪ੍ਰਕਾਸ਼ਮ ਨੇ ਸਿਰਫ਼ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, "ਮੈਂ ਆਪਣੀ ਮਾਂ ਨੂੰ ਦੇਖ ਲਿਆ ਹੈ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਨਹੀਂ ਸੋਚਿਆ ਸੀ ਕਿ ਮੈਂ ਦੁਬਾਰਾ ਆਪਣੇ ਪਰਿਵਾਰ ਨੂੰ ਮਿਲ ਸਕਾਂਗਾ। ਮੈਂ ਕੋਇੰਬਟੂਰ ਆ ਰਿਹਾ ਹਾਂ। ਉੱਥੇ ਆ ਕੇ ਗੱਲ ਕਰਾਂਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)